ਪ੍ਰਾਇਮਰੀ ਸਕੂਲ ਜਿਮਨਾਸਟਿਕ ਖੇਡਾਂ ਦੇ ਜੇਤੂਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਦਸੰਬਰ
ਪੰਜਾਬ ਰਾਜ ਪ੍ਰਾਇਮਰੀ ਸਕੂਲ ਜਿਮਨਾਸਟਿਕ ਖੇਡਾਂ ਦੇ ਅੰਡਰ-11 ਵਰਗ ਵਿੱਚ ਦੂਜੀ ਵਾਰ ਚੈਂਪੀਅਨਸ਼ਿਪ ਜਿੱਤਣ ਵਾਲੇ ਖ਼ਿਡਾਰੀਆਂ ਦੇ ਸਨਮਾਨ ਵਿੱਚ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਤੇ ਕੋਆਰਡੀਨੇਟਰ ਨਰੇਸ਼ ਸੈਣੀ ਨੇ ਖਿਡਾਰੀਆਂ ਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਖਿਡਾਰੀਆਂ ਨੂੰ ਤਿਆਰੀ ਕਰਵਾਉਣ ਵਾਲੇ ਕੋਚਾਂ ਹਰਚੰਦ ਸਿੰਘ ,ਗੁਰਪ੍ਰੀਤ ਸਿੰਘ ਅਤੇ ਦਿਨੇਸ਼ ਕੁਮਾਰ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਹਰਚੰਦ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਅਤੇ ਅੰਡਰ 19 , ਅੰਡਰ 17 , ਅੰਡਰ 14 ਅਤੇ ਅੰਡਰ 11 ਵਿੱਚ ਮੈਡਲ ਹਾਸਿਲ ਕੀਤੇ ਹਨ। ਜ਼ਿਲ੍ਹਾ ਸੰਗਰੂਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੰਡਰ-11 ਵਿੱਚ ਚੈਂਪੀਅਨ ਰਿਹਾ ਹੈ। ਇਸ ਵਿੱਚ ਹਰਪ੍ਰਤਾਪ ਸਿੰਘ ਨੇ ਸੋਨੇ ਦੇ ਚਾਰ ਤਗਮੇ, ਸ਼ਪਰਸ਼ਜੋਤ ਸਿੰਘ ਨੇ ਇੱਕ ਸੋਨੇ ਦਾ ਅਤੇ ਦੋ ਕਾਂਸੀ ਦੇ ਤਗਮੇ, ਆਹਿਲ ਸਿੰਘ ਧਾਲੀਵਾਲ ਨੇ ਇੱਕ ਸੋਨੇ ਦਾ ਅਤੇ ਇੱਕ ਕਾਂਸੀ ਦਾ ਤਗਮਾ ਅਤੇ ਹਿਮਾਨੀ ਨੇ ਇੱਕ ਕਾਂਸ਼ੀ ਦਾ ਤਮਗਾ ਜਿੱਤਿਆ। ਸੀਨੀਅਰ ਵਰਗ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਹੀਤਪ੍ਰੀਤ ਨੇ ਸੋਨੇ ਦੇ 5 ਤਗਮੇ, ਜਗਸੀਰ ਸਿੰਘ ਨੇ ਇੱਕ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਖੇਡ ਕੋਆਰਡੀਨੇਟਰ ਨਰੇਸ਼ ਸੈਣੀ ਵੱਲੋਂ ਖਿਡਾਰੀਆਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਆਪਣੇ ਹੋਰ ਸਾਥੀਆਂ ਨੂੰ ਵੀ ਜੋੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਜਿਮਨਾਸਟਿਕ ਕੋਚ ਹਰਚੰਦ ਸਿੰਘ, ਡੀ ਪੀ ਈ ਗੁਰਪ੍ਰੀਤ ਸਿੰਘ ਅਤੇ ਸ੍ਰੀ ਦਿਨੇਸ਼ ਕੁਮਾਰ ਬਡਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।