ਅੰਤਰ-ਆਈਟੀਆਈ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਤਕਨੀਕੀ ਸਿੱਖਿਆ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਅੰਤਰ-ਆਈਟੀਆਈ ਮੁਕਾਬਲਿਆਂ ਸਕਿਲ-ਏ-ਥੌਨ ਦੇ ਜੇਤੂਆਂ ਦਾ ਸਨਮਾਨ ਕੀਤਾ ਹੈ ਤੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਤਿੰਨ-ਰੋਜ਼ਾ ਮੁਕਾਬਲਾ ਸਿਖਲਾਈ ਤੇ ਤਕਨੀਕੀ ਸਿੱਖਿਆ ਡਾਇਰੈਕਟੋਰੇਟ (ਡੀਟੀਟੀਈ) ਵੱਲੋਂ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਤੇ ਆਈਟੀਆਈ ਦੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦੇਣਾ ਹੈ। ਤਿੰਨ ਦਿਨਾਂ ਸਮਾਗਮ ਵਿੱਚ ਵਿਦਿਆਰਥੀਆਂ ਨੇ ਬਿਲਡਿੰਗ ਤੇ ਕੰਸਟਰਕਸ਼ਨ ਟੈਕਨਾਲੋਜੀ, ਕ੍ਰਿਏਟਿਵ ਆਰਟ ਐਂਡ ਫੈਸ਼ਨ, ਮੈਨੂਫੈਕਚਰਿੰਗ ਤੇ ਇੰਜਨੀਅਰਿੰਗ ਟੈਕਨਾਲੋਜੀ, ਸੂਚਨਾ ਅਤੇ ਸੰਚਾਰ ਟੈਕਨਾਲੋਜੀ, ਆਟੋਮੋਬਾਈਲ ਵਰਗੇ ਖੇਤਰਾਂ ਵਿੱਚ ਅਸਲ ਚੁਣੌਤੀਆਂ ਨੂੰ ਸੰਬੋਧਿਤ ਕਰਨ ਵਾਲੇ ਨਵੀਨਕਾਰੀ ਮਾਡਲਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਪਗ੍ਰੇਡ ਕੀਤੇ ਉਦਯੋਗ ਸੁਰੱਖਿਆ ਪ੍ਰਣਾਲੀ ਤੋਂ ਕੂੜਾ ਪ੍ਰਬੰਧਨ ਤੋਂ ਲੈ ਕੇ ਟੇਸਲਾ ਵਰਗੀ ਸਵੈ-ਚਾਰਜਿੰਗ ਕਾਰ , ਸੂਰਜ ਦੀ ਦਿਸ਼ਾ ਵਿੱਚ ਆਪਣੇ ਆਪ ਘੁੰਮਣ ਵਾਲੇ ਸੋਲਰ ਪੈਨਲਦਾ ਪ੍ਰਦਰਸ਼ਨ ਕੀਤਾ ਤੇ ਆਈਟੀਆਈ ਦੇ ਵਿਦਿਆਰਥੀਆਂ ਨੇ ਹਰ ਪ੍ਰਾਜੈਕਟ ਵਿੱਚ ‘ਅਸੀਂ ਕਿਸੇ ਤੋਂ ਘੱਟ ਨਹੀਂ’ ਦਿਖਾਇਆ। ਆਤਿਸ਼ੀ ਨੇ ਕਿਹਾ ਕਿ ਸਕਿੱਲ-ਏ-ਥੌਨ ਨੇ ਆਈਟੀਆਈ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਤੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਆਈਟੀ ਆਈਜ਼ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਆਧਾਰ ’ਤੇ ਸ਼ਾਨਦਾਰ ਮਾਡਲ ਤਿਆਰ ਕੀਤੇ ਹਨ, ਉਨ੍ਹਾਂ ਨੂੰ ਚੋਟੀ ਦੇ ਸਟਾਰਟ-ਅੱਪਸ ਵਿੱਚ ਤਬਦੀਲ ਕਰਨਾ ਸਾਡੀ ਜ਼ਿੰਮੇਵਾਰੀ ਹੈ।