ਓਵਰਆਲ ਟਰਾਫੀ ਨਾਲ ਕਾਲਜ ਪੁੱਜੇ ਵਿਦਿਆਰਥੀਆਂ ਦਾ ਸਨਮਾਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਖੇਤਰੀ ਯੁਵਕ ਮੇਲੇ ਵਿੱਚੋਂ ਓਵਰਆਲ ਟਰਾਫੀ ਜਿੱਤ ਕੇ ਕਾਲਜ ਪੁੱਜਣ ’ਤੇ ਖਾਲਸਾ ਕਾਲਜ ਪਟਿਆਲਾ ਦੀਆਂ ਵੱਖ-ਵੱਖ ਟੀਮਾ ਦਾ ਵਿਦਿਆਰਥੀਆਂ ਅਤੇ ਸਟਾਫ਼ ਨੇ ਭਰਵਾਂ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਹ ਦੱਸਿਆ ਕਿ ਖਾਲਸਾ ਕਾਲਜ ਦੇ ਵਿਦਿਆਰਥੀ ਕਲਾਕਾਰਾਂ ਦਾ ਪ੍ਰਦਰਸ਼ਨ ਇਸ ਕਦਰ ਬਿਹਤਰ ਰਿਹਾ ਕਿ ਇਸ ਯੁਵਕ ਮੇਲੇ ਦੌਰਾਨ ਓਵਰਆਲ ਟਰਾਫੀ ਹੀ ਖਾਲਸਾ ਕਾਲਜ ਨੇ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਕਾਲਜ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ। ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਸੰਦੇਸ਼ ਭੇਜ ਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਸਣੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਉਪਲਬਧੀ ਲਈ ਵਧਾਈ ਦਿੱਤੀ ਹੈ। ਸ੍ਰੀ ਧਾਮੀ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੋਹਰੀ ਰੋਲ ਅਦਾ ਕਰ ਰਹੀਆਂ ਹਨ।
ਇਸੇ ਦੌਰਾਨ ਪ੍ਰਿੰਸੀਪਾਲ ਧਰਮਿੰਦਰ ਉੱਭਾ ਨੇ ਦੱਸਿਆ ਕਿ ਸੰਗੀਤ ਅਤੇ ਡਾਂਸ ਦੀਆਂ ਓਵਰਆਲ ਟਰਾਫੀਆਂ ਵੀ ਖਾਲਸਾ ਕਾਲਜ ਦੇ ਹਿੱਸੇ ਆਈਆਂ ਹਨ। ਉਨ੍ਹਾਂ ਦਸਿਆ ਕਿ ਖ਼ਾਲਸਾ ਕਾਲਜ ਨੇ ਗੀਤ/ਗਜ਼ਲ, ਭਾਰਤੀ ਸਮੂਹ ਗੀਤ, ਲੋਕ ਗੀਤ, ਪ੍ਰਕਾਸ਼ਨ, ਮੌਕੇ ’ਤੇ ਚਿੱਤਰਕਾਰੀ, ਕਲਾਸੀਕਲ ਡਾਂਸ, ਭੰਗੜਾ ਅਤੇ ਪੱਛਮੀ ਸਮੂਹ ਗੀਤ ’ਚ ਪਹਿਲੀਆਂ ਪੁਜੀਸ਼ਨ ਪ੍ਰਾਪਤ ਕੀਤੀਆਂ। ਸਕਿੱਟ, ਸਮੂਹ ਸ਼ਬਦ ਗਾਇਨ, ਕਵਿਤਾ ਉਚਾਰਨ ਅਤੇ ਕੋਲਾਜ ਵਿੱਚ ਦੂਸਰੀ ਪੁਜੀਸ਼ਨ ਜਦਕਿ ਮਮਿਕਰੀ, ਰੰਗੋਲੀ, ਕਲੇ-ਮਾਡਲਿੰਗ ਵਿੱਚ ਤੀਜੀਆਂ ਪੁਜੀਸ਼ਨਾ ਪ੍ਰਾਪਤ ਕੀਤੀਆਂ ਹਨ। ਉਧਰ ਸ਼੍ਰੋਮਣੀ ਕਮੇਟੀ ਦੇ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਨੇ ਵਧਾਈ ਦਿਤੀ ਹੈ।