ਰਾਜੌਰੀ ਗਾਰਡਨ ਗੁਰਦੁਆਰੇ ਦੇ ਪ੍ਰਧਾਨ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੂੰ ਇੱਕ ਗੈਰ ਸਿੱਖ ਸੰਸਥਾ ਇੰਡੀਅਨ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੀਆਂ ਮਨੁੱਖਤਾ ਸੇਵਾ ਦੇ ਕਾਰਜਾਂ ਲਈ ਨੈਸ਼ਨਲ ਗੌਰਵ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰੇ ਦੇ ਖਜ਼ਾਨਚੀ ਪ੍ਰੀਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਮਨਜੀਤ ਸਿੰਘ ਨੇ ਪ੍ਰਧਾਨ ਵਜੋਂ ਲੰਬੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕੀਤੀ ਹੈ, ਜਿਸ ਕਾਰਨ ਸਿੱਖਾਂ ਦੇ ਨਾਲ ਨਾਲ ਗੈਰ ਸਿੱਖਾਂ ਵਿਚ ਵੀ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੀ ਵੱਖਰੀਖ ਪਛਾਣ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਦੂਰ-ਦੂਰ ਤੋਂ ਗੁਰਦੁਆਰੇ ਵਿੱਚ ਚੱਲ ਰਹੀਆਂ ਸੇਵਾਵਾਂ ਦਾ ਲਾਭ ਉਠਾਉਣ ਆ ਰਹੇ ਹਨ। ਪ੍ਰੀਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਇੱਕ ਵੱਡੀ ਡਿਸਪੈਂਸਰੀ ਚਲਾਈ ਜਾ ਰਹੀ ਹੈ, ਜਿਸ ਵਿੱਚ ਮੈਮੋਗ੍ਰਾਫੀ, ਕੀਮੋਥੈਰੇਪੀ, ਡਾਇਲਿਸਿਸ, ਦੰਦਾਂ ਦਾ ਇਲਾਜ ਅਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਦਾ ਇਲਾਜ ਸਿਰਫ ਨਾਮਮਾਤਰ ਕੀਮਤ ’ਤੇ ਕੀਤਾ ਜਾਂਦਾ ਹੈ। ਇਸ ਦਾ ਲਾਪ ਕਾਫੀ ਲੋਕ ਉਠਾ ਰਹੇ ਹਨ।