ਹਡਾਣਾ ਵੱਲੋਂ ਨਵੇਂ ਚੇਅਰਮੈਨਾਂ ਤੇ ਡਾਇਰੈਕਟਰਾਂ ਦਾ ਸਨਮਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 7 ਦਸੰਬਰ
‘ਆਪ’ ਸਰਕਾਰ ਵੱਲੋਂ ਵੱਖ ਵੱਖ ਮਹਿਕਮਿਆਂ ਦੇ ਹਾਲ ਹੀ ’ਚ ਨਵੇਂ ਬਣਾਏ ਗਏ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰਾਂ ਤੇ ਮੈਂਬਰਾਂ ਦਾ ਪੀਆਰਟੀਸੀ ਦੇ ਚੇਅਰਮੈਨ ਅਤੇ ‘ਆਪ’ ਦੇ ਸੂਬਾਈ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਇੱਥੇ ਆਪਣੇ ਦਫਤਰ ਵਿੱਚ ਸਨਮਾਨ ਕੀਤਾ। ਇਸ ਦੌਰਾਨ ਸ੍ਰੀ ਹਡਾਣਾ ਨੇ ਇਨ੍ਹਾਂ ‘ਆਪ’ ਆਗੂਆਂ ਨੂੰ ਵੱਖ ਵੱੱਖ ਅਹੁਦੇ ਦੇ ਕੇ ਨਿਵਾਜਣ ’ਤੇ ਪੰਜਾਬ ਸਰਕਾਰ ਦੀ ਧੰਨਵਾਦ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ 70 ਸਾਲਾਂ ਤੋਂ ਅਜਿਹੇ ਅਹੁਦੇ ਕੇਵਲ ਸੱਤਾਧਾਰੀ ਆਗੂਆਂ ਦੇ ਭਾਈ ਭਤੀਜਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਕੋਲ ਹੀ ਜਾਂਦੇ ਰਹੇ ਹਨ ਪਰ ‘ਆਪ’ ਸਰਕਾਰ ਨੇ ਇਨ੍ਹਾਂ ਵੱਕਾਰੀ ਅਹੁਦਿਆਂ ਦਾ ਤਾਜ ‘ਆਪ’ ਵਰਕਰਾਂ ਦੇ ਸਿਰ ਸਜਾਇਆ ਹੈ। ਇਸ ਕਾਰਨ ਪਾਰਟੀ ਦਾ ਗ੍ਰਾਫ ਪਹਿਲਾਂ ਨਾਲੋਂ ਕਿਤੇ ਦੁੱਗਣਾ ਹੋਇਆ ਹੈ। ਹਡਾਣਾ ਨੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਨਗਰ ਨਿਗਮ, ਪੰਚਾਇਤੀ ਅਤੇ ਖਾਸ ਕਰਕੇ ਲੋਕ ਸਭਾ ਚੋਣਾਂ ਦੌਰਾਨ ਵੀ ਚੰਗਾ ਪ੍ਰਭਾਵ ਪਵੇਗਾ। ਹਡਾਣਾ ਵੱਲੋਂ ਸਨਮਾਨੇ ਗਏ ਇਨ੍ਹਾਂ ‘ਆਪ’ ਆਗੂਆਂ ’ਚ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸ ਕਾਰਪੋਰੇਸ਼ਨ ਦੇ ਸੂਬਾਈ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਡਾਇਰੈਕਟਰ ਤੇਜਿੰਦਰ ਮਹਿਤਾ, ਪੰਜਾਬ ਐਗਰੀ ਐਕਸਪੋਰਸਟ ਕਾਰਪੋਰੇਸ਼ਨ ਪੰਜਾਬ ਦੇ ਡਾਇਰੈਕਟਰ ਜਰਨੈਲ ਮਨੂੰ, ਐੱਸ ਐਸ ਬੋਰਡ ਪੰਜਾਬ ਦੇ ਮੈਂਬਰ ਗੁੰਜਨ ਚੱਢਾ, ਲੇਬਰ ਬੋਰਡ ਪੰੰਜਾਬ ਦੇ ਮੈਂਬਰ ਰਾਮ ਈਸ਼ਰ ਸਿੰਘ ਭਗਤ ਅਤੇ ਵਕਫ਼ ਬੋਰਡ ਪੰਜਾਬ ਦੇ ਮੈਂਬਰ ਬਹਾਦੁਰ ਖਾਨ ਸ਼ੁਤਰਾਣਾ ਆਦਿ ਸ਼ਾਮਲ ਹਨ।