ਰਾਸ਼ਟਰਪਤੀ ਵੱਲੋਂ ਕੌਮੀ ਫਿਲਮ ਐਵਾਰਡ ਜੇਤੂਆਂ ਦਾ ਸਨਮਾਨ
ਨਵੀਂ ਦਿੱਲੀ, 8 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਬੌਲੀਵੁੱਡ ਦੇ ਉੱਘੇ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ। ਇਸ ਤੋਂ ਇਲਾਵਾ ਉਨ੍ਹਾਂ 70ਵੇਂ ਕੌਮੀ ਫਿਲਮ ਐਵਾਰਡ ਜੇਤੂਆਂ ਦਾ ਵੀ ਸਨਮਾਨ ਕੀਤਾ ਜਿਸ ਵਿਚ ਉੱਘੇ ਸੰਗੀਤਕਾਰ ਏ ਆਰ ਰਹਿਮਾਨ, ਰਿਸ਼ਭ ਸ਼ੈੱਟੀ, ਨਿਥਿਆ ਮੈਨਨ ਤੇ ਮਾਨਸੀ ਪਾਰੇਖ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਿਨੇਮਾ ਵਿੱਚ ਸਾਲ 2022 ਲਈ ਸਰਵੋਤਮ ਪੁਰਸਕਾਰਾਂ ਦਾ ਐਲਾਨ ਅਗਸਤ ਵਿੱਚ ਕੀਤਾ ਗਿਆ ਸੀ। ਇੱਥੇ ਵਿਗਿਆਨ ਭਵਨ ਵਿੱਚ ਕਰਵਾਏ ਸਮਾਗਮ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤੀ ਸਿਨੇਮਾ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਉਦਯੋਗ ਹੈ ਕਿਉਂਕਿ ਇਹ ਕਈ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਫਿਲਮਾਂ ਦਾ ਨਿਰਮਾਣ ਕਰਦਾ ਹੈ। ਇਹ ਕਲਾ ਦੇ ਖੇਤਰ ਵਿੱਚ ਸਭ ਤੋਂ ਵੱਖਰਾ ਖੇਤਰ ਵੀ ਹੈ। ਉਨ੍ਹਾਂ ਕਿਹਾ ਕਿ ਅੱਜ 85 ਸ਼ਖਸੀਅਤਾਂ ਨੂੰ ਸਨਮਾਨਿਆ ਗਿਆ ਹੈ ਪਰ ਉਨ੍ਹਾਂ ਵਿਚੋਂ ਸਿਰਫ 15 ਔਰਤਾਂ ਹਨ, ਇਸ ਕਰ ਕੇ ਫਿਲਮ ਸਨਅਤ ਵਿੱਚ ਔਰਤਾਂ ਦੀ ਭਾਗਦਾਰੀ ਵਧਾਉਣ ਤੇ ਔਰਤਾਂ ਦੇ ਵਿਕਾਸ ਲਈ ਹੋਰ ਯਤਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਸਮਾਜ ਵਿਚ ਤਬਦੀਲੀ ਲਿਆਉਣ ਲਈ ਫਿਲਮਾਂ ਅਤੇ ਸੋਸ਼ਲ ਮੀਡੀਆ ਵਧੀਆ ਸਾਧਨ ਹਨ।’ ਉਨ੍ਹਾਂ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ ’ਤੇ ਵੀ ਵਧਾਈ ਦਿੱਤੀ। ਮਿਥੁਨ ਨੇ ਕਿਹਾ ਕਿ ਇਹ ਐਵਾਰਡ ਹਾਸਲ ਕਰਨ ਲਈ ਉਸ ਨੂੰ ਖਾਸਾ ਸੰਘਰਸ਼ ਕਰਨਾ ਪਿਆ। ਉਸ ਨੇ ਐਵਾਰਡ ਮਿਲਣ ’ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਪੀਟੀਆਈ