ਆਦਰਸ਼ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਅਪਰੈਲ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਵਿਚ ਆਦਰਸ਼ ਸਾਲਾਨਾ ਪ੍ਰਤਿਭਾ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਾਹਬਾਦ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਧਾਨਗੀ ਸਹਾਇਕ ਪ੍ਰਿੰਸੀਪਲ ਮਨਿੰਦਰ ਸਿੰਘ ਨੇ ਕੀਤੀ। ਸੁਦੇਸ਼ ਬਾਂਸਲ ਯਮੁਨਾਨਗਰ ਤੋਂ ਵਿਸ਼ੇਸ਼ ਮਹਿਮਾਨ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਸੈਣੀ, ਪ੍ਰਿੰਸੀਪਲ ਰੌਬਿਨ ਕੁਮਾਰ ਤੇ ਮੀਤ ਪ੍ਰਿੰਸੀਪਲ ਅਨੀਤਾ ਹਾਂਡਾ ਨੇ ਮਾਂ ਸਰਸਵਤੀ ਦੀ ਮੂਰਤੀ ’ਤੇ ਫੁੱਲ ਚੜ੍ਹਾ ਦੀਪ ਜਗਾ ਕੇ ਕੀਤੀ। ਐੱਨਸੀਸੀ ਦੇ ਵਿਦਿਆਰਥੀਆਂ ਦੀ ਟੁੱਕੜੀ ਨੇ ਮਾਰਚ ਪਾਸਟ ਕੀਤਾ। ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਕਸ਼ਮੀਰੀ ਡਾਂਸ, ਕੱਵਾਲੀ, ਭੰਗੜਾ ਆਦਿ ਦੇਸ਼ ਭਗਤੀ ’ਤੇ ਆਧਾਰਿਤ ਪ੍ਰੋਗਰਾਮ ਪੇਸ਼ ਕਰ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਘੁੰਮਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਲਈ ਮਾਪਿਆਂ ਦੇ ਨਾਲ-ਨਾਲ ਅਧਿਆਪਕ ਤੇ ਸਿੱਖਿਆ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਨੇ ਆਧੁਨਿਕ ਤੇ ਨਵੀਂ ਸਿੱਖਿਆ ਨੀਤੀ ਤਹਿਤ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਬੱਚਿਆਂ ਨੂੰ ਆਪਣਾ ਟੀਚਾ ਨਿਰਧਾਰਤ ਕਰ ਕੇ ਪੜ੍ਹਾਈ ਵਿਚ ਮੁਕਾਮ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਡਾ. ਘੁੰਮਣ ਨੇ ਕਿਹਾ ਕਿ ਆਧੁਨਿਕ ਉਪਕਰਨਾਂ ਰਾਹੀਂ ਸਿੱਖਿਆ ਕਾਰਨ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿਚ ਬੁਨਿਆਦੀ ਤਬਦੀਲੀ ਆਈ ਹੈ, ਬੱਚੇ ਕੋਈ ਚੀਜ ਦੇਖ ਜਾਂ ਸੁਣ ਕੇ ਪੜ੍ਹਦੇ ਹਨ ਤਾਂ ਉਸ ਦੇ ਨਤੀਜੇ ਚੰਗੇ ਆਉਂਦੇ ਹਨ।
ਸਕੂਲ ਦੇ ਪ੍ਰਬੰਧਕ ਸੋਹਨ ਲਾਲ ਸੈਣੀ ਨੇ ਕਿਹਾ ਕਿ ਸਕੂਲ ਦੇ ਚੰਗੇ ਤੇ ਮਾਹਿਰ ਸਟਾਫ ਦੀ ਸਖਤ ਮਿਹਨਤ ਦੀ ਬਦੌਲਤ ਸਕੂਲ ਦਾ ਨਤੀਜਾ ਹਰ ਸਾਲ ਬਿਹਤਰੀਨ ਆਉਂਦਾ ਹੈ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਗੌਰਵਮਈ ਪ੍ਰੀਖਿਆ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ। ਪੜ੍ਹਾਈ ਤੇ ਹੋਰ ਗਤੀਵਿਧੀਆਂ ਵਿਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।