ਜੂਡੋ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਖਿਡਾਰਨ ਦਾ ਸਨਮਾਨ
ਪੱਤਰ ਪ੍ਰੇਰਕ
ਪਾਤੜਾਂ, 31 ਜੁਲਾਈ
ਪਿੰਡ ਮਤੌਲੀ ਦੇ ਮਜ਼ਦੂਰ ਪਰਿਵਾਰ ਦੀ ਧੀ ਮਾਇਆ ਦਾ ਕੌਮਾਂਤਰੀ ਜੂਡੋ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਪਿੰਡ ਪਰਤਣ ’ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਖਿਡਾਰਨ ਮਾਇਆ ਦੀ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ ਇਲਾਕੇ ਦੀ ਧੀ ਨੂੰ ਖੇਡਣ ਸਮੇਂ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਖਿਡਾਰਨ ਦਾ ਸਨਮਾਨ ਕਰਦਿਆਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਵੀ ਦਿੱਤਾ। ਜੂਡੋ ਖਿਡਾਰਨ ਮਾਇਆ ਦੇ ਕੋਚ ਦਵਿੰਦਰ ਸਿੰਘ ਤੇਈਪੁਰ ਨੇ ਦੱਸਿਆ ਕਿ ਮਾਲਟਾ (ਯੂਰਪ) ਵਿੱਚ ਹੋਈਆਂ ਜੂਨੀਅਰ ਕਾਮਨਵੈਲਥ ਖੇਡਾਂ ਵਿਚ 17 ਸਾਲ ਦੀ ਮਾਇਆ ਨੇ ਵੱਖ-ਵੱਖ ਦੇਸ਼ਾਂ ਦੀਆਂ ਖਿਡਾਰਨਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਜੂਡੋ ਖਿਡਾਰਨ ਦੇ ਪਿਤਾ ਸੁੱਖੂ ਰਾਮ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਮਾਇਆ ਨੇ ਕਿਹਾ ਕਿ ਉਨ੍ਹਾਂ ਕੋਲ ਜਹਾਜ਼ ਦੀ ਟਿਕਟ ਖ਼ਰੀਦਣ ਲਈ ਪੈਸੇ ਨਾ ਹੋਣ ਕਰਕੇ ਉਨ੍ਹਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਟਿਕਟ ਸਮੇਤ ਹਰ ਤਰ੍ਹਾਂ ਦਾ ਖਰਚਾ ਆਪਣੇ ਵਲੋਂ ਨਿੱਜੀ ਤੌਰ ’ਤੇ ਦਿੱਤਾ। ਉਨ੍ਹਾਂ ਦੀ ਬਦੌਲਤ ਉਹ ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈ ਕੇ ਸੋਨੇ ਦਾ ਤਗਮਾ ਜਿੱਤਣ ਵਿੱਚ ਸਫਲ ਹੋਈ ਹੈ।