ਸ਼ਹੀਦ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਨਮਾਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਇੱਥੇ ਅੱਜ ਪੰਜਾਬ ਪੁਲੀਸ ਦੇ ਸ਼ਹੀਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਇਹ ਸਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਸ਼ਰਧਾਂਜਲੀ ਸਮਾਗਮ ਦੌਰਾਨ ਅੱਜ ਇੱਥੇ ਪਹਿਲੀ ਵਾਰ ਖ਼ੂਨਦਾਨ ਕੈਂਪ ਵੀ ਲਾਇਆ ਗਿਆ। ਇਸ ਦੌਰਾਨ 82 ਪੁਲੀਸ ਮੁਲਾਜ਼ਮਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਦੇਸ਼ ਕੌਮ ਅਤੇ ਲੋਕਾਂ ਦੀ ਖਾਤਰ ਆਪਣਾ ਖੂਨ ਡੋਲ੍ਹਣ ਵਾਲੇ ਸੂਰਬੀਰ ਯੋਧਿਆਂ ਦੀ ਯਾਦ ’ਚ ਇਥੇ ਹੋਣ ਵਾਲੇ ਸਾਲਾਨਾ ਸ਼ਰਧਾਂਜਲੀ ਸਮਾਰੋਹ ਦੌਰਾਨ ਹਰ ਵਾਰ ਖੂਨਦਾਨ ਕੈਂਪ ਲਾਇਆ ਜਾਇਆ ਕਰੇਗਾ। ਇਸ ਦੌਰਾਨ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਖ਼ੂਨਦਾਨ ਕਰਨ ਵਾਲਿਆਂ ਵਿੱਚ ਅਜੇ ਕੁਝ ਦਿਨ ਪਹਿਲਾਂ ਹੀ ਐੱਸਪੀ ਬਣੇ ਰਾਜੇਸ਼ ਕੁਮਾਰ ਛਿੱਬੜ ਸਣੇ ਇੰਸਪੈਕਟਰ ਭਗਵਾਨ ਸਿੰਘ ਲਾਡੀ ਤੇ ਹਰਜੀਤ ਸਿੰਘ, ਸਮਾਜ ਸੇਵੀ ਪਰਮਿੰਦਰ ਭਲਵਾਨ ਆਦਿ ਦੇ ਨਾਮ ਵੀ ਸ਼ਾਮਲ ਹਨ। ਸਮਾਗਮ ਦੌਰਾਨ ਸ਼ਹੀਦ ਬਲਦੇਵ ਬਰਾੜ ਤੇ ਆਰਪੀਐੱਸ ਤੇਜਾ (ਦੋਵੇਂ ਐੱਸਪੀ) ਸਣੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪੁਲੀਸ ਅਧਿਕਾਰੀਆਂ ਮਨਦੀਪ ਸਿੱਧੂ ਤੇ ਡਾ. ਨਾਨਕ ਸਿੰਘ ਨੇ ਇਨ੍ਹਾਂ ਸਮੂਹ ਸ਼ਹੀਦ ਪਰਿਵਾਰਾਂ ਦੇ ਹਰੇਕ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦਾ ਅਹਿਦ ਮੁੜ ਦੁਹਰਾਇਆ। ਇਸ ਮੌਕੇ ਐੱਸਪੀ ਸਰਫਰਾਜ ਆਲਮ, ਯੋਗੇਸ਼ ਸਰਮਾ, ਗੁਰਦੇਵ ਧਾਲੀਵਾਲ, ਡੀਐੱਸਪੀ ਜਸਵਿੰਦਰ ਟਿਵਾਣਾ ਮੌਜੂਦ ਸਨ।