ਪ੍ਰੀਖਿਆਵਾਂ ਵਿੱਚ ਅੱਵਲ ਆਏ ਬੱਚਿਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
ਮੋਤੀ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਇਲਾਕੇ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਦਾ ਕੌਮੀ ਪ੍ਰਚਾਰਕ ਵਜੋਂ ਪੰਥਕ ਸਟੇਜਾਂ ਉਤੇ ਨਿਰੋਲ ਗੁਰਮਤਿ ਵਿਚਾਰਾਂ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਯੂ.ਪੀ.ਐਸ.ਸੀ. ਪ੍ਰੀਖਿਆ ਦੌਰਾਨ ਆਲ ਇੰਡੀਆ 139 ਰੈਂਕ ਲੈ ਕੇ ਭਾਰਤੀ ਮਾਲੀਆ ਸੇਵਾ (ਆਈ.ਆਰ.ਐਸ.) ਅਫਸਰ ਬਣਨ ਉਤੇ ਖੁਸ਼ਬੂ ਓਬਰਾਏ ਨੂੰ ਅਤੇ ਤੇਲੰਗਾਨਾ ਸਟੇਟ ਦੀ ਜੁਡੀਸ਼ਲ ਪ੍ਰੀਖਿਆ ਪਾਸ ਕਰਕੇ ਮੈਜਿਸਟਰੇਟ ਲੱਗਣ ਜਾ ਰਹੀ ਦਿਲਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ 50 ਬੱਚਿਆਂ ਨੂੰ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੌਰਾਨ 80 ਫੀਸਦੀ ਤੋਂ ਵੱਧ ਨੰਬਰ ਲਿਆਉਣ ਲਈ, 4 ਬੱਚਿਆਂ ਨੂੰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ’ਚ ਅਤੇ 1 ਬੱਚੇ ਨੂੰ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਉਤੇ ਸਨਮਾਨਿਆ ਕੀਤਾ ਗਿਆ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਵਲੰਟੀਅਰ ਦੀ ਸੇਵਾ ਦੇਣ ਵਾਲੇ ਸਮੂਹ ਸੇਵਕਾਂ ਦਾ ਸਨਮਾਨ ਵੀ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਬਿੱਟੂ ਨੇ ਦਸਿਆ ਕਿ ਬੱਚਿਆਂ ’ਚ ਵਿੱਦਿਆ ਦੇ ਖੇਤਰ ਵਿਚ ਤਰੱਕੀਆਂ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ ਤਾਂਕਿ ਬੱਚਿਆਂ ਨੂੰ ਇਹ ਸਮਝਾਇਆ ਜਾ ਸਕੇ ਕਿ ਪੜ੍ਹਨ ਨਾਲ ਹੀ ਮਾਨਸਿਕ ਅਤੇ ਆਰਥਿਕ ਤਰੱਕੀ ਦੇ ਰਾਹ ਖੁੱਲ੍ਹਦੇ ਹਨ। ਇਸ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਦਲਪ੍ਰੀਤ ਸਿੰਘ ਨੇ ਨਿਭਾਈ।