For the best experience, open
https://m.punjabitribuneonline.com
on your mobile browser.
Advertisement

ਸ਼ਾਇਰਾ ਨੋਸ਼ੀ ਗਿਲਾਨੀ ਅਤੇ ਸਈਅਦ ਖ਼ਾਨ ਦਾ ਸਨਮਾਨ

08:00 AM Jan 31, 2024 IST
ਸ਼ਾਇਰਾ ਨੋਸ਼ੀ ਗਿਲਾਨੀ ਅਤੇ ਸਈਅਦ ਖ਼ਾਨ ਦਾ ਸਨਮਾਨ
Advertisement

ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਅਦਬੀ ਕੌਂਸਲ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਮਾਸਿਕ ਅਦਬੀ ਲੜੀ ਤਹਿਤ ਜਨਵਰੀ ਮਹੀਨੇ ਦੀ ਅਦਬੀ ਬੈਠਕ ਗ਼ਜ਼ਲ ਦਰਬਾਰ ਵਜੋਂ ਕੀਤੀ ਗਈ। ਇਸ ਵਿੱਚ ਪਾਕਿਸਤਾਨ ਨਾਲ ਸਬੰਧਿਤ ਨਾਮਵਰ ਸ਼ਾਇਰਾ ਨੋਸ਼ੀ ਗਿਲਾਨੀ ਅਤੇ ਸ਼ਾਇਰ ਸਈਅਦ ਖ਼ਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗ਼ਜ਼ਲ ਦਰਬਾਰ ਦੀ ਸ਼ੁਰੂਆਤ ਇਪਸਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਦੇ ਸਵਾਗਤੀ ਬੋਲਾਂ ਨਾਲ ਹੋਈ। ਉਸ ਉਪਰੰਤ ਨੋਸ਼ੀ ਗਿਲਾਨੀ ਅਤੇ ਅਜ਼ਮਾ ਜ਼ਾਇਦੀ ਵੱਲੋਂ ਸ਼ਮਾ ਰੌਸ਼ਨ ਕਰਨ ਦੀ ਰਸਮ ਨਿਭਾਈ ਗਈ। ਗ਼ਜ਼ਲ ਦਰਬਾਰ ਵਿੱਚ ਉਰਦੂ ਸ਼ਾਇਰ ਹਾਫਿਜ਼ ਸੁਹੇਲ ਰਾਣਾ, ਵਿਕਾਸ ਅਹਿਮਦ, ਫਰਹਾ ਅਮਾਰ, ਸਬਿਤੀਅਨ ਰਿਜ਼ਵੀ, ਤਾਰਿਕ ਨਵੀਦ ਅਤੇ ਪੰਜਾਬੀ ਜ਼ੁਬਾਨ ਦੇ ਸ਼ਾਇਰ ਵਜੋਂ ਨਿਰਮਲ ਦਿਓਲ, ਸਰਬਜੀਤ ਸੋਹੀ, ਹਰਜੀਤ ਕੌਰ ਸੰਧੂ ਨੇ ਆਪੋ ਆਪਣੀਆਂ ਗ਼ਜ਼ਲਾਂ ਨਾਲ ਸੋਹਣਾ ਮਾਹੌਲ ਸਿਰਜਿਆ।
ਸਮਾਗਮ ਦੇ ਅੰਤਲੇ ਭਾਗ ਵਿੱਚ ਸਭ ਤੋਂ ਪਹਿਲਾਂ ਸਈਅਦ ਖ਼ਾਨ ਨੇ ਆਪਣੀਆਂ ਗ਼ਜ਼ਲਾਂ ਨਾਲ ਅਤੇ ਪੰਜਾਬੀ ਦੀ ਉਪ ਭਾਸ਼ਾ ਹਿੰਦਕੋ ਬੋਲਦਿਆਂ ਸਰੋਤਿਆਂ ਨੂੰ ਕੀਲ ਲਿਆ। ਉਸ ਤੋਂ ਬਾਅਦ ਸ਼ਾਇਰਾ ਨੋਸ਼ੀ ਗਿਲਾਨੀ ਨੇ ਇੱਕ ਤੋਂ ਬਾਅਦ ਇੱਕ ਖ਼ੂਬਸੂਰਤ ਗ਼ਜ਼ਲ ਪੇਸ਼ ਕਰਦਿਆਂ ਗ਼ਜ਼ਲ ਦਰਬਾਰ ਦੇ ਵਿਸਮਾਦ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਸਮਾਗਮ ਦੇ ਅੰਤ ਵਿੱਚ ਆਸਟਰੇਲੀਆ ਦੇ ਮੁਸਲਿਮ ਭਾਈਚਾਰੇ ਦੀ ਹਸਤੀ ਅਲੀ ਰਿਆਜ਼ ਨੇ ਹਿੰਦ/ਪਾਕ ਦੋਸਤੀ ਬਾਰੇ ਬੋਲਦਿਆਂ ਇਪਸਾ ਦੁਆਰਾ ਅਦਬੀ ਸਦਭਾਵਨਾ ਪੈਦਾ ਕਰਨ ਅਤੇ ਮਿਆਰੀ ਸਾਹਿਤਕ ਸਰਗਰਮੀਆਂ ਦੀ ਤਾਰੀਫ਼ ਕਰਦਿਆਂ, ਇਸ ਨੂੰ ਚੰਗੀ ਪਹਿਲਕਦਮੀ ਆਖਿਆ। ਇਪਸਾ ਵੱਲੋਂ ਦੋਵਾਂ ਮਹਿਮਾਨ ਸ਼ਾਇਰਾਂ ਨੂੰ ਐਵਾਰਡ ਆਫ ਆਨਰ ਭੇਟ ਕੀਤਾ ਗਿਆ। ਇਸ ਮੌਕੇ ਪਾਲ ਰਾਊਕੇ, ਅਰਸ਼ਦੀਪ ਦਿਓਲ, ਕਵਿੱਤਰੀ ਤੇਜਪਾਲ ਕੌਰ, ਗੁਰਜੀਤ ਸਿੰਘ ਉੱਪਲ, ਕਮਲਦੀਪ ਸਿੰਘ ਬਾਜਵਾ, ਪੁਸ਼ਪਿੰਦਰ ਤੂਰ, ਡਾ. ਅਮਾਰ, ਅਲੀ ਜ਼ਾਇਦੀ, ਗੀਤਕਾਰ ਸੁਰਜੀਤ ਸੰਧੂ, ਜਸਪਾਲ ਸੰਘੇੜਾ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸ਼ੋਇਬ ਜ਼ਾਇਦੀ ਅਤੇ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਖ਼ਬਰ ਸਰੋਤ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ

Advertisement

Advertisement
Author Image

joginder kumar

View all posts

Advertisement
Advertisement
×