ਕਿਸਾਨ ਮੇਲੇ ਵਿੱਚ ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਸਤਵਿੰਦਰ ਬਸਰਾ
ਲੁਧਿਆਣਾ, 13 ਸਤੰਬਰ
ਪੀਏਯੂ ਵਿੱਚ ਅੱਜ ਸ਼ੁਰੂ ਹੋਏ ਕਿਸਾਨ ਮੇਲੇ ਵਿੱਚ ਸੂਬੇ ਵਿੱਚੋਂ ਚੁਣੇ ਗਏ ਅਗਾਂਹਵਧੂ ਕਿਸਾਨਾਂ ਦਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਖੇਤੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਕਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਨੂੰ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ, ਬਾਲ ਕ੍ਰਿਸ਼ਨ ਪੁੱਤਰ ਜ਼ਿਲੇ ਸਿੰਘ ਨੂੰ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਮੋਹਨਦੀਪ ਸਿੰਘ ਨੂੰ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਅਗਾਂਹਵਧੂ ਕਿਸਾਨ ਬੀਬੀ ਕੁਲਵਿੰਦਰ ਕੌਰ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਪੁਰਸਕਾਰ ਅਤੇ ਦਵਿੰਦਰ ਸਿੰਘ ਨੂੰ ਪਰਵਾਸੀ ਭਾਰਤੀ ਪੁਰਸਕਾਰ ਦਿੱਤੇ ਗਏ। ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਪੁਰਸਕਾਰ ਧੰਨ ਧੰਨ ਬਾਬਾ ਸੰਤ ਖਾਲਸਾ ਸੇਵਾ ਸੁਸਾਇਟੀ ਨੂੰ ਦਿੱਤਾ ਗਿਆ।
ਸਮਾਗਮ ਦੌਰਾਨ ਪੀਏਯੂ ਦੇ ਕੁਝ ਮਾਹਿਰਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕੀਤੀ ਕਾਰਗੁਜ਼ਾਰੀ ਲਈ ਪ੍ਰਸ਼ੰਸਾ-ਪੱਤਰ ਵੀ ਦਿੱਤੇ ਗਏ। ਇਨ੍ਹਾਂ ਵਿਚ ਭੂਮੀ ਵਿਗਿਆਨੀ ਡਾ. ਰਾਜੀਵ ਸਿੱਕਾ, ਸਹਿਯੋਗੀ ਨਿਰਦੇਸ਼ਕ ਖੋਜ ਡਾ. ਭਰਪੂਰ ਸਿੰਘ ਸੇਖੋਂ, ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਗੁਰਸਾਹਿਬ ਸਿੰਘ ਮਨੇਸ, ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਦੇ ਸਹਿਯੋਗੀ ਨਿਰਦੇਸ਼ਕ ਡਾ. ਕਰਮਜੀਤ ਸ਼ਰਮਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੇਵੀਕੇ ਸਮਰਾਲਾ ਦੇ ਫਾਰਮ ਵਰਕਰ ਜਸਵੀਰ ਸਿੰਘ, ਸੰਚਾਰ ਕੇਂਦਰ ਦੇ ਦੀਪਕ ਭਾਟੀਆ ਅਤੇ ਆਰਜੀਆਰ ਸੈੱਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਬਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਖੇਤੀ ਸਾਹਿਤ ਅਤੇ ਖੇਤੀ ਬੀਜਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਪੁਸਤਕ ਜਾਰੀ ਕੀਤੀ। ਸਮਾਰੋਹ ਦਾ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਨਾਲ ਜੁੜ ਕੇ ਖੇਤੀ ਸਿਖਲਾਈਆਂ ਹਾਸਲ ਕਰਨ, ਖੇਤੀ ਸਾਹਿਤ ਅਤੇ ਯੂਨੀਵਰਸਿਟੀ ਦੇ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ ਕੀਤੀ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀਪੀਐੱਸ ਸੋਢੀ ਨੇ ਧੰਨਵਾਦ ਕੀਤਾ।
ਪੀਏਯੂ ਅਧਿਆਪਕਾਂ ਵੱਲੋਂ ਮੇਲੇ ਵਿੱਚ ਪ੍ਰਦਰਸ਼ਨ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਟੀਚਰਜ਼ ਐਸਸੋਸੀਏਸ਼ਨ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਅਧਿਆਪਕਾਂ ਨੇ ਅੱਜ ਰੋਸ ਧਰਨੇ ਨੂੰ ਹੋਰ ਤਿੱਖਾ ਕਰਦਿਆਂ ਮੁੱਖ ਕਿਸਾਨ ਮੇਲਾ ਗਰਾਊਂਡ ਵਿੱਚ ਦਾਖ਼ਲ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਕਈ ਜਾਇਜ਼ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਇਹ ਧਰਨੇ ਦਾ ਰਾਹ ਚੁਣਨਾ ਪਿਆ ਹੈ। ਅਧਿਆਪਕਾਂ ਦੇ ਜ਼ੋਰਦਾਰ ਨਾਅਰਿਆਂ ਦੀ ਆਵਾਜ਼ ਸੁਣਦਿਆਂ ਹੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਧਿਆਪਕਾਂ ਤੋਂ ਮੰਗ ਪੱਤਰ ਲਿਆ ਅਤੇ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਪੀਏਯੂ ਦੇ ਅਧਿਆਪਕਾਂ ਨੇ ਪਿਛਲੇ ਕਈ ਦਿਨਾਂ ਦੀ ਤਰ੍ਹਾਂ ਅੱਜ ਵੀ ਰੋਸ ਧਰਨਾ ਲਾਇਆ। ਜਿਉਂ ਹੀ ਮੁੱਖ ਮਹਿਮਾਨ ਮੁੱਖ ਪੰਡਾਲ ’ਤੇ ਪਹੁੰਚੇ ਤਾਂ ਇਹ ਅਧਿਆਪਕ ਜ਼ੋਰਦਾਰ ਨਾਅਰੇ ਲਗਾਉਂਦੇ ਮੁੱਖ ਮੇਲਾ ਗਰਾਊਂਡ ਵਿੱਚ ਪਹੁੰਚ ਗਏ। ਅਧਿਆਪਕਾਂ ਨੂੰ ਨਾਅਰੇਬਾਜ਼ੀ ਕਰਦੇ ਦੇਖ ਅਤੇ ਇੰਨਾਂ ਨੂੰ ਸਟੇਜ ਤੱਕ ਜਾਣ ਤੋਂ ਰੋਕਣ ਲਈ ’ਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ਸਮੇਤ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਘੇਰਾ ਪਾ ਲਿਆ। ਇਸ ਤੋਂ ਬਾਅਦ ਅਧਿਆਪਕਾਂ ਨੇ ਉੱਥੇ ਹੀ ਬੈਠ ਕੇ ਧਰਨਾ ਲਗਾ ਦਿੱਤਾ। ਉਨ੍ਹਾਂ ਦੇ ’ਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਲਾਏ ਨਾਅਰਿਆਂ ਦੀ ਆਵਾਜ਼ ਸਟੇਜ ਤੱਕ ਵੀ ਪਹੁੰਚ ਰਹੀ ਸੀ। ਇਸ ਦੌਰਾਨ ਮੁੱਖ ਮਹਿਮਾਨ ਸ੍ਰੀ ਖੁੱਡੀਆਂ ਨੇ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲਿਆ ਅਤੇ ਅਧਿਆਪਕਾਂ ਕੋਲ ਪਹੁੰਚ ਗਏ। ਇਸ ਮੌਕੇ ਧਰਨਾ ਦੇ ਰਹੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਤੋਂ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਇੱਕ ਮੰਗ ਪੱਤਰ ਸੌਂਪਿਆ। ਮੰਤਰੀ ਨੇ ਆਉਂਦੇ ਦਿਨਾਂ ਵਿੱਚ ਇਹ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਿੰਨੀਂ ਦੇਰ ਤੱਕ ਮੰਗਾਂ ਮੰਨੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਹ ਇਸੇ ਤਰ੍ਹਾਂ ਧਰਨਾ ਲਗਾਉਂਦੇ ਰਹਿਣਗੇ। ਦੱਸਣਯੋਗ ਹੈ ਕਿ ਇਹ ਅਧਿਆਪਕ ਸੋਧੇ ਹੋਏ ਭੱਤੇ ਅਤੇ ਗਰੈਚੁਟੀ ਦੇਣ, ਪਹਿਲੀ ਜਨਵਰੀ 2016 ਤੋਂ ਸੋਧੇ ਹੋਏ ਤਨਖਾਹ ਦੇ ਬਕਾਏ ਦਾ ਭੁਗਤਾਨ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਲਾਗੂ ਕਰਨ, 1-1-2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਸੋਧੀਆਂ ਪੈਨਸ਼ਨਾਂ ਜਾਰੀ ਕਰਨ, ਮਹਿੰਗਾਈ ਭੱਤੇ ਦੀਆਂ ਤਿੰਨ ਬਕਾਇਆ ਕਿਸ਼ਤਾਂ ਜਾਰੀ ਕਰਨ ਦੀ ਮੰਗ ਕਰ ਰਹੇ ਹਨ।