ਪੁਲੀਸ ਮੁਲਾਜ਼ਮਾਂ ਦਾ ‘ਡੀਜੀਪੀ ਕਮੈਂਡੇਸ਼ਨ ਡਿਸਕਾਂ’ ਨਾਲ ਸਨਮਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਸਥਾਨਕ ਸ਼ਹੀਦ ਊਧਮ ਸਿੰਘ ਨਗਰ ਵਿੱਚ ਲਗਪਗ ਮਹੀਨਾ ਪਹਿਲਾ ਮਾਂ-ਪੁੱਤ ਦੇ ਦੇ ਦੋਹਰੇ ਕਤਲ ਕੇਸ ਦੀ ਵਾਰਦਾਤ ਨੂੰ ਟਰੇਸ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਾਲੀ ਸੱਤ ਮੈਂਬਰੀ ਪੁਲੀਸ ਟੀਮ ਤੋਂ ਖੁਸ਼ ਹੋ ਕੇ ਡੀਜੀਪੀ ਗੌਰਵ ਯਾਦਵ ਵੱਲੋਂ ਸਨਮਾਨ ਵਜੋਂ ਡਿਸਕਾਂ ਦਿੱਤੀਆਂ ਗਈਆਂ ਹਨ। ਇਸ ਟੀਮ ਨੂੰ ਅਜਿਹਾ ਮਾਣ-ਸਨਮਾਨ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ (ਆਈ ਪੀ ਐੱਸ) ਵੱਲੋਂ ਕੀਤੀ ਗਈ ਸ਼ਿਫਾਰਸ਼/ਰਿਕਮੈਂਡੇਸ਼ਨ ਦੇ ਤਹਿਤ ਮਿਲਿਆ ਹੈ। ਸ੍ਰੀ ਵਰੁਣ ਸ਼ਰਮਾ, ਜਿਥੇ ਅਣਗਹਿਲੀ ਕਰਨ ਵਾਲ਼ਿਆਂ ਨੂੰ ਆੜੇ ਹੱਥੀਂ ਲੈਂਦੇ ਹਨ, ਉਥੇ ਹੀ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਦੀ ਉਹ ਹਮੇਸ਼ਾ ਪਿੱਠ ਵੀ ਥਾਪੜਦੇ ਹਨ। ਆਪਣੇ ਅਜਿਹੇ ਸੁਭਾਅ ਦੇ ਚੱਲਦਿਆਂ ਹੀ ਕਤਲ ਦੇ ਇਸ ਗੁੰਝਲਦਾਰ ਮਾਮਲੇ ਨੂੰ ਟਰੇਸ ਕਰਨ ਵਾਲੀ ਟੀਮ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਇਸ ਸਨਮਾਨ ਦੀ ਸ਼ਿਫਾਰਸ਼ ਕੀਤੀ ਸੀ। ਇਥੇ ਆਪਣੇ ਦਫ਼ਤਰ ਵਿੱਚ ਉਨ੍ਹਾਂ ਨੇ ਐੱਸਪੀ ਸਿਟੀ ਸਰਫਰਾਜ ਆਲਮ (ਆਈਪੀਐੱਸ), ਐੱਸਪੀ ਇਨਵੈਸ਼ਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਸੀਆਈਏ ਇੰਚਾਰਜ ਸ਼ਮਿੰਦਰ ਸਿੰਘ, ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਅਤੇ ਹੌਲਦਾਰ ਪ੍ਰਿਤਪਾਲ ਸਿੰਘ ਦੀ ਵਰਤੀ ’ਤੇ ਆਪਣੇ ਹੱਥੀਂ ‘ਡੀਜੀਪੀ ਕਮੈਂਡੇਸ਼ਨ ਡਿਸਕਾਂ’ ਲਾਈਆਂ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਜਸਬੀਰ ਕੌਰ ਅਤੇ ਉਸ ਦੇ ਨੌਜਵਾਨ ਪੁੱਤਰ ਹਰਵਿੰਦਰ ਜੱਗੀ ਦੀ ਉਨ੍ਹਾਂ ਦੇ ਘਰ ’ਚ ਦਾਖ਼ਲ ਕੇ ਹੱਤਿਆ ਕਰ ਦਿੱਤੀ ਸੀ। ਇਹ ਪੇਚੀਦਾ ਮਾਮਲਾ ਸੀ। ਇਸ ਕਰਕੇ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਂਚ ਦੀ ਕਮਾਨ ਆਪਣੇ ਹੱਥ ਲਈ ਤੇ ਟੀਮ ਕਾਤਲ ਦਾ ਚਿਹਰਾ ਨੰਗਾ ਕਰਨ ’ਚ ਸਫਲ ਰਹੀ। ਇਸ ਦੋਹਰੇ ਕਤਲ ਮਾਮਲੇ ਵਿੱਚ ਘਰ ’ਚ ਰਹਿੰਦੇ ਮ੍ਰਿਤਕਾ ਦੀ ਦਰਾਣੀ ਦਾ ਭਾਣਜਾ ਹਰਜੀਤ ਸਿੰਘ ਕਾਕਾ ਹੀ ਮੁਲਜ਼ਮ ਨਿਕਲਿਆ। ਪਟਿਆਲਾ ਫੇਰੀ ਮੌਕੇ ਡੀਜੀਪੀ ਨੇ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਡੀਐੱਸਪੀ ਜਸਵਿੰਦਰ ਟਿਵਾਣਾ ਨੂੰ ਪਹਿਲਾਂ ਹੀ ਵਧੀਆ ਤਫਤੀਸ਼ ਤੇ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲੀਸ ਮੈਡਲ ਸਮੇਤ ਕਈ ਹੋਰ ਐਵਾਰਡ ਮਿਲ ਚੁੱਕੇ ਹਨ। ਉਥੇ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਵੀ ਰਾਸ਼ਟਰਪਤੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਪੁਲੀਸ ਮੈਡਲ ਸਮੇਤ ਛੇ ਡੀਜੀਪੀ ਕਮਾਂਡੇਸ਼ਨ ਡਿਸਕਾਂ ਵੀ ਮਿਲੀਆਂ ਹਨ।