ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਕੁਲਦੀਪ ਸਿੰਘ
ਨਵੀਂ ਦਿੱਲੀ, 31 ਦਸੰਬਰ
ਗੌਰਮਿੰਟ ਸਹਿ-ਸਿੱਖਿਆ ਵਿਦਿਆਲਿਆ, ਏ-ਬਲਾਕ ਕੇਸ਼ਵ ਪੁਰਮ ਦਿੱਲੀ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਇਲਾਕੇ ਦੇ ਵਿਧਾਇਕ ਰਾਜੇਸ਼ ਗੁਪਤਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਮਾਜ ਸੇਵੀ ਅਮਿਤ ਗੁਪਤਾ, ਏਸੀਪੀ ਕ੍ਰਾਈਮ ਬਰਾਂਚ ਧਰਮਿੰਦਰ ਸਿੰਘ, ਸਿੱਖਿਆ ਵਿਭਾਗ ਦੇ ਸੁਪਰਵਾਈਜ਼ਰ ਕਾਮਨੀ ਰਾਵਤ, ਸਾਬਕਾ ਪ੍ਰਿੰਸੀਪਲ ਰਮੇਸ਼ ਗੋਇਲ ਤੇ ਆਰਕੇ ਗੌਤਮ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ਼ਵੇਤਾ ਸੇਠ ਦੀ ਅਗਵਾਈ ਵਿੱਚ ਨਿਤਿਨ ਬਿਸ਼ਟ ਅਤੇ ਕ੍ਰਿਸ਼ਨਾ ਕੁਮਾਰੀ ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਉਪਰੰਤ ਮਹਿਮਾਨਾਂ ਅਤੇ ਸਕੂਲ ਮੁਖੀ ਵੱਲੋਂ ਦੀਪ ਜਗਾ ਕੇ ਕੀਤੀ ਗਈ। ਸਕੂਲ ਮੁਖੀ ਅਜੀਤ ਸਿੰਘ ਮਲਿਕ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਬੀਤੇ ਵਰ੍ਹੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਹੌਸਲਾ-ਅਫ਼ਜ਼ਾਈ ਕੀਤੀ ਗਈ। ਵਿਦਿਆਰਥੀਆਂ ਦੁਆਰਾ ਲੜੀਵਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਪੰਜਾਬੀ ਲੈਕਚਰਾਰ ਸੁਨੀਲ ਬੇਦੀ ਨੇ ‘ਰਿਸ਼ਤਿਆਂ ਦੀ ਪਰਖ’ ਪੰਜਾਬੀ ਗੀਤ ਪੇਸ਼ ਕੀਤਾ। ਸਾਰੇ ਮਹਿਮਾਨਾਂ ਨੇ ਐੱਨਸੀਸੀ ਅਫ਼ਸਰ ਦਵਿੰਦਰ ਸਿੰਘ ਹੁੱਡਾ ਵੱਲੋਂ ਤਿਆਰ ਕੀਤੇ ਐੱਨ.ਸੀ.ਸੀ. ਕੈਡੇਟਸ ਦੀ ਸ਼ਲਾਘਾ ਕੀਤੀ। ਇਸ ਮੌਕੇ ਧਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕਾਂ ਦੁਆਰਾ ਦਿੱਤੀ ਜਾਣ ਵਾਲੀ ਸਿੱਖਿਆ ’ਤੇ ਧਿਆਨ ਦੇਣ ਅਤੇ ਲਗਾਤਾਰ ਮਿਹਨਤ ਕਰਨ ਦੀ ਨਸੀਹਤ ਦਿੱਤੀ।