ਸਤਲੁਜ ਸਕੂਲ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੂਨ
ਭਗਵਤੀ ਵੈਲਫੇਅਰ ਸੁਸਾਇਟੀ ਵੱਲੋਂ ਰਾਈਜ਼ਿੰਗ ਸਟਾਰ ਪ੍ਰੋਗਰਾਮ 2024 ਤਹਿਤ ਅੱਜ ਸਤਲੁਜ ਸੀਨੀਅਰ ਸੰਕੈਡਰੀ ਸਕੂਲ ਦੇ ਆਡੀਟੋਰੀਅਮ ਵਿਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਜ ਸੇਵੀ ਸੰਦੀਪ ਗਰਗ ਨੇ ਬਤੌਰ ਮੁੱਖ ਮਹਿਮਾਨ ਤੇ ਜਤਿੰਦਰ ਦਾਸ ਤੇ ਰੇਣੂ ਖੁਗਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪੁੱਜਣ ’ਤੇ ਸੁਸਇਟੀ ਵੱਲੋਂ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਬੱਚਿੱਆਂ ਨੇ ਰੰਗਾਰੰਗ ਤੇ ਸਭਿਆਚਾਰਕ ਪ੍ਰੋਗਾਰਮ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਸੰਦੀਪ ਗਰਗ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਖੇਡਾਂ ਵਿਚ ਵੀ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ ਤੇ ਆਪਣੇ ਅਧਿਆਪਕਾਂ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵੱਖ ਵੱਖ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਪ੍ਰੀਖਿਆਵਾਂ ’ਚ ਚੰਗੇ ਨੰਬਰ ਲੈਣ ’ਤੇ ਵਧਾਈ ਦਿੱਤੀ।
ਭਗਵਤੀ ਵੈਲਫੇਅਰ ਸੁਸਾਇਟੀ ਦੇ ਡਾਕਟਰ ਅਦਿਤੀ ਵਰਮਾ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਪ੍ਰੀਖਿਆ ਵਿੱਚ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਦਾ ਸਨਮਾਨ ਕਰਨਾ ਹੈ। ਸ੍ਰੀਕਾਂਤ ਸਮਾਇਲੀ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਸਕੂਲ ਦਾ ਸਟਾਫ਼ ਮੌਜੂਦ ਸੀ।