ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 22 ਦਸੰਬਰ
ਵਿਦਿਅਕ ਸੰਸਥਾ ਦੋਆਬਾ ਪਬਲਿਕ ਸਕੂਲ ਪਾਰੋਵਾਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਦਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਐੱਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਕੂਲ ਪ੍ਰਿੰਸੀਪਲ ਗੋਬਿੰਦ ਲੂਥਰਾ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਪੇਸ਼ ਕਰਦਿਆਂ ਸੂਫੀ ਗਾਇਕੀ ਦੇ ਜੌਹਰ ਵੀ ਦਿਖਾਏ ਗਏ। ਵਿਦਿਅਕ ਖੇਤਰ ਵਿੱਚ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਐਵਾਰਡ ਦਿੱਤੇ ਗਏ। ਮੁੱਖ ਮਹਿਮਾਨ ਦਲਜੀਤ ਕੌਰ ਨੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ ਅਤੇ ਵਿਦਿਆਰਥੀਆਂ ਨੂੰ ਐਵਾਰਡ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ਬਲਬੀਰ ਕੌਰ ਅਤੇ ਭਰਾ ਅੰਮ੍ਰਿਤ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਪਾਲ ਸਿੰਘ ਸੰਧਾਵਾਲੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਅਮਰਜੀਤ ਸਿੰਘ ਭਾਟੀਆ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।
ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ): ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿੱਚ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਰਜਸਾਧਕ ਅਫ਼ਸਰ ਆਦਮਪੁਰ ਰਾਮਜੀਤ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਸਕੂਲ ਤੇ ਆਈਟੀ ਇੰਸਟੀਚਿਊਟ ਸਨੌਰਾ ‘ਚ ਸੱਭਿਆਚਾਰਕ ਸਮਾਗਮ
ਭੋਗਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਅਤੇ ਐੱਸਜੀਟੀਬੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ ਸਨੌਰਾ ਦੀ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੀਆਰਪੀਐੱਫ ਜਲੰਧਰ ਰੇਂਜ ਦੇ ਡੀਆਈਜੀ ਗੁਰਸ਼ਕਤੀ ਸਿੰਘ, ਵਿਸ਼ੇਸ਼ ਮਹਿਮਾਨ ਪਰਵਾਸੀ ਭਾਰਤੀ ਭੁਪਿੰਦਰ ਸਿੰਘ ਅਤੇ ਸੇਵਾਮੁਕਤ ਸੀਡੀਆਰ ਰਾਜਿੰਦਰ ਸਿੰਘ ਤੇ ਪ੍ਰਿੰਸੀਪਲ ਗਿਰਧਾਰੀ ਲਾਲ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।