ਗੁਰੂ ਨਾਨਕ ਕਾਲਜ ’ਚ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਪੱਤਰ ਪ੍ਰੇਰਕ
ਬੰਗਾ, 26 ਸਤੰਬਰ
ਗੁਰੂ ਨਾਨਕ ਕਾਲਜ ਬੰਗਾ ਵਿੱਚ 12 ਵਿਦਿਆਰਥਣਾਂ ਨੂੰ ਵੱਖ ਵੱਖ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਗਿਆ। ਇਹ ਉਪਰਾਲਾ ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਵਿਦਿਅਕ ਅਦਾਰਿਆਂ ਵਿੱਚ ‘ਟੌਪ ਟਵੈਲਵ’ ਮੁਹਿੰਮ ਤਹਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਮੀਨੂੰ ਭੋਲਾ ਨੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਸਨਮਾਨਿਤ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਸਮਾਗਮ ਦੌਰਾਨ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਵਿੱਚ ਕ੍ਰਮਵਾਰ ਐੱਮਏ ਅੰਗਰੇਜ਼ੀ, ਬੀਏ, ਬੀ.ਕਾਮ, ਬੀਸੀਏ ਦੀਆਂ ਵਿਦਿਆਰਥਣਾ ਜੱਸੀ, ਜਸਪ੍ਰੀਤ ਕੌਰ, ਮੁਨਿਕਾ ਤੇ ਦੀਪਿਕਾ ਨੂੰ ਵਿੱਦਿਅਕ ਪ੍ਰਾਪਤੀਆਂ ਲਈ ਅਤੇ ਡੇਜ਼ੀ ਤੇ ਜੋਤੀ ਨੂੰ ਐੱਨਐੱਸਐੱਸ ਲਈ, ਹਰਪ੍ਰੀਤ ਕੌਰ ਤੇ ਜਮੁਨਾ ਦੇਵੀ ਨੂੰ ਐੱਨਸੀਸੀ ਲਈ, ਮੁਨਿਕਾ, ਰੁਚਿਕਾ, ਮਨਜੋਤ ਕੌਰ ਤੇ ਰਾਬੀਆ ਨੂੰ ਖੇਡ ਖੇਤਰ ਲਈ ਸਨਮਾਨਿਤ ਕੀਤਾ ਗਿਆ। ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰੀ ਨੇ ਨਿਭਾਈ।
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਨੁਮਾਇੰਦੇ ਕਿਰਪਾਲ ਸਿੰਘ ਬਲਾਕੀਪੁਰ, ਹਰਮਿੰਦਰ ਸਿੰਘ ਤਲਵੰਡੀ, ਦਵਿੰਦਰ ਬੇਗ਼ਮਪੁਰੀ, ਅਮਰਜੀਤ ਸਿੰਘ ਜੀਂਦੋਵਾਲ, ਹਰੀ ਕਿਸ਼ਨ ਪਟਵਾਰੀ, ਗੁਰਨੇਕ ‘ਸ਼ੇਰ, ਪ੍ਰੋ. ਟੀਨੂੰ ਭੋਲਾ ਨੇ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।