ਕੌਮੀ ਮੁਕਾਬਲਿਆਂ ਵਿੱਚ ਤਗ਼ਮੇ ਜੇਤੂ ਖਿਡਾਰੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 3 ਜੁਲਾਈ
ਜਗਮੋਹਨਜ਼ ਇੰਸਟੀਚਿਊਟ ਆਫ਼ ਟਰੇਡੀਸ਼ਨਲ ਕਰਾਟੇ ਐਸੋਸੀਏਸ਼ਨ ਅਤੇ ਓਕੀਨਾਵਾਨ ਗੋਜੂ ਰਿਊ ਕਰਾਟੇ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਰਾਜ ਤੇ ਰਾਸ਼ਟਰੀ ਪੱਧਰ ਦੇ ਕਰਾਟੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਹਾਨ ਜਗਮੋਹਨ ਵਿੱਜ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਅਨੂਪ ਕੁਮਾਰ ਨੇ ਕੀਤੀ ਜਦੋਂਕਿ ਕੌਂਸਲਰ ਅਸ਼ੋਕ ਮਹਿਰਾ ਤੇ ਮੋਹਨ ਲਾਲ ਪਹਿਲਵਾਨ ਨੇ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਰਾਟੇ ਖਿਡਾਰੀ ਸ਼ੁਭਮ ਸੰਦਲ, ਧੈਰਯਾ ਕਾਲੀਆ, ਅਰਪਿਤ ਸ਼ਰਮਾ, ਅਕਸ਼ਿਤਾ ਸ਼ਰਮਾ, ਅਦਿੱਤਿਆ ਬਖਸ਼ੀ, ਅਦਬਪ੍ਰੀਤ ਸਿੰਘ, ਮਨੀਸ਼ਾ ਕੁਮਾਰੀ ਨੂੰ ਸਰਵੋਤਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਡਾ. ਦੀਪਕ ਸ਼ਰਮਾ ਨੇ ਕੌਮਾਂਤਰੀ ਖਿਡਾਰੀ ਗੌਰਵ ਆਹਲੂਵਾਲੀਆ, ਕ੍ਰਿਕਟ ਕੋਚ ਵਿਜੇ ਗੱਟਾ, ਯੋਗਾ ਇਸਟਰੱਕਟਰ ਜਤਿਨ ਕੁਮਾਰ ਤੇ ਲੜਕੀਆਂ ਦੀ ਟੀਮ ਦੀ ਮੈਨੇਜਰ ਆਰਤੀ ਕਾਲੀਆ ਆਦਿ ਦਾ ਵੀ ਸਨਮਾਨ ਕੀਤਾ।