ਨਾਟਕ ਮੇਲੇ ਵਿੱਚ ਪਦਮਸ੍ਰੀ ਪ੍ਰਾਣ ਸਭਰਵਾਲ ਦਾ ਸਨਮਾਨ
ਪੱਤਰ ਪ੍ਰੇਰਕ
ਪਟਿਆਲਾ, 7 ਫਰਵਰੀ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਪਦਮਸ੍ਰੀ ਪ੍ਰਾਣ ਸਭਰਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਸਭਰਵਾਲ ਵੱਲੋਂ ਡਾ. ਐਸਪੀ ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 258ਵਾਂ ਮਾਸਿਕ ਨਾਟਕ ਮੇਲਾ ਕਰਵਾਇਆ ਗਿਆ। ਉਨ੍ਹਾਂ ਇਹ ਮੇਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਮਰਪਿਤ ਕੀਤਾ । ਇਹ ਮੇਲਾ ਬਾਰਾਂਦਰੀ ਬਾਗ਼ ਵਿੱਚ ਭਰਵੀਂ ਹਾਜ਼ਰੀ ਵਿੱਚ ਕਰਵਾਇਆ ਗਿਆ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਬੀਐੱਸ ਰਤਨ, ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਪ੍ਰਧਾਨ ਵਿਜੇ ਗੋਇਲ, ਮੀਤ ਪ੍ਰਧਾਨ ਰੈੱਡ ਕਰਾਸ, ਪਟਿਆਲਾ ,ਜੀਐਸ ਕੱਕੜ ਪ੍ਰਧਾਨ ਨਟਾਸ ਸਨ। ਭਾਰਤ ਸਰਕਾਰ ਵੱਲੋਂ ਸ੍ਰੀ ਪ੍ਰਾਣ ਸਭਰਵਾਲ ਨੂੰ ‘ਪਦਮ ਸ੍ਰੀ’ ਐਲਾਨਣ ’ਤੇ ਧੰਨਵਾਦ ਕੀਤਾ। ਇਸ ਅਵਸਰ ਤੇ ਹੈਲਥ ਅਵੇਅਰਨੈੱਸ ਸੁਸਾਇਟੀ ਬਾਰਾਂਦਰੀ ਗਾਰਡਨ ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਅਤੇ ਜਨਰਲ ਸਕੱਤਰ ਐਡਵੋਕੇਟ ਟੀਐਸ ਭੰਮਰਾ ਅਤੇ ਹੋਰ ਸੈਰ ਪ੍ਰੇਮੀਆਂ ਨੇ ਪਦਮਸ੍ਰੀ ਸਭਰਵਾਲ ਨੂੰ ਹਾਰ ਪਹਿਨਾ ਕੇ ਅਤੇ ਉਪਹਾਰ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਲਾਕਾਰਾਂ ਦੀ ਭਰਵੀਂ ਸ਼ਲਾਘਾ ਕੀਤੀ। ਰਤਨ ਨੇ ਆਪਣੀਆਂ ਕਵਿਤਾਵਾਂ ਨਾਲ ਤਾਲੀਆਂ ਵਟੋਰੀਆਂ। ਡਾ. ਸਵਰਾਜ ਸਿੰਘ ਨੇ ਵਿਸ਼ਵ ਮਾਮਲਿਆਂ ਬਾਰੇ ਬੋਲਦਿਆਂ ਨੌਜਵਾਨਾਂ ਵੱਲੋਂ ਪਰਵਾਸ ’ਤੇ ਚਿੰਤਾ ਪ੍ਰਗਟਾਈ। ਉਪਰੋਕਤ ਹਸਤੀਆਂ ਤੋਂ ਬਿਨਾਂ ਜਸਬੀਰ ਸਿੰਘ ਓਬਰਾਏ, ਸੁਰਿੰਦਰ ਸਿੰਘ ਅਨੰਦ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਲਾਕਾਰਾਂ ਨੂੰ ਕੈਸ਼ ਅਵਾਰਡ ਚੈੱਕ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਵੇਲੇ ‘ਸ਼ਹੀਦੇ-ਏ.ਆਜ਼ਮ ਭਗਤ ਸਿੰਘ’, ‘ਪ੍ਰਦੂਸ਼ਣ ਹਟਾਓ-ਪਾਣੀ ਬਚਾਓ’ , ‘ਸੁੱਕੀ ਕੁੱਖ’, ‘ਲੱਖੀ ਸ਼ਾਹ ਵਣਜਾਰਾ’ ਅਤੇ ਕਮਲਦੀਪ ਬੈਂਸ ਦੇ ਸੰਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ।