ਤਨਜ਼ਾਨੀਆ ਦੀ ਰਾਸ਼ਟਰਪਤੀ ਨੂੰ ਆਨਰੇਰੀ ਡਾਕਟਰੇਟ ਡਿਗਰੀ
ਨਵੀਂ ਦਿੱਲੀ, 10 ਅਕਤੂਬਰ
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵੱਲੋਂ ਅੱਜ ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨੂੰ ਆਨਰੇਰੀ ਡਾਕਟਰੇਟ ਡਿਗਰੀ ਨਾਲ ਨਵਿਾਜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਯੂਨੀਵਰਸਿਟੀ ਵੱਲੋਂ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣ ਗਏ।
ਰਾਸ਼ਟਰਪਤੀ ਹਸਨ ਐਤਵਾਰ ਤੋਂ ਭਾਰਤ ਦੇ ਚਾਰ ਦਿਨਾ ਦੌਰੇ ’ਤੇ ਹਨ। ਇਸ ਮੌਕੇ ਤਨਜ਼ਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹਸਨ ਨੇ ਆਪਣੇ ਅਫ਼ਰੀਕਾ ਦੇ ਇੱਕ ਪਿੰਡ ਨਾਲ ਸਬੰਧ ਰੱਖਣ ਵਾਲੇ ਸਧਾਰਨ ਪਰਿਵਾਰ ’ਚ ਜਨਮ ਤੋਂ ਲੈ ਕੇ ਦੇਸ਼ ਦੀ ਰਾਸ਼ਟਰਪਤੀ ਬਣਨ ਤੱਕ ਦੇ ਸਫ਼ਰ ਬਾਰੇ ਦੱਸਿਆ। ਡਾਕਟਰੇਟ ਦੀ ਆਨਰੇਰੀ ਡਿਗਰੀ ਸਵੀਕਾਰ ਕਰਨ ਮਗਰੋਂ ਹਸਨ ਨੇ ਕਿਹਾ, ‘‘ਦੁਨੀਆਂ ਕਹਿੰਦੀ ਹੈ ਕਿ ਭਾਰਤ ਦੇ ਪਿਆਰ ਵਿੱਚ ਪੈਣ ਤੋਂ ਬਚਣ ਦਾ ਕੋਈ ਰਾਹ ਨਹੀਂ ਹੈ, ਭਾਵੇਂ ਉਹ ਭਾਰਤੀ ਗੀਤ ਹੋਣ, ਭਾਰਤੀ ਫ਼ਿਲਮਾਂ ਹੋਣ ਜਾਂ ਜਾਂ ਭਾਰਤੀ ਖਾਣੇ ਹੋਣ। ਭਾਰਤੀ ਖਿੱਚ ਤੋਂ ਦੂਰ ਰਹਿ ਸਕਣਾ ਬਹੁਤ ਔਖਾ ਹੈ। ਮੈਨੂੰ ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਪੜ੍ਹਾਈ ਲਈ 1998 ਵਿੱਚ ਪਹਿਲੀ ਵਾਰ ਹੈਦਰਾਬਾਦ ਆਈ ਸੀ।’’ ਉਨ੍ਹਾਂ ਆਖਿਆ, ‘‘ਮੈਂ ਇੱਥੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਪਰਿਵਾਰ ਦੇ ਇੱਕ ਮੈਂਬਰ ਵਜੋਂ ਖੜ੍ਹੀ ਹਾਂ, ਇੱਕ ਮਹਿਮਾਨ ਵਜੋਂ ਨਹੀਂ। ਇਹੀ ਗੱਲ ਭਾਰਤ ਨੂੰ ਦਿਲਖਿੱਚਵਾਂ ਬਣਾਉਂਦੀ ਹੈ। ਇਹੀ ਗੱਲ ਭਾਰਤ ਨੂੰ ਸ਼ਾਨਦਾਰ ਬਣਾਉਂਦੀ ਹੈ।’’ ਸਮਾਗਮ ਮੌਕੇ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਹਾਜ਼ਰ ਸਨ। -ਪੀਟੀਆਈ