ਸਾਂਝ ਸੰਸਥਾ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਬੰਗਾ, 30 ਸਤੰਬਰ
ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ‘ਟੌਪ ਟਵੈਲਵ’ ਮਿਸ਼ਨ ਤਹਿਤ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਅੇਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਿਭਾਈ ਗਈ।
ਉਨ੍ਹਾਂ ਆਪਣੇ ਵਿਚਾਰਾਂ ਰਾਹੀਂ ਵਿਦਿਅਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਜੀਵਨ ਅਧਿਐਨ ਵੱਲ ਰੁਚਿਤ ਹੋਣ ਦੀ ਅਪੀਲ ਕੀਤੀ। ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ ’ਤੇ ਪ੍ਰੀਖਿਆਵਾਂ ਵਿੱਚੋਂ ਅੱਵਲ ਰਹਿਣ ਵਾਲੇ ਕੰਚਨ ਨਰ ਜਮਾਤ ਬੀਏ, ਕਿਰਨਪੀ ਕੌਰ ਜਮਾਤ ਐਮਏ, ਸਿਮਰਨਪ੍ਰੀਤ ਕੌਰ ਜਮਾਤ ਬੀਸੀਏ, ਸਮਨਦੀਪ ਮਹਿੰਮੀ ਜਮਾਤ ਬੀਬੀਏ, ਸੰਤ ਕੌਰ ਜਮਾਤ ਐਮ ਕਾਮ, ਗੁਰਪ੍ਰੀਤ ਕੌਰ ਜਮਾਤ ਬੀਐਸਸੀ, ਅਰਸ਼ਿਵੰਦਰ ਕੌਰ ਜਮਾਤ ਬੀਐੱਸਸੀ ਸ਼ਾਮਲ ਰਹੇ। ਖੇਡ ਪ੍ਰਾਪਤੀਆਂ ਲਈ ਭਵਨਦੀਪ ਸਿੰਘ ਸੀਸੀਐਮਐਲਟੀ, ਆਕਾਸ਼ਦੀਪ ਸਿੰਘ ਪੀਜੀਡੀਸੀਏ, ਐਨਐਸਐਸ ਦੇ ਉੱਤਮ ਵਲੰਟੀਅਰ ਵਜੋਂ ਯੁਵਰਾਜ ਨਰ ਜਮਾਤ ਬੀਏ, ਸਾਕਸ਼ੀ ਐਮ ਕਾਮ ਅਤੇ ਸੱਭਿਆਚਾਰਕ ਪ੍ਰਤੀਯੋਗਤਾ ਜੇਤੂ ਅਰਮਾਨ ਜਮਾਤ ਬੀਏ ਨੂੰ ਵੀ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਪ੍ਰੋ. ਸ਼ਮਸ਼ਾਦ ਅਲੀ ਨੇ ਉਕਤ ਵਿਦਿਆਰਥੀਆਂ ਨੂੰ ਕਾਲਜ ਦਾ ਮਾਣ ਆਖਦਿਆਂ ਸੰਸਥਾ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਨੁਮਾਇਦੇ ਹਰਮਿੰਦਰ ਸਿੰਘ ਤਲਵੰਡੀ, ਦਵਿੰਦਰ ਬੇਗ਼ਮਪੁਰੀ, ਅਮਰਜੀਤ ਸਿੰਘ ਜੀਂਦੋਵਾਲ, ਕਾਲਜ ਦੇ ਪ੍ਰੋ. ਡਾ. ਨਿਰਦੋਸ਼ ਕੌਰ, ਡਾ. ਚਰਨਜੀਤ ਕੌਰ, ਡਾ. ਕਰਮਜੀਤ ਕੌਰ, ਡਾ. ਮਨਦੀਪ ਕੌਰ ਤੇ ਪ੍ਰੋ. ਭਜਨ ਸਿੰਘ ਵੀ ਸ਼ਾਮਲ ਸਨ।