ਪੈਨ ਪੈਸੀਫਿਕ ਖੇਡਾਂ ’ਚ ਪੰਜਾਬੀ ਖਿਡਾਰੀਆਂ ਦਾ ਸਨਮਾਨ
ਹਰਜੀਤ ਲਸਾੜਾ
ਬ੍ਰਿਸਬਨ, 9 ਨਵੰਬਰ
ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ’ਚ 13ਵੀਆਂ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2024’ ਹੋ ਰਹੀਆਂ ਹਨ। ਖੇਡਾਂ ਵਿੱਚ ਮੰਗੋਲੀਆ, ਉਜ਼ਬੇਕਿਸਤਾਨ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਸ੍ਰੀਲੰਕਾ, ਪਾਪੂਆ ਨਿਊ ਗਿੰਨੀ, ਸਿੰਗਾਪੁਰ ਅਤੇ ਭਾਰਤ ਦੇ ਖਿਡਾਰੀ ਭਾਗ ਲੈ ਰਹੇ ਹਨ। ਖੇਡਾਂ ਦਾ ਭਲਕੇ ਸਮਾਪਨ ਹੋਵੇਗਾ। ਭਾਰਤ ਦੇ ਹੋਰ ਸੂਬਿਆਂ ਤੋਂ ਇਲਾਵਾ ਪੰਜਾਬ ਤੋਂ ਏਆਈਜੀ ਦਲਜੀਤ ਸਿੰਘ ਅਤੇ ਐੱਸਐੱਸਪੀ ਪਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਇਥੇ ਪਹੁੰਚੇ ਹਨ। ਬ੍ਰਿਸਬੇਨ ’ਚ ਇਕਬਾਲ ਸਿੰਘ ਦੀ ਅਗਵਾਈ ਹੇਠ ਦੋਵੇਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ੁਲਾਰਿਆਂ ਮੁਤਾਬਕ ਦੋਵੇਂ ਖਿਡਾਰੀਆਂ ਵੱਲੋਂ ਖੇਡਾਂ ’ਚ ਮਾਰੀਆਂ ਗਈਆਂ ਮੱਲਾਂ ਦੇਸ਼ ਅਤੇ ਕੌਮ ਲਈ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੰਗ ਹੈ। ਇਸ ਮੌਕੇ ਪਰਮਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਸਾਰੇ ਪਰਵਾਸੀਆਂ ਖਾਸ ਕਰਕੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ’ਚ ਮਾਂ-ਬੋਲੀ, ਸੱਭਿਆਚਾਰ, ਖੇਡਾਂ ਅਤੇ ਧਰਮ ਦੇ ਉਸਾਰੂ ਪਸਾਰੇ ਲਈ ਭਾਈਚਾਰਾ ਧੰਨਵਾਦ ਦਾ ਹੱਕਦਾਰ ਹੈ।
ਇਸ ਮੌਕੇ ਸੁਖਬੀਰ ਖਹਿਰਾ, ਰੌਕੀ ਭੁੱਲਰ, ਕਮਰ ਬੱਲ, ਹਰਪ੍ਰੀਤ ਸਿੰਘ ਕੋਹਲੀ, ਸੁਰਿੰਦਰਪਾਲ ਸਿੰਘ ਖੁਰਦ, ਦਵਿੰਦਰ ਸਹੋਤਾ, ਓਂਕਾਰ ਸਿੰਘ, ਜਸਵਿੰਦਰ ਰਾਣੀਪੁਰ, ਸਤਿੰਦਰ ਸ਼ੁਕਲਾ, ਗੁਰਪ੍ਰੀਤ ਬਰਾੜ, ਗੁਰਜਿੰਦਰ ਸੰਧੂ, ਗੈਰੀ ਕੰਗ, ਦਵਿੰਦਰ ਸਿੰਘ, ਨਵਨੀਤ ਸਿੰਘ ਰਾਜਾ ਅਤੇ ਪੁਸ਼ਪਿੰਦਰ ਤੂਰ ਹਾਜ਼ਰ ਸਨ। ਮੰਚ ਸੰਚਾਲਨ ਜਸਵਿੰਦਰ ਰਾਣੀਪੁਰ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਪਹਿਲੀ ਵਿਸ਼ਵ ਮਾਸਟਰਜ਼ ਗੇਮਜ਼ ਕੈਨੇਡਾ (1985) ’ਚ ਹੋਈਆਂ ਸਨ।