ਵਰਣਮਾਲਾ ਦੇ ਪ੍ਰਚਾਰ ’ਚ ਜੁਟੀ ਮਾਂ-ਧੀ ਦਾ ਸਨਮਾਨ
ਪੱਤਰ ਪ੍ਰੇਰਕ
ਨਵਾਂ ਸ਼ਹਿਰ, 29 ਅਗਸਤ
ਪੰਜਾਬੀ ਵਰਣਮਾਲਾ ਦੇ ਸਰਲ ਤਰੀਕੇ ਨਾਲ ਪ੍ਰਚਾਰ ਪਸਾਰ ਲਈ ਜੁਟੀਆਂ ਅਧਿਆਪਕਾ ਅਮਰ ਜਿੰਦ ਅਤੇ ਉਨ੍ਹਾਂ ਦੀ ਧੀ ਨੂਰ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਨਵਜੋਤ ਸਾਹਿਤ ਸੰਸਥਾ ਔੜ ਦੇ ਬੈਨਰ ਹੇਠ ਨਿਭਾਈ ਗਈ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਕਿਹਾ ਕਿ ਦੋਵਾਂ ਨੇ ਪੰਜਾਬੀ ਵਰਨਮਾਲਾ ਨੂੰ ਅੱਖਰਾਂ ਨਾਲ ਸਬੰਧਤ ਵਸਤੂਆਂ ਰਾਹੀਂ ਜਾਣਕਾਰੀ ਪ੍ਰਦਾਨ ਕਰ ਕੇ ਅਤੇ ਹਰ ਅੱਖਰ ਨੂੰ ਇਨ੍ਹਾਂ ਵਸਤੂਆਂ ਰਾਹੀਂ ਦੱਸਦਿਆਂ ਗੁਣਗਣਾਉਣ ਵਿਧੀ ਰਾਹੀਂ ਪੇਸ਼ ਕਰ ਕੇ ਨਿਵੇਕਲੀ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਹ ਵਿਧੀ ਪੰਜਾਬੀ ਨਾਲ ਜੁੜਨ ਦੀ ਲਈ ਉਤਸ਼ਾਹੂ ਸਿੱਧ ਹੋ ਰਹੀ ਹੈ ਅਤੇ ਸੰਸਥਾ ਵੱਲੋਂ ਸਮੂਹ ਅਹੁਦੇਦਾਰ ਇਸ ਕਾਰਜ ਲਈ ਹੋਣਹਾਰ ਮਾਂ-ਧੀ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰ ਰਹੇ ਹਨ। ਮੈਡਮ ਅਮਰ ਜਿੰਦ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿੱਚ ਤਾਇਨਾਤ ਹਨ ਅਤੇ ਉਨ੍ਹਾਂ ਦੀ ਧੀ ਨੂਰ ਪਹਿਲੀ ਜਮਾਤ ਦੀ ਵਿਦਿਆਰਥਣ ਹੈ। ਇਸ ਮੌਕੇ ਸਤਪਾਲ ਸਾਹਲੋਂ, ਰਜਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਰਾਜਿੰਦਰ ਜੱਸਲ, ਰੇਸ਼ਮ ਕਰਨਾਣਵੀ, ਹਰਮਿੰਦਰ ਹੈਰੀ, ਹਰੀ ਕ੍ਰਿਸ਼ਨ ਪਟਵਾਰੀ, ਦਵਿੰਦਰ ਬੇਗਮਪੁਰੀ, ਕੇਵਲ ਰਾਮ ਮਹੇ ਅਤੇ ਰਾਮ ਨਾਥ ਕਟਾਰੀਆ ਸ਼ਾਮਲ ਸਨ।