ਡੀਏਵੀ ਕਾਲਜ ਵਿੱਚ ਸਨਮਾਨ ਸਮਾਰੋਹ ਕਰਵਾਇਆ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 12 ਜਨਵਰੀ
ਬੀਬੀਕੇ ਡੀਏਵੀ ਕਾਲਜ ਫ਼ਾਰ ਵਿਮੈੱਨ ਵਿੱਚ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ’ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਆਪਣੇ ਭਾਸ਼ਣ ਵਿੱਚ ਸੁਰਿੰਦਰ ਸਿੰਘ ਨੇ ਸਥਿਰ ਭਵਿੱਖ ਲਈ ਨੌਜਵਾਨਾਂ ਨੂੰ ਸਸ਼ਕਤੀਕਰਨ ਦੀ ਮਹੱਤਤਾ ਬਾਰੇ ਦੱਸਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਭਵਿੱਖ ਅੱਜ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਨਿਰਧਾਰਿਤ ਕਰੇਗਾ। ਇਸ ਤੋਂ ਇਲਾਵਾ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਸਰਵੋਤਮ ਪ੍ਰਿੰਸੀਪਲ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਨੋਡਲ ਅਫਸਰਾਂ ਨੂੰ ਸਰਵੋਤਮ ਨੋਡਲ ਅਫ਼ਸਰ ਲਈ ਐਵਾਰਡ ਆਫ ਆਨਰ ਦਿੱਤਾ ਗਿਆ। ਸਥਿਰ ਵਾਤਾਵਰਨ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਆਧਾਰ ’ਤੇ ਨੁੱਕੜ ਨਾਟਕ ਵਿੱਚ ਪ੍ਰਦਰਸ਼ਨ ਕਰਨ ਵਾਲੇ 10 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਨੈਸ਼ਨਲ ਐਜੂ ਟਰੱਸਟ ਆਨ ਇੰਡੀਆ ਵਲੋਂ 30 ਦਿਨਾਂ ਫਿਟਨੈਸ ਚੈਲੇਂਜ ਦਾ ਪੋਸਟਰ ਵੀ ਜਾਰੀ ਕੀਤਾ ਗਿਆ।