ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਸਨਮਾਨ ਸਮਾਗਮ
ਪੱਤਰ ਪ੍ਰੇਰਕ
ਜੈਤੋ, 26 ਸਤੰਬਰ
ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿੱਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸੈਸ਼ਨ 2024-25 ਵਿੱਚ ਸੱਭਿਆਚਾਰਕ, ਰਚਨਾਤਮਿਕ, ਇਨਡੋਰ-ਆਊਟਡੋਰ ਸਰਗਰਮੀਆਂ ਅਤੇ ਖੇਡ ਮੁਕਾਬਲਿਆਂ ਮੌਕੇ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਆਏ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਬਰਿੰਦਰ ਪਾਲ ਸੇਖੋਂ ਅਤੇ ਸਕੂਲ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਹੋਈ। ਉਪਰੰਤ ਵਿਦਿਆਰਥੀਆਂ ਨੇ ਖੂੁਬਸੂਰਤ ਅੰਦਾਜ਼ ’ਚ ਭੰਗੜੇ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਬਰਨਿੰਦਰ ਪੌਲ ਸੇਖੋਂ ਨੇ ਪ੍ਰਸ਼ੰਸਾ ਪੱਤਰ ਦੇ ਹੱਕਦਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਵਧਾਈ ਦਿੰਦਿਆਂ, ਸਮੂਹ ਵਿਦਿਆਰਥੀਆਂ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਿਆ। ਉਨ੍ਹਾਂ ਆਖਿਆ ਕਿ ਜੇ ਇਨਸਾਨ ਆਤਮ ਵਿਸ਼ਵਾਸ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧਦਾ ਹੈ, ਤਾਂ ਸਫ਼ਲਤਾ ਉਸ ਦੇ ਪੈਰ ਚੁੰਮਦੀ ਹੈ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ ਕਿਤਾਬੀ ਗਿਆਨ ਵਾਲੇ ਅੰਕਾਂ ਨਾਲ ਨਾ ਤੁਰਨ ਸਗੋਂ ਆਪਣੇ ਬੱਚਿਆਂ ਨੂੰ ਹਰ ਖੇਤਰ ’ਚ ਮੱਲਾਂ ਮਾਰਨ ਲਈ ਮੱਦਦ ਕਰਨ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਵਿਦਿਆਰਥੀਆਂ ਨੂੰ ਆਪਣੀ ਸ਼ਕਤੀ ਪਛਾਣ ਕੇ ਸਖ਼ਤ ਮਿਹਨਤ, ਦ੍ਰਿੜਤਾ ਅਤੇ ਲਗਨ ਨਾਲ ਅੱਗੇ ਵਧਣ ਲਈ ਆਖਿਆ। ਉਨ੍ਹਾਂ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਸਿਫ਼ਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।