ਸ਼ਹਿਦ ਦੀਆਂ ਮੱਖੀਆਂ
ਸੁਰਿੰਦਰ ਸਿੰਘ ਰਾਏ
“ਫੁੱਲ ਤੋੜਨਾ ਮਨ੍ਹਾ ਹੈ, ਧੰਨਵਾਦ।” ਲਿਖੀ ਹੋਈ ਇੱਕ ਤਖ਼ਤੀ ਬਾਬੂ ਰਾਮ ਨੇ ਫੁੱਲਵਾੜੀ ਦੇ ਵਿਚਕਾਰ ਟੰਗੀ ਹੋਈ ਸੀ, ਜੋ ਹਰ ਵੇਖਣ ਵਾਲੇ ਨੂੰ ਫੁੱਲ ਨਾ ਤੋੜਨ ਲਈ ਚਿਤਾਵਨੀ ਵੀ ਹੁੰਦੀ ਸੀ ਤੇ ਬੇਨਤੀ ਵੀ ਕਰਦੀ ਸੀ।
“ਬਾਬੂ ਰਾਮ, ਅੱਜ ਤੋਂ ਇਸ ਫੱਟੀ ਨੂੰ ਹੋਰ ਉੱਚੀ ਕਿਉਂ ਕਰ ਦਿੱਤੈ?” ਫੁੱਲ ਤੋੜਨਾ ਮਨ੍ਹਾ ਹੈ ਵਾਲੀ ਫੱਟੀ ਨੂੰ ਥੋੜ੍ਹੀ ਜਿਹੀ ਉੱਚੀ ਕੀਤੀ ਵੇਖ ਸਕੂਲ ਆਉਂਦਿਆਂ ਹੀ ਮਾਸਟਰ ਹਰੀ ਪਾਲ ਨੇ ਫੁਲਵਾੜੀ ਵਿੱਚ ਖੜ੍ਹੇ ਮਾਲੀ ਬਾਬੂ ਰਾਮ ਨੂੰ ਪੁੱਛਿਆ।
“ਮਾਸਟਰ ਜੀ, ਆਜ ਟੂਰਨਾਮੈਂਟ ਕਾ ਆਖ਼ਰੀ ਦਨਿ ਹੈ ਨਾ। ਇਸ ਲੀਏ ਬਾਹਰਲੇ ਸਕੂਲੋਂ ਸੇ ਬਹੁਤ ਸਾਰੇ ਅਧਿਆਪਕ ਔਰ ਬੱਚੇ ਆਏਂਗੇ। ਤੋ ਮੈਨੇ ਸੋਚਾ ਕਿ ਇਸ ਫੱਟੀ ਕੋ ਥੋੜ੍ਹਾ ਔਰ ਊਂਚਾ ਕਰ ਕੇ ਲਗਾ ਦੂੰ। ਨਹੀਂ ਤੋ ਬੱਚੇ ਮੇਰਾ ਨੁਕਸਾਨ ਕਰੇਂਗੇ।”
“ਬਾਬੂ ਰਾਮ, ਬਸ ਤੂੰ ਆਪਣੀ ਫੁਲਵਾੜੀ ਦਾ ਖ਼ਿਆਲ ਰੱਖਦਾ ਐਂ ਜਾਂ ਮੈਡਮ ਦਾ। ਸਾਨੂੰ ਤਾਂ ਤੂੰ ਸਿਆਣਦਾ ਈ ਕੁਝ ਨਹੀਂ।” ਮਾਸਟਰ ਹਰੀ ਪਾਲ ਨੇ ਬਾਬੂ ਰਾਮ ਨੂੰ ਮਜ਼ਾਕ ਵਿੱਚ ਆਖਿਆ ਤੇ ਹੱਸਦਾ ਹੋਇਆ ਦਫ਼ਤਰ ਵੱਲ ਚਲੇ ਗਿਆ।
ਚਾਰੇ ਪਾਸੇ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਹੋਇਆ ਸੀ। ਕਿਧਰੇ ਕਬੱਡੀ ਦੇ ਮੈਦਾਨ ਵਿੱਚ ਰੈਫਰੀ ਵਿਸਲ ਮਾਰ-ਮਾਰ ਕੇ ਟੀਮਾਂ ਨੂੰ ਗਰਾਊਂਡ ਵਿੱਚ ਆਉਣ ਲਈ ਚੁਕੰਨੇ ਕਰ ਰਿਹਾ ਸੀ ਤੇ ਕਿਧਰੇ ਲੜਕੀਆਂ ਦੀ ਖੋ-ਖੋ ਗਰਾਊਂਡ ਵਿੱਚ ਚੱਲ ਰਹੇ ਫਾਈਨਲ ਮੈਚ ਦਾ ਆਨੰਦ ਮਾਣਨ ਲਈ ਦਰਸ਼ਕਾਂ ਦੀ ਬੇਤਹਾਸ਼ਾ ਭੀੜ ਜੁੜੀ ਹੋਈ ਸੀ। ਫਾਈਨਲ ਤੇ ਫਸਵੇਂ ਮੈਚ ਹੋਣ ਕਾਰਨ ਕਈ ਅਧਿਆਪਕ ਆਪੋ-ਆਪਣੇ ਖਿਡਾਰੀਆਂ ਨੂੰ ਗੁੱਝੇ ਦਾਅ-ਪੇਚ ਸਮਝਾ ਰਹੇ ਸਨ ਅਤੇ ਕਈ ਟਾਵੀਆਂ-ਟਾਵੀਆਂ ਟੋਲੀਆਂ ਵਿੱਚ ਖੜ੍ਹੇ ਅਧਿਆਪਕ ਵਿਅੰਗ ਭਰੇ ਅੰਦਾਜ਼ ਨਾਲ ਇੱਕ ਦੂਜੇ ਨੂੰ ਚੋਭਾਂ ਮਾਰ-ਮਾਰ ਉੱਚੀ-ਉੱਚੀ ਠਹਾਕੇ ਲਾ ਰਹੇ ਸਨ। ਇਸ ਰਮਣੀਕ ਮਾਹੌਲ ਵਿੱਚ ਭਾਂਤ-ਭਾਂਤ ਦੇ ਰੰਗਾਂ ਦੇ ਫੁੱਲਾਂ ਨਾਲ ਸ਼ਿੰਗਾਰੀ ਬਾਬੂ ਰਾਮ ਦੀ ਫੁੱਲਬਾੜੀ ਵੀ ਖ਼ੂਬ ਮਹਿਕਾ ਬਿਖੇਰ ਰਹੀ ਸੀ। ਹਰ ਕੋਈ ਉਸ ਦੀ ਪ੍ਰਸੰਸਾ ਕਰ ਰਿਹਾ ਸੀ। ਕਬੱਡੀ ਦਾ ਫਾਈਨਲ ਮੈਚ ਸ਼ੁਰੂ ਹੋਣ ਵਾਲਾ ਸੀ।
“ਸਰ, ਵੇਖੀ ਜਾਇਓ ਅੱਜ। ਫੱਟੇ ਚੁੱਕ ਦੇਵਾਂਗੇ ਫੱਟੇ। ਕਿਹੜਾ ਸਾਡੇ ਮੂਹਰੇ ਖੰਘ ਜੂ।” ਪੰਮੇ ਨੇ ਵੀ ਅੱਗੋਂ ਹਿੱਕ ਠੋਕ ਕੇ ਜਵਾਬ ਦਿੱਤਾ।
“ਸ਼ਾਬਾਸ਼-ਸ਼ਾਬਾਸ਼ ਪੰਮੇ! ਸੁਆਦ ਆ ਗਿਆ। ਖਿਡਾਰੀ ਹੋਣ ਤਾਂ ਤੇਰੇ ਵਰਗੇ ਹੋਣ। ਇੱਕ ਗੱਲ ਮੇਰੀ ਸਾਰੇ ਜਣੇ ਧਿਆਨ ਨਾਲ ਸੁਣ ਲਓ। ਜਿਹੜਾ ਚੰਗਾ ਖੇਡੂ, ਓਹਦੀ ਪੇਪਰਾਂ ’ਚ ਵੀ ਮਦਦ ਕਰਾਂਗੇ।” ਹੱਲਾਸ਼ੇਰੀ ਦੇ ਨਾਲ ਹੀ ਪੀ.ਟੀ. ਹਰਜੀਤ ਨੇ ਖਿਡਾਰੀਆਂ ਨੂੰ ਨਕਲ ਦਾ ਚੋਗਾ ਪਾਉਂਦੇ ਆਖਿਆ।
ਇੰਨੇ ਨੂੰ ਰੈਫਰੀ ਨੇ ਵਿਸਲ ਮਾਰੀ ਤੇ ਦੋਵੇਂ ਟੀਮਾਂ ਦੌੜਦੀਆਂ ਹੋਈਆਂ ਗਰਾਊਂਡ ਵੱਲ ਜਾਣ ਲੱਗੀਆਂ।
“ਸੁਖਬੀਰ, ਤੂੰ ਕਿੱਧਰ ਚੱਲਿਆਂ ਯਾਰ? ਆਪਣੇ ਸਕੂਲ ਦੀ ਟੀਮ ਦਾ ਮੈਚ ਹੋਣ ਲੱਗਾ ਐ। ਆ ਬੱਚਿਆਂ ਨੂੰ ਹੱਲਾ-ਸ਼ੇਰੀ ਦੇਈਏ।” ਪੀ.ਟੀ.ਆਈ. ਨੇ ਆਪਣੇ ਅਧਿਆਪਕ ਸਾਥੀ ਸੁਖਬੀਰ ਨੂੰ ਆਖਿਆ।
“ਮੈਂ ਪਾਣੀ ਪੀ ਕੇ ਹੁਣੇ ਆਇਆ। ਪੀ.ਟੀ. ਜੀ, ਤੁਸੀਂ ਉਦੋਂ ਤੱਕ ਬੱਚਿਆਂ ਨੂੰ ਗਰਾਊਂਡ ਵਿੱਚ ਲੈ ਕੇ ਚੱਲੋ।” ਇਹ ਆਖ ਸੁਖਬੀਰ ਨੇ ਕਾਹਲੀ-ਕਾਹਲੀ ਨੀਵੀਂ ਪਾਈ ਨਲਕੇ ਦਾ ਹੈਂਡਲ ਜਾ ਗੇੜਿਆ ਤੇ ਪਾਣੀ ਪੀਣ ਲਈ ਹੱਥ ਅੱਗੇ ਵਧਾਏ, ਪਰ ਉਸ ਦੇ ਹੱਥ ਅੱਗੇ ਵਧਾਉਣ ਤੋਂ ਪਹਿਲਾਂ ਹੀ ਪਾਣੀ ਦੀ ਚੂਲੀ ਭਰਨ ਲਈ ਦੋ ਗੋਰੀਆਂ ਬਾਹਾਂ ’ਤੇ ਸਜੀਆਂ ਰੰਗ-ਬਰੰਗੀਆਂ ਵੰਗਾਂ ਫ਼ਿਜ਼ਾ ਵਿੱਚ ਸੁਰੀਲੀ ਧੁਨ ਬਿਖੇਰ ਰਹੀਆਂ ਸਨ। ਸੁਖਬੀਰ ਇਕਦਮ ਠਠੰਬਰ ਗਿਆ। ਉਤਾਂਹ ਵੇਖਿਆ ਤਾਂ ਇੱਕ ਭਰ ਜੋਬਨ ਮੁਟਿਆਰ ਦੀ ਗਹਿਰੀ ਪਰ ਕੋਮਲ ਤੱਕਣੀ ਸੁਖਬੀਰ ’ਤੇ ਜਾਦੂ ਜਿਹਾ ਕਰ ਗਈ, ਜਿਵੇਂ ਕੋਈ ਸੁੰਦਰ ਕਲਾ ਕ੍ਰਿਤ ਸਹਿਜ ਸੁਭਾਅ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਵੇ। ਇਸ ਅਚਨਚੇਤ ਵਾਪਰੀ ਘਟਨਾ ਕਾਰਨ ਉਹ ਦੰਗ ਰਹਿ ਗਿਆ।
“ਸੁਖਬੀਰ, ਛੇਤੀ ਆ ਯਾਰ। ਤੂੰ ਨੰਬਰ ਲਾਉਣ ਵਾਲੇ ਕੋਲ ਬੈਠ, ਮੈਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੈਂ।” ਹਰਜੀਤ ਨੇ ਸੁਖਬੀਰ ਨੂੰ ਪਾਣੀ ਪੀ ਕੇ ਆਉਂਦਾ ਵੇਖ ਉੱਚੀ ਦੇਣੀ ਆਖਿਆ, ਪਰ ਸੁਖਬੀਰ ਦੀ ਬਿਰਤੀ ਤਾਂ ਚਾਣਚੱਕ ਵਾਪਰੀ ਇਸ ਘਟਨਾ ਵੱਲ ਹੀ ਲੱਗੀ ਹੋਈ ਸੀ।
ਦੋਵੇਂ ਟੀਮਾਂ ਆਹਮੋ-ਸਾਹਮਣੇ ਖੜ੍ਹੀਆਂ ਸਨ। ਰੈਫਰੀ ਦੋਵਾਂ ਪਾਸੇ ਦੇ ਖਿਡਾਰੀਆਂ ਨੂੰ ਖੇਡ ਭਾਵਨਾ ਤੇ ਜ਼ਾਬਤੇ ਵਿੱਚ ਖੇਡਣ ਲਈ ਨਸੀਹਤਾਂ ਦੇ ਰਿਹਾ ਸੀ। ਟਾਸ ਪਾਈ ਗਈ ਤੇ ਮੈਚ ਸ਼ੁਰੂ ਹੋਇਆ। ਵਿਰੋਧੀ ਟੀਮ ਟਾਸ ਜਿੱਤ ਗਈ ਸੀ। ਵਿਰੋਧੀ ਟੀਮ ਦੇ ਕੈਪਟਨ ਨੇ ਕਬੱਡੀ ਪਾਈ, ਜੋ ਬਨਿਾਂ ਹੱਥ ਲਾਏ ਵਾਪਸ ਆ ਗਿਆ, ਪਰ ਉਸ ਦੀ ਦਲੇਰੀ ਤੇ ਵਿਲੱਖਣ ਅੰਦਾਜ਼ ਨੇ ਦੂਜੇ ਖਿਡਾਰੀਆਂ ਵਿੱਚ ਸਹਿਮ ਪੈਦਾ ਕਰ ਦਿੱਤਾ।
“ਚੱਲ ਓਏ ਪੰਮੇ, ਹੱਥ ਲਾ ਕੇ ਆਵੀਂ। ਖਾਲੀ ਨਾ ਮੁੜੀਂ।” ਹਰਜੀਤ ਨੇ ਆਪਣੀ ਕਬੱਡੀ ਟੀਮ ਦੇ ਕੈਪਟਨ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਖਿਆ।
“ਅਗਲੇ ਹੱਥ ਲਾਉਣ ਦਿੰਦੇ ਨੇ। ਖ਼ਾਲਾ ਜੀ ਦਾ ਵਾੜਾ ਨ੍ਹੀਂ ਐਂ।” ਦਰਸ਼ਕਾਂ ਵਿੱਚੋਂ ਕੋਈ ਉੱਚੀ ਦੇਣੀ ਬੋਲਿਆ। ਪੰਮਾ ਵੀ ਬਨਿਾਂ ਹੱਥ ਲਾਏ ਖਾਲੀ ਮੁੜ ਆਇਆ।
“ਖਾਲੀ ਮੁੜਨ ਦਾ ਕੀ ਫਾਇਦਾ? ਸਕੂਲ ਵਿੱਚ ਬਥੇਰੀਆਂ ਥਾਪੀਆਂ ਮਾਰਦਾ ਰਹਿੰਨੈ। ਐਥੇ ਤੈਨੂੰ ਕੀ ਹੋ ਗਿਆ?” ਹਰਜੀਤ ਪੰਮੇ ਦੀ ਖਿਚਾਈ ਕਰਦਾ ਹੋਇਆ ਬੋਲਿਆ।
ਦੋਵੇਂ ਟੀਮਾਂ ਬੜੇ ਸੰਕੋਚ ਤੇ ਜ਼ਾਬਤੇ ਨਾਲ ਖੇਡ ਰਹੀਆਂ ਸਨ। ਫਾਈਨਲ ਮੈਚ ਹੋਣ ਕਾਰਨ ਮੈਚ ਬੜਾ ਫਸਵਾਂ ਸੀ। ਕੋਈ ਖਿਡਾਰੀ ਕਿਸੇ ਪ੍ਰਕਾਰ ਦਾ ਰਿਸਕ ਲੈਣ ਲਈ ਤਿਆਰ ਨਹੀਂ ਸੀ। ਛੋਟੀ ਜਿਹੀ ਲਾਪਰਵਾਹੀ ਹਾਰ ਦਾ ਮੂੰਹ ਵਿਖਾ ਸਕਦੀ ਸੀ। ਜ਼ਾਬਤੇ ਵਿੱਚ ਖੇਡਣਾ ਦੋਵਾਂ ਟੀਮਾਂ ਦੀ ਮਜਬੂਰੀ ਵੀ ਸੀ ਤੇ ਲਾਚਾਰੀ ਵੀ। ਸਖ਼ਤ ਟੱਕਰ ਦੇਣ ਦੇ ਬਾਵਜੂਦ ਵਿਰੋਧੀ ਟੀਮ ਕਬੱਡੀ ਮੈਚ ਜਿੱਤ ਗਈ। ਹਰਜੀਤ ਬੜਾ ਗੁੱਸੇ ਵਿੱਚ ਸੀ। ਉਹ ਆਪਣੇ ਖਿਡਾਰੀਆਂ ਨੂੰ ਇੰਜ ਘੂਰ ਰਿਹਾ ਸੀ, ਜਿਵੇਂ ਉਹ ਜਾਣ ਬੁੱਝ ਕੇ ਹਾਰੇ ਹੋਣ। ਸੁਖਬੀਰ ਵੀ ਨਮੋਸ਼ੀ ਜਿਹੀ ’ਚ ਬੈਠਾ ਇੱਧਰ ਉੱਧਰ ਝਾਕ ਰਿਹਾ ਸੀ, ਪਰ ਉਸ ਨੂੰ ਆਪਣੀ ਟੀਮ ਦੀ ਹਾਰ ਨਾਲੋਂ ਨਲਕੇ ’ਤੇ ਵਾਪਰੀ ਘਟਨਾ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ। ਫਿਰ ਸੁਖਬੀਰ ਦੇ ਕੰਨੀਂ ਕੁਝ ਜਨਾਨੀਆਂ ਦੇ ਉੱਚੀ-ਉੱਚੀ ਹੱਸਣ ਦੀ ਆਵਾਜ਼ ਪਈ। ਉਸ ਨੇ ਉੱਧਰ ਵੇਖਿਆ। ਉਹੀ ਮੈਡਮ ਦੂਰ ਖੜ੍ਹੀ ਆਪਣੀਆਂ ਸਾਥੀ ਅਧਿਆਪਕਾਵਾਂ ਨਾਲ ਉੱਚੀ-ਉੱਚੀ ਹੱਸ ਰਹੀ ਸੀ। ਸੁਖਬੀਰ ਨੂੰ ਇਉਂ ਜਾਪਿਆ ਜਿਵੇਂ ਉਹ ਸਮਝਾ ਰਹੀ ਹੋਵੇ ਕਿ ਜ਼ਿੰਦਗੀ ’ਚ ਨਿੱਕੀਆਂ-ਨਿੱਕੀਆਂ ਜਿੱਤਾਂ-ਹਾਰਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ, ਐਵੇਂ ਮਾਈਂਡ ਨਹੀਂ ਕਰੀਦਾ।
ਨਲਕੇ ਦਾ ਹੈਂਡਲ ਤਾਂ ਮੈਂ ਗੇੜਿਆ ਸੀ, ਪਰ ਆਪਣੀਆਂ ਰੰਗ-ਬਰੰਗੀਆਂ ਵੰਗਾਂ ਵਾਲੀਆਂ ਬਾਹਾਂ ਉਹ ਮੈਡਮ ਸਾਫ਼ ਕਰ ਰਹੀ ਸੀ। ਕੀ ਉਹ ਕੁਝ ਪਲਾਂ ਦਾ ਇੰਤਜ਼ਾਰ ਨਹੀਂ ਸੀ ਕਰ ਸਕਦੀ? ਕੀ ਹਮਦਰਦੀ ਸਮਝਦੇ ਹੋਏ ਉਸ ਨੇ ਅਣਜਾਣੇ ਹੀ ਆਪਣੀਆਂ ਬਾਹਾਂ ਨਲਕੇ ਅੱਗੇ ਕਰ ਲਈਆਂ ਸਨ? ਕੀ ਉਸ ਦੇ ਚਿਹਰੇ ’ਤੇ ਸੁੰਦਰ ਮੁਸਕਾਨ ਨੇ ਮੇਰਾ ਧੰਨਵਾਦ ਹੀ ਕੀਤਾ ਸੀ? ਪਰ ਮੈਂ ਤਾਂ ਇਸ ਮੈਡਮ ਨੂੰ ਪਹਿਲਾਂ ਕਦੇ ਕਿਧਰੇ ਵੇਖਿਆ ਵੀ ਨਹੀਂ ਏ। ਇਹ ਕੌਣ ਏ? ਇਹੋ ਜਿਹੇ ਅਨੇਕਾਂ ਸਵਾਲਾਂ ਨੇ ਸੁਖਬੀਰ ਦੇ ਮਨ ਵਿੱਚ ਅੱਤ ਮਚਾਈ ਹੋਈ ਸੀ। ਫਿਰ ਸੁਖਬੀਰ ਦੀ ਨਿਗ੍ਹਾ ਭਾਂਤ-ਭਾਂਤ ਦੇ ਫੁੱਲਾਂ ਨਾਲ ਸ਼ਿੰਗਾਰੀ ਬਾਬੂ ਰਾਮ ਦੀ ਫੁੱਲਵਾੜੀ ’ਤੇ ਪਈ। ਰੰਗ-ਬਰੰਗੇ ਫੁੱਲਾਂ ਦੀ ਖ਼ੁਸ਼ਬੂ ਸ਼ਹਿਦ ਦੀਆਂ ਮੱਖੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ। ਸੁਖਬੀਰ ਨੇ ਸੋਚਿਆ ਕਿ ਸ਼ਾਇਦ ਉਸ ਨਾਲ ਵੀ ਅੱਜ ਇੰਜ ਹੀ ਵਾਪਰਿਆ ਹੋਵੇ। ਫਿਰ ਉਹ ਇਨ੍ਹਾਂ ਸਭ ਗੱਲਾਂ ਨੂੰ ਭੁੱਲ-ਭੁਲਾ ਕੇ ਮੈਚ ਵੇਖਣ ਵੱਲ ਰੁਚਿਤ ਹੋ ਗਿਆ।
ਹੁਣ ਦੁਪਹਿਰ ਢਲ ਗਈ ਸੀ ਤੇ ਟੂਰਨਾਮੈਂਟ ਦਾ ਆਖ਼ਰੀ ਦਨਿ ਹੋਣ ਕਰਕੇ ਮੈਚ ਵੀ ਲਗਭਗ ਖ਼ਤਮ ਹੋਣ ਵਾਲੇ ਸਨ। ਇਨਾਮ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਸੀ। ਫੁੱਟਬਾਲ ਦੇ ਗਰਾਊਂਡ ਵਿੱਚ ਇੱਕ ਵੱਡਾ ਸਾਰਾ ਪੰਡਾਲ ਸ਼ਾਮਿਆਨੇ ਨਾਲ ਸਜਾਇਆ ਜਾ ਰਿਹਾ ਸੀ। ਆਪਣੇ ਹਲਕੇ ਦੇ ਮੰਤਰੀ ਜੇਤੂ ਟੀਮਾਂ ਨੂੰ ਇਨਾਮ ਵੰਡਣ ਪਹੁੰਚ ਰਹੇ ਸਨ। ਸ਼ਾਮ ਤਿੰਨ ਕੁ ਵਜੇ ਸਮਾਗਮ ਸ਼ੁਰੂ ਹੋਣਾ ਸੀ। ਚਾਰੇ ਪਾਸੇ ਵਿਆਹ ਵਰਗਾ ਮਾਹੌਲ ਬਣਦਾ ਜਾ ਰਿਹਾ ਸੀ। ਵੱਖ-ਵੱਖ ਸਕੂਲਾਂ ਦੇ ਬੱਚੇ ਰੰਗ-ਬਰੰਗੀਆਂ ਵਰਦੀਆਂ ’ਚ ਸਜੇ ਟੂਰਨਾਮੈਂਟ ਦੀ ਰੌਣਕ ਨੂੰ ਹੋਰ ਵੀ ਵਧੇਰੇ ਖ਼ੂਬਸੂਰਤ ਬਣਾ ਰਹੇ ਸਨ। ਮਾਲੀ ਬਾਬੂ ਰਾਮ ਵੀ ਅੱਜ ਖ਼ੂਬ ਨਿੱਖਰਿਆ ਹੋਇਆ ਸੀ। ਚਿੱਟਾ ਕਮੀਜ਼ ਪਜਾਮਾ ਪਾਈਂ ਤੇ ਸਿਰ ’ਤੇ ਲਾਲ ਪਰਨਾ ਵਲੇਟੀ ਉਹ ਆਪਣੀ ਦੁਲਹਨ ਵਾਂਗ ਸ਼ਿੰਗਾਰੀ ਫੁੱਲਵਾੜੀ ਵਿੱਚ ਕਦੇ ਇੱਕ ਕਿਆਰੀ ਨੂੰ ਪਾਣੀ ਲਗਾਉਂਦਾ ਤੇ ਕਦੇ ਦੂਜੀ ਨੂੰ। ਟਹਿਕ-ਟਹਿਕ ਕਰਦੇ ਫੁੱਲ ਮੱਲੋਜ਼ੋਰੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ। ਕੁਝ ਸ਼ਹਿਦ ਦੀਆਂ ਮੱਖੀਆਂ ਫੁੱਲਵਾੜੀ ਦੇ ਇਰਦ-ਗਿਰਦ ਚੱਕਰ ਲਾ ਰਹੀਆਂ ਸਨ। ਬਾਬੂ ਰਾਮ ਆਪਣੇ ਸਿਰ ’ਤੇ ਮੰਡਰਾ ਰਹੀਆਂ ਮੱਖੀਆਂ ਨੂੰ ਸਿਰ ’ਤੇ ਵਲੇਟੇ ਲਾਲ ਪਰਨੇ ਨਾਲ ਪਰੇ ਝਟਕ ਦਿੰਦਾ, ਪਰ ਫਿਰ ਵੀ ਕੁਝ ਹੋਰ ਮੱਖੀਆਂ ਉਸ ਦੇ ਗਾੜ੍ਹੇ ਕਾਲੇ ਵਾਲਾਂ ਕੋਲ ਤੇਜ਼ੀ ਨਾਲ ਆ ਟਪਕਦੀਆਂ। ਜਦੋਂ ਕੋਈ ਬਾਹਰਲੇ ਸਕੂਲ ਦੀ ਮੈਡਮ ਫੁੱਲਵਾੜੀ ਨੂੰ ਵੇਖਣ ਆਉਂਦੀ ਤਾਂ ਸਭ ਤੋਂ ਪਹਿਲਾਂ ਬਾਬੂ ਰਾਮ ਉਸ ਨੂੰ ਸ਼ਹਿਦ ਦੀਆਂ ਮੱਖੀਆਂ ਤੋਂ ਹੀ ਸਾਵਧਾਨ ਕਰਦਾ। ਉਹ ਆਪਣੇ ਸਕੂਲ ਦੀਆਂ ਮੈਡਮਾਂ ਦਾ ਤਾਂ ਇਸ ਪੱਖੋਂ ਖ਼ਾਸ ਧਿਆਨ ਰੱਖਦਾ ਸੀ ਕਿ ਕਿਧਰੇ ਕੋਈ ਮੱਖੀ ਮੈਡਮਾਂ ਨੂੰ ਡੰਗ ਹੀ ਨਾ ਮਾਰ ਦੇਵੇ। ਮੁੱਖ ਮਹਿਮਾਨ ਦੇ ਆਉਣ ਦੀ ਉਡੀਕ ਵਿੱਚ ਸਾਰਾ ਸਟਾਫ਼ ਪੱਬਾਂ ਭਾਰ ਹੋਇਆ ਪਿਆ ਸੀ। ਚਾਰੇ ਪਾਸੇ ਪਸਰੀ ਰੌਣਕ ਹਰ ਇੱਕ ਦਾ ਮਨ ਮੋਹ ਰਹੀ ਸੀ। ਸੁਖਬੀਰ ਵੀ ਆਪਣੇ ਕੁਝ ਸਾਥੀ ਅਧਿਆਪਕਾਂ ਦੀ ਢਾਣੀ ਵਿੱਚ ਖੜ੍ਹਾ ਇਸ ਮੇਲੇ ਵਰਗੀ ਰੌਣਕ ਦਾ ਖ਼ੂਬ ਆਨੰਦ ਮਾਣ ਰਿਹਾ ਸੀ, ਪਰ ਨਲਕੇ ਵਾਲੀ ਘਟਨਾ ਕਦੇ-ਕਦੇ ਉਸ ਨੂੰ ਡੂੰਘੀ ਸੋਚ ਵਿੱਚ ਪਾ ਦਿੰਦੀ। ਅਚਾਨਕ ਸੁਖਬੀਰ ਦੀ ਨਿਗ੍ਹਾ ਫੁਲਬਾੜੀ ਕੋਲੋਂ ਲੰਘ ਰਹੀ ਉਸ ਮੈਡਮ ਵੱਲ ਪਈ। ਉਹ ਦੁਚਿੱਤੀ ਵਿੱਚ ਸੀ ਕਿ ਮੈਡਮ ਨੂੰ ਬੁਲਾ ਲਵੇ ਜਾਂ ਨਾ। ਆਖ਼ਿਰ ਉਸ ਨੇ ਮਾਹੌਲ ਵਿੱਚ ਪਸਰੀ ਚਹਿਲ-ਪਹਿਲ ਦਾ ਫਾਇਦਾ ਉਠਾਉਂਦਿਆਂ ਫੁੱਲਵਾੜੀ ਕੋਲੋਂ ਲੰਘ ਰਹੀ ਉਸ ਮੈਡਮ ਨੂੰ ਹੌਸਲਾ ਕਰਕੇ ਬੁਲਾ ਹੀ ਲਿਆ।
“ਮੈਡਮ, ਮੁਆਫ਼ ਕਰਨਾ! ਤੁਹਾਡਾ ਨਾਂ ਕੀ ਏ?”
“ਜੀ, ਸੁਨੀਤਾ।”
“ਤੁਸੀਂ ਇਸ ਸਕੂਲ ਵਿੱਚ ਨਵੇਂ ਆਏ ਹੋ?”
“ਹਾਂ ਸਰ, ਮੈਂ ਮਹੀਨਾ ਕੁ ਪਹਿਲਾਂ ਹੀ ਬਦਲੀ ਕਰਾ ਕੇ ਆਈ ਹਾਂ।”
“ਇਸ ਤੋਂ ਪਹਿਲਾਂ ਤੁਸੀਂ ਕਿੱਥੇ ਸੀ?”
“ਜੀ, ਜਲੰਧਰ ਜ਼ਿਲ੍ਹੇ ਵਿੱਚ।”
“ਤੁਸੀਂ ਐਨੀ ਦੂਰ ਬਦਲੀ ਕਿਉਂ ਕਰਾਈ ਏ ਜੀ?”
“ਜੀ, ਮੇਰੇ ਹਸਬੈਂਡ ਇੱਥੇ ਬਿਜਲੀ ਬੋਰਡ ਵਿੱਚ ਜੇ.ਈ. ਨੇ।”
“ਤੁਸੀਂ ਇਸੇ ਸ਼ਹਿਰ ਵਿੱਚ ਰਹਿੰਦੇ ਹੋ?” ਸੁਖਬੀਰ ਨੇ ਪੁੱਛਿਆ।
“ਜੀ, ਹਾਂ।”
“ਕਿਹੜੇ ਮੁਹੱਲੇ ਵਿੱਚ?”
“ਮੈਡਮ, ਬਗੀਚੇ ਸੇ ਇਧਰ-ਉਧਰ ਹੋ ਜਾਓ। ਆਪਕੇ ਸਰ ਪੇ ਮੱਖੀਆਂ ਮੰਡਰਾ ਰਹੀ ਹੈਂ। ਯਦੀ ਆਪ ਕੋ ਕਿਸੇ ਮੱਖੀ ਨੇ ਕਾਟ ਲਿਆ ਤੋਂ ਮੁਝੇ ਗਾਲੀ ਮਤ ਦੇਨਾ। ਆਪ ਕੇ ਲੀਏ ਦਵਾਈ ਤੋ ਮੁਝੇ ਹੀ ਸ਼ਹਿਰ ਸੇ ਲਾਨੀ ਪੜੇਗੀ ਨਾ। ਯੇਹ ਮਾਸਟਰ ਜੀ ਸਭ ਭਾਗ ਜਾਏਂਗੇ।” ਮੈਡਮ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਬਾਬੂ ਰਾਮ ਉੱਚੀ ਦੇਣੀਂ ਬੋਲਿਆ। ਜਿਵੇਂ ਉਸ ਤੋਂ ਕੋਈ ਬਾਹਰਲੇ ਸਕੂਲ ਦਾ ਅਧਿਆਪਕ ਆਪਣੇ ਸਕੂਲ ਦੀ ਮੈਡਮ ਨਾਲ ਗੱਲਾਂ ਕਰਦਾ ਜ਼ਰ ਨਾ ਹੋਇਆ ਹੋਵੇ। ਮਾਲੀ ਬਾਬੂ ਰਾਮ ਦੀ ਇਹ ਚਿਤਾਵਨੀ ਸੁਣ ਕੇ ਮੈਡਮ ਕਾਹਲੀ-ਕਾਹਲੀ ਆਪਣੀਆਂ ਦੂਜੀਆਂ ਸਾਥੀ ਮੈਡਮਾਂ ਨਾਲ ਜਾ ਰਲੀ। ਸੁਖਬੀਰ ਨੂੰ ਅੰਦਰੇ-ਅੰਦਰ ਮਾਲੀ ’ਤੇ ਗੁੱਸਾ ਆ ਰਿਹਾ ਸੀ। ਉਹ ਕਾਫ਼ੀ ਦੇਰ ਗੁੱਸੇ ’ਚ ਮਾਲੀ ਵੱਲ ਵੇਖਦਾ ਰਿਹਾ। ਉਹ ਕਰ ਵੀ ਕੀ ਸਕਦਾ ਸੀ। ਇਸ ਲਈ ਉਸ ਨੇ ਗੁੱਸਾ ਥੁੱਕਣਾ ਹੀ ਬਿਹਤਰ ਸਮਝਿਆ।
‘ਯੇਹ ਬੜੀ ਬੜੀ ਮੱਖੀਆਂ ਕਹਾਂ ਸੇ ਆ ਜਾਤੀ ਹੈਂ? ਬਾਬੂ ਰਾਮ, ਫੂਲੋਂ ਕੀ ਸੁਗੰਧ ਦੇਖ ਕਰ ਮੱਖੀਓਂ ਨੇ ਤੋ ਆਨਾ ਹੀ ਹੈ ਨਾ। ਯੇਹ ਤੋ ਕੁਦਰਤ ਕਾ ਅਸੂਲ ਭੀ ਹੈ ਨਾ। ਤੁਮ ਕਿਤਨੀ ਦੇਰ ਕਿਸੀ ਕੋ ਮੱਖੀਓਂ ਸੇ ਬਚਾ ਲੋਗੇ। ਤੁਮਨੇ ਕਿਆ ਦੁਨੀਆ ਕਾ ਠੇਕਾ ਲੇ ਰੱਖਾ ਹੈ?’ ਬਾਬੂ ਰਾਮ, ਸੁਖਬੀਰ ਦਾ ਖਿੱਝਿਆ ਮੂਡ ਵੇਖ ਕੇ ਫੁੱਲਵਾੜੀ ਵਿੱਚ ਘੁੰਮਦਾ ਆਪਣੇ ਆਪ ਨਾਲ ਹੀ ਬੁੜਬੁੜਾ ਰਿਹਾ ਸੀ।
ਸਮਾਂ ਤਿੰਨ ਵਜੇ ਤੋਂ ਟੱਪ ਚੁੱਕਾ ਸੀ। ਸਾਰੇ ਅਧਿਆਪਕ ਮੁੱਖ ਮਹਿਮਾਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਚਾਰ ਕੁ ਵਜੇ ਦੇ ਲਗਭਗ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਮੰਤਰੀ ਸਾਹਿਬਾਨ ਆਪਣੇ ਲਾਮ ਲਸ਼ਕਰ ਸਮੇਤ ਪੰਡਾਲ ਵਿੱਚ ਪਹੁੰਚ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਉਨ੍ਹਾਂ ਦੇ ਨਾਲ ਹੀ ਸੀ। ਸਮਾਗਮ ਸ਼ੁਰੂ ਹੋਇਆ। ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਅਧਿਆਪਕ ਨੇ ਮੁੱਖ ਮਹਿਮਾਨ ਅਤੇ ਹੋਰ ਨਾਲ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸਮਾਂ ਕੁਝ ਵਧੇਰੇ ਹੋ ਜਾਣ ਕਾਰਨ ਜੇਤੂ ਟੀਮਾਂ ਨੂੰ ਕਾਹਲੀ-ਕਾਹਲੀ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਦੁਆਰਾ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਦੁਆਰਾ ਪੇਸ਼ ਕੀਤੇ ਗਿੱਧੇ ਤੇ ਭੰਗੜੇ ਦੀਆਂ ਆਈਟਮਾਂ ਨੇ ਦਰਸ਼ਕਾਂ ਦੀ ਖ਼ਾਸੀ ਵਾਹ-ਵਾਹ ਖੱਟੀ।
“ਪ੍ਰਿੰਸੀਪਲ ਸਾਬ੍ਹ, ਇਹ ਸੱਭਿਆਚਾਰਕ ਪ੍ਰੋਗਰਾਮ ਕਿਸ ਨੇ ਤਿਆਰ ਕੀਤਾ ਏ?” ਸਾਰਾ ਪ੍ਰੋਗਰਾਮ ਵੇਖਣ ਤੋਂ ਬਾਅਦ ਮੰਤਰੀ ਨੇ ਸਕੂਲ ਪ੍ਰਿੰਸੀਪਲ ਨੂੰ ਪੁੱਛਿਆ।
“ਸਰ, ਸਾਡੇ ਸਕੂਲ ਦੀ ਮੈਡਮ ਏ ਸੁਨੀਤਾ, ਇਹ ਸਾਰਾ ਪ੍ਰੋਗਰਾਮ ਉਨ੍ਹਾਂ ਨੇ ਹੀ ਤਿਆਰ ਕਰਾਇਆ ਏ।”
“ਬਹੁਤ ਵਧੀਆ ਪੇਸ਼ਕਾਰੀ ਏ।” ਮੰਤਰੀ ਨੇ ਵੀ ਉਸ ਪ੍ਰੋਗਰਾਮ ਨੂੰ ਖ਼ੂਬ ਸਲਾਹਿਆ। ਪ੍ਰੋਗਰਾਮ ਦੇ ਅੰਤ ਵਿੱਚ ਮੈਡਮ ਸੁਨੀਤਾ ਨੇ ਆਪਣੀ ਲਿਖੀ ਇੱਕ ਕਵਿਤਾ ਤਰੰਨੁਮ ਵਿੱਚ ਸੁਣਾ ਕੇ ਸਟੇਜ ’ਤੇ ਬੈਠੇ ਪ੍ਰਧਾਨਗੀ ਮੰਡਲ ਤੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਕੋਈ ਵੀ ਵਿਅਕਤੀ ਮੈਡਮ ਦੀ ਤਾਰੀਫ਼ ਕਰਨੋਂ ਨਾ ਰਹਿ ਸਕਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੰਤਰੀ ਜੀ ਨੇ ਜਿੱਥੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ, ਨਾਲ ਹੀ ਸੱਭਿਆਚਾਰਕ ਪ੍ਰੋਗਰਾਮ ਦੀ ਇੰਚਾਰਜ ਸੁਨੀਤਾ ਮੈਡਮ ਦੀ ਵੀ ਭਰਵੀਂ ਪ੍ਰਸ਼ੰਸਾ ਕੀਤੀ। ਖ਼ਾਸ ਕਰਕੇ ਮੈਡਮ ਦੁਆਰਾ ਬੋਲੀ ਕਵਿਤਾ ਨੂੰ ਤਾਂ ਉਸ ਨੇ ਰੱਜ ਕੇ ਸਲਾਹਿਆ। ਹੌਸਲਾ ਅਫ਼ਜ਼ਾਈ ਲਈ ਬੱਚਿਆਂ ਦੇ ਨਾਲ-ਨਾਲ ਮੈਡਮ ਸੁਨੀਤਾ ਨੂੰ ਵੀ ਸਪੈਸ਼ਲ ਇਨਾਮ ਦਿੱਤਾ ਗਿਆ।
“ਪ੍ਰਿੰਸੀਪਲ ਸਾਬ੍ਹ, ਆਪਣੇ ਸਕੂਲ ਦੇ ਮਾਲੀ ਨੂੰ ਬੁਲਾਓ। ਉਸ ਦੀ ਫੁਲਬਾੜੀ ਬਹੁਤ ਸੁੰਦਰ ਏ।” ਆਪਣੇ ਭਾਸ਼ਣ ਦੌਰਾਨ ਹੀ ਮੰਤਰੀ ਨੇ ਸਕੂਲ ਦੇ ਮਾਲੀ ਨੂੰ ਸਟੇਜ ’ਤੇ ਬੁਲਾ ਕੇ ਉਸ ਦੀ ਭਰਵੀਂ ਪ੍ਰਸ਼ੰਸਾ ਕੀਤੀ। ਤੇ ਉਸ ਨੂੰ ਨਿੱਜੀ ਤੌਰ ’ਤੇ ਪੰਜ ਸੌ ਰੁਪਏ ਇਨਾਮ ਵਜੋਂ ਦਿੱਤੇ। ਇਨਾਮ ਪ੍ਰਾਪਤ ਕਰਕੇ ਅੱਜ ਬਾਬੂ ਰਾਮ ਦਾ ਚਿਹਰਾ ਵੀ ਫੁੱਲਾਂ ਵਾਂਗ ਖਿੜਿਆ ਹੋਇਆ ਸੀ। ਉਸ ਨੂੰ ਇਉਂ ਜਾਪ ਰਿਹਾ ਸੀ ਜਿਵੇਂ ਉਸ ਨੂੰ ਅੱਜ ਉਸ ਦੀ ਮਿਹਨਤ ਦਾ ਫ਼ਲ ਮਿਲਿਆ ਹੋਵੇ। ਸਾਰੇ ਅਧਿਆਪਕ ਬਾਬੂ ਰਾਮ ਨੂੰ ਵਧਾਈਆਂ ਦੇ ਰਹੇ ਸਨ। ਅਤੇ ਉਸ ਦੀ ਰੰਗ-ਬਰੰਗੇ ਫੁੱਲਾਂ ਨਾਲ ਖਿੜੀ ਫੁੱਲਵਾੜੀ ਵੇਖ-ਵੇਖ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਸਨ।
ਸਮਾਗਮ ਸਮਾਪਤ ਹੋਣ ਤੋਂ ਬਾਅਦ ਸਭ ਬਾਹਰੋਂ ਆਏ ਅਧਿਆਪਕ, ਬੱਚੇ ਅਤੇ ਦਰਸ਼ਕ ਆਪੋ-ਆਪਣੇ ਘਰਾਂ ਨੂੰ ਪਰਤ ਗਏ ਸਨ। ਤਿੰਨ ਦਨਿ ਚੱਲੇ ਟੂਰਨਾਮੈਂਟ ਦਾ ਲੇਖਾ-ਜੋਖਾ ਕਰਨ ’ਤੇ ਕੁਝ ਭੁਗਤਾਨ ਵਗੈਰਾ ਕਰਨ ਲਈ ਸਾਰਾ ਸਕੂਲ ਸਟਾਫ਼ ਦਫ਼ਤਰ ਵਿੱਚ ਬੈਠਾ ਮੀਟਿੰਗ ਕਰ ਰਿਹਾ ਸੀ। ਪ੍ਰਿੰਸੀਪਲ ਸਾਹਿਬ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਸੁਚੱਜੀ ਪੇਸ਼ਕਾਰੀ ਲਈ ਮੈਡਮ ਸੁਨੀਤਾ ਨੂੰ ਆਪਣੇ ਵੱਲੋਂ ਵੀ ਵਧਾਈ ਦਿੱਤੀ ਕਿਉਂਕਿ ਮੰਤਰੀ ਜੀ ਨੇ ਇਸ ਪ੍ਰੋਗਰਾਮ ਦੀ ਰੱਜਵੀਂ ਤਾਰੀਫ਼ ਕੀਤੀ ਸੀ ਅਤੇ ਇੰਚਾਰਜ ਮੈਡਮ ਦਾ ਦਿਲ ਖੋਲ੍ਹ ਕੇ ਗੁਣ-ਗਾਨ ਕੀਤਾ ਸੀ। ਪ੍ਰਿੰਸੀਪਲ, ਮਾਲੀ ਬਾਬੂ ਰਾਮ ਨੂੰ ਵੀ ਵਾਰ-ਵਾਰ ਸ਼ਾਬਾਸ਼ ਦੇ ਰਿਹਾ ਸੀ ਕਿਉਂਕਿ ਉਸ ਦੀ ਸੁੰਦਰ ਫੁੱਲਵਾੜੀ ਕਾਰਨ ਸਕੂਲ ਦੀ ਸ਼ਾਨ ਵਿੱਚ ਵਾਧਾ ਹੋਇਆ ਸੀ। ਪ੍ਰਿੰਸੀਪਲ ਨੇ ਸਮੁੱਚੇ ਟੂਰਨਾਮੈਂਟ ਦੀ ਸਫਲਤਾ ਲਈ ਸਾਰੇ ਸਟਾਫ਼ ਦਾ ਵੀ ਧੰਨਵਾਦ ਕੀਤਾ।
“ਬਾਬੂ ਰਾਮ ਅੱਜ ਤੇਰੇ ਅਤੇ ਮੈਡਮ ਸੁਨੀਤਾ ’ਤੇ ਸਾਹਿਬ ਬਹੁਤ ਖ਼ੁਸ਼ ਨੇ। ਕੀ ਗੱਲ ਏ?” ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੈਥ ਮਾਸਟਰ ਅਸ਼ੋਕ, ਮਾਲੀ ਬਾਬੂ ਰਾਮ ’ਤੇ ਵਿਅੰਗ ਕੱਸਦਾ ਹੋਇਆ ਬੋਲਿਆ।
“ਮਾਸਟਰ ਜੀ, ਹਮਾਰਾ ਕਾਮ ਵੀ ਤੋ ਅੱਛਾ ਹੈ ਨਾ। ਅੱਛੇ ਕਾਮ ਕੀ ਤੋ ਸਭੀ ਤਾਰੀਫ਼ ਕਰਤੇ ਹੈਂ।”
“ਬਾਬੂ ਰਾਮ, ਅਸੀਂ ਵੀ ਤਾਂ ਪ੍ਰਬੰਧ ਕਰਨ ਵਿੱਚ ਹਿੱਸਾ ਪਾਇਆ ਹੀ ਏ। ਸਾਰੇ ਸਟਾਫ਼ ਦਾ ਬਰਾਬਰ ਦਾ ਯੋਗਦਾਨ ਹੁੰਦੈ। ਇਕੱਲਾ ਕੋਈ ਕੁਝ ਨਹੀਂ ਕਰ ਸਕਦੈ।”
“ਮਾਸਟਰ ਜੀ, ਆਪ ਤੋ ਬਨਿਾਂ ਵਜ੍ਹਾ ਮੁਝ ਕੇ ਸਾਥ ਮਜ਼ਾਕ ਕਰਤੇ ਹੋ। ਆਪਕੀ ਵੀ ਤੋ ਸਾਹਿਬ ਨੇ ਪ੍ਰਸ਼ੰਸਾ ਕੀ ਹੈ। ਦਫ਼ਤਰ ਮੇਂ ਸਭੀ ਕਾ ਧੰਨਿਆਵਾਦ ਕੀਆ ਹੈ। ਆਪ ਭੀ ਸਾਥ ਹੀ ਹੋ ਨਾ।”
“ਬਾਬੂ ਰਾਮ ਇਹ ਤਾਂ ਫਾਰਮੈਲਟੀ ਏ। ਅਸਲੀ ਸ਼ਾਬਾਸ਼ ਤਾਂ ਤੁਹਾਨੂੰ ਦੋਵਾਂ ਨੂੰ ਮਿਲੀ ਏ।”
“ਨਹੀਂ ਮਾਸਟਰ ਜੀ, ਯੇਹ ਤੋ ਆਪ ਕੋ ਭੁਲੇਖਾ ਹੈ। ਜਬ ਕਿਸੀ ਕਾ ਕਾਮ ਅੱਛਾ ਹੋ ਤੋ ਪ੍ਰਸੰਸਾ ਹੋ ਜਾਏ ਤੋ ਇਸ ਮੇਂ ਬੁਰੀ ਬਾਤ ਭੀ ਕਿਆ ਹੈ।”
“ਬਾਬੂ ਰਾਮ, ਅਸੀਂ ਬੁਰਾ ਨਹੀਂ ਮੰਨਦੇ। ਆਪਣੀ ਫੁਲਵਾੜੀ ਦੀ ਖ਼ੂਬ ਟਹਿਲ ਸੇਵਾ ਕਰਿਆ ਕਰ। ਕਈ ਲੋਕ ਚੋਰੀ ਛੁਪੇ ਫੁੱਲ ਤੋੜ ਲੈਂਦੇ ਨੇ। ਉਨ੍ਹਾਂ ਦਾ ਵੀ ਖ਼ਿਆਲ ਰੱਖਿਆ ਕਰ।” ਨਾਲ ਖੜ੍ਹੇ ਇੱਕ ਹੋਰ ਅਧਿਆਪਕ ਨੇ ਬਾਬੂ ਰਾਮ ਨੂੰ ਮਜ਼ਾਕੀਆ ਲਹਿਜੇ ਵਿੱਚ ਆਖਿਆ।
“ਮਾਸਟਰ ਜੀ, ਆਪ ਤੋ ਸਭੀ ਮੁਝੇ ਜਾਨਬੂਝ ਕਰ ਮਜ਼ਾਕ ਕਰਤੇ ਹੈਂ।” ਬਾਬੂ ਰਾਮ ਨਿਰਾਸ਼ ਜਿਹਾ ਹੋਇਆ ਬੋਲਿਆ। “ਬਾਬੂ ਰਾਮ, ਦਫ਼ਤਰ ਆ ਜ਼ਰਾ। ਐਵੇਂ ਬਾਹਰ ਖੜ੍ਹਾ ਫਾਲਤੂ ਦੀਆਂ ਗੱਲਾਂ ਮਾਰੀ ਜਾਨੈਂ।” ਪ੍ਰਿੰਸੀਪਲ ਨੇ ਦਫ਼ਤਰ ਬੈਠਿਆਂ ਹੀ ਬਾਬੂ ਰਾਮ ਨੂੰ ਉੱਚੀ ਦੇਣੀਂ ਆਵਾਜ਼ ਮਾਰੀ।
“ਜੀ ਸਰ,” ਦਫ਼ਤਰ ਆਉਂਦਿਆਂ ਬਾਬੂ ਰਾਮ ਬੋਲਿਆ।
“ਕੱਲ੍ਹ ਸਕੂਲ ਬੰਦ ਏ, ਪਰ ਮੈਂ ਸਕੂਲ ਆਵਾਂਗਾ। ਕੁਝ ਭੁਗਤਾਨ ਕਰਨ ਤੋਂ ਰਹਿ ਗਿਆ ਏ। ਉਹ ਕੱਲ੍ਹ ਕਰਨਾ ਏਂ।”
“ਠੀਕ ਐ ਸਰ। ਮੈਂ ਦਫ਼ਤਰ ਖੋਲ੍ਹ ਦੂੰਗਾ।”
ਤੀਸਰੇ ਦਨਿ ਸਕੂਲ ਆਮ ਵਾਂਗ ਲੱਗਿਆ। ਸਾਰੇ ਅਧਿਆਪਕ ਪਹਿਲਾਂ ਦੀ ਤਰ੍ਹਾਂ ਪੜ੍ਹਾਈ ਵਿੱਚ ਜੁਟ ਗਏ।
“ਬਾਬੂ ਰਾਮ, ਮੈਡਮ ਸੁਨੀਤਾ ਤੂੰ ਜ਼ਰਾ ਦਫ਼ਤਰ ਬੁਲਾਈਂ। ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਉਹਦਾ ਇੱਕ ਪੱਤਰ ਆਇਐ।” ਕੁਝ ਕੁ ਦਨਿਾਂ ਬਾਅਦ ਸਕੂਲ ਲੱਗਦਿਆਂ ਹੀ ਪ੍ਰਿੰਸੀਪਲ ਨੇ ਬਾਬੂ ਰਾਮ ਨੂੰ ਆਖਿਆ। ਮਾਲੀ ਬਾਬੂ ਰਾਮ ਖ਼ੁਸ਼ੀ-ਖ਼ੁਸ਼ੀ ਮੈਡਮ ਸੁਨੀਤਾ ਨੂੰ ਬੁਲਾਉਣ ਗਿਆ ਕਿ ਸ਼ਾਇਦ ਉਸ ਦੀ ਪ੍ਰਸ਼ੰਸਾ ਦਾ ਕੋਈ ਹੋਰ ਪੱਤਰ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਆਇਆ ਏ।
“ਮੈਡਮ ਜੀ, ਆਪ ਕੋ ਦਫ਼ਤਰ ਮੇਂ ਸਾਹਿਬ ਨੇ ਬੁਲਾਇਆ ਹੈ। ਜ਼ਰਾ ਜਲਦੀ ਆਨਾ।”
“ਇਤਨੀ ਜਲਦੀ ਕਿਆ ਹੈ, ਬਾਬੂ ਰਾਮ?”
“ਆਪ ਕਾ ਕੋਈ ਸਰਕਾਰੀ ਪੱਤਰ ਆਇਆ ਹੈ, ਬੜੇ ਦਫ਼ਤਰ ਸੇ। ਸ਼ਾਇਦ ਆਪ ਕੋ ਔਰ ਪ੍ਰਸ਼ੰਸਾ ਮਿਲੇਗੀ, ਮੈਡਮ।”
ਮੈਡਮ ਸੁਨੀਤਾ ਕਾਹਲੀ-ਕਾਹਲੀ ਦਫ਼ਤਰ ਗਈ। ਸਾਹਿਬ ਐਨਕਾਂ ਲਾ ਚੁੱਪ-ਚਾਪ ਉਹ ਪੱਤਰ ਪੜ੍ਹ ਰਿਹਾ ਸੀ, ਜੋ ਮੈਡਮ ਸੁਨੀਤਾ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਆਇਆ ਸੀ। “ਸ਼ਾਇਦ, ਮੈਡਮ ਕੇ ਸਾਥ ਮੇਰੀ ਵੀ ਕੋਈ ਪ੍ਰਸੰਸਾ ਹੋ।” ਜਾਂਦੇ-ਜਾਂਦੇ ਬਾਬੂ ਰਾਮ ਨੇ ਸੋਚਿਆ। ਫਿਰ ਉਹ ਵੀ ਮੈਡਮ ਦੇ ਨਾਲ ਹੀ ਦਫ਼ਤਰ ਵਿੱਚ ਦਾਖਲ ਹੋ ਗਿਆ।
“ਸਰ, ਤੁਸੀਂ ਮੈਨੂੰ ਦਫ਼ਤਰ ਬੁਲਾਇਐ?” ਮੈਡਮ ਸੁਨੀਤਾ ਨੇ ਸਾਹਿਬ ਦੀ ਚੁੱਪ ਤੋੜਨ ਲਈ ਸਵਾਲ ਕੀਤਾ।
“ਮੈਡਮ, ਇਹ ਤੁਹਾਡਾ ਇੱਕ ਪੱਤਰ ਦਫ਼ਤਰ ਤੋਂ ਆਇਆ ਏ।”
“ਸਾਹਿਬ ਪੱਤਰ ਮੇਂ ਕਿਆ ਲਿਖਾ ਹੈ। ਮੈਡਮ ਕੀ ਪ੍ਰਸ਼ੰਸਾ ਕੀ ਹੈ ਨਾ।” ਮੈਡਮ ਦੇ ਕੁਝ ਆਖਣ ਤੋਂ ਪਹਿਲਾਂ ਹੀ ਮਾਲੀ ਬਾਬੂ ਰਾਮ ਕਾਹਲੀ ਵਿੱਚ ਬੋਲਿਆ।
“ਬਾਬੂ ਰਾਮ, ਤੂੰ ਐਵੇਂ ਵਿਚਾਲੇ ਈ ਬੋਲਦਾ ਰਹਨਿਾਂ। ਪਹਿਲਾਂ ਗੱਲ ਵੀ ਸੁਣ ਲਿਆ ਕਰ।” ਪ੍ਰਿੰਸੀਪਲ ਨੇ ਬਾਬੂ ਰਾਮ ਨੂੰ ਘੂਰਦੇ ਹੋਏ ਆਖਿਆ।
“ਸਰ, ਦਿਖਾਓਗੇ ਜ਼ਰਾ।” ਮੈਡਮ ਸੁਨੀਤਾ ਬੜੇ ਹੌਸਲੇ ਨਾਲ ਬੋਲੀ।
“ਬਸ ਦਿਖਾਣਾ ਕੀ ਏ। ਇਹ ਨੋਟ ਕਰ ਲਓ ਤੁਸੀਂ। ਤੁਹਾਡੀ ਡਿਊਟੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਸਰਵ ਸਿੱਖਿਆ ਅਭਿਆਨ ਵਿੱਚ ਡੈਪੂਟੇਸ਼ਨ ’ਤੇ ਲੱਗ ਗਈ ਏ। ਪੱਤਰ ਮਿਲਦੇ ਸਾਰ ਹੀ ਤੁਰੰਤ ਰੀਲੀਵ ਕਰਨ ਲਈ ਹਦਾਇਤ ਕੀਤੀ ਹੋਈ ਏ।” ਪ੍ਰਿੰਸੀਪਲ ਨੇ ਪੱਤਰ ਦਾ ਸਾਰ-ਅੰਸ਼ ਸੁਨੀਤਾ ਨੂੰ ਦੱਸ ਦਿੱਤਾ।
“ਸਰ, ਮੈਨੂੰ ਦੋ ਕੁ ਦਨਿ ਤਾਂ ਦਿਓ ਨਾ। ਮੈਂ ਡੈਪੂਟੇਸ਼ਨ ਰੁਕਵਾਉਣ ਦੀ ਕੋਸ਼ਿਸ਼ ਕਰਾਂਗੀ। ਮੇਰੇ ਬੱਚੇ ਨਿੱਕੇ-ਨਿੱਕੇ ਨੇ। ਤੇ ਮੇਰੇ ਲਈ ਰੋਜ਼ਾਨਾ ਐਡੀ ਦੂਰ ਦਫ਼ਤਰ ਜਾਣਾ ਬੜਾ ਮੁਸ਼ਕਿਲ ਏ। ਸਰ, ਕੀ ਤੁਸੀਂ ਮੇਰੀ ਕੁਝ ਮਦਦ ਕਰ ਸਕਦੇ ਹੋ?” ਮੈਡਮ ਨੇ ਪ੍ਰਿੰਸੀਪਲ ਸਾਹਿਬ ਨੂੰ ਆਖਿਆ।
“ਨਹੀਂ ਮੈਡਮ, ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਹੁਕਮ ਏ। ਮੈਨੂੰ ਤਾਂ ਇਸ ਦੀ ਪਾਲਣਾ ਕਰਨੀ ਹੀ ਪਵੇਗੀ। ਮੈਂ ਇਸ ਸਬੰਧ ਵਿੱਚ ਕੁਝ ਨਹੀਂ ਕਰ ਸਕਦਾ। ਹੁਕਮ ਤਾਂ ਹੁਕਮ ਹੀ ਹੁੰਦਾ ਏ।”
“ਸਰ, ਤੁਸੀਂ ਇੱਕ ਦਨਿ ਤਾਂ ਰੁਕ ਜਾਓ। ਮੈਂ ਉਸ ਮੰਤਰੀ ਦੀ ਸਿਫ਼ਾਰਸ਼ ਕਰਾ ਲਵਾਂਗੀ, ਜਿਸ ਨੇ ਸਮਾਗਮ ਵਾਲੇ ਦਨਿ ਮੇਰੀ ਰੱਜ ਕੇ ਤਾਰੀਫ਼ ਕੀਤੀ ਸੀ।”
“ਮੈਡਮ, ਇੱਕ ਦਨਿ ਤਾਂ ਕੀ, ਮੈਂ ਇੱਕ ਘੰਟਾ ਵੀ ਨਹੀਂ ਰੁਕ ਸਕਦਾ। ਪੱਤਰ ਵਿੱਚ ਤੁਰੰਤ ਰੀਲੀਵ ਕਰਨ ਲਈ ਲਿਖਿਆ ਏ।”
“ਦੇਖਾ ਮੈਡਮ ਜੀ, ਮਿਲ ਗਿਆ ਆਪ ਕੋ ਇਨਾਮ। ਯੇਹ ਜੋ ਮੰਤਰੀ ਲੋਗ ਹੋਤੇ ਹੈਂ ਨਾ, ਵੋ ਕਹਿਤੇ ਕੁਛ ਹੈਂ ਔਰ ਕਰਤੇ ਕੁਛ ਹੈਂ। ਸਾਹਿਬ ਆਗੇ ਸੇ ਹਮਾਰੇ ਸਕੂਲ ਮੇਂ ਟੂਰਨਾਮੈਂਟ ਮਤ ਕਰਾਨਾ। ਜੋ ਬਾਹਰ ਸੇ ਲੋਗ ਆਤੇ ਹੈਂ ਨਾ, ਵੋ ਮੇਰੇ ਬਗੀਚੇ ਕੋ ਭੀ ਬਹੁਤ ਨੁਕਸਾਨ ਪਹੁੰਚਾਤੇ ਹੈਂ। ਅੱਛੇ-ਅੱਛੇ ਫੂਲ ਤੋੜ ਕਰ ਲੇ ਜਾਤੇ ਹੈਂ।”
“ਬਾਬੂ ਰਾਮ, ਤੈਨੂੰ ਕਿੰਨੀ ਵਾਰ ਸਮਝਾਇਆ ਮੈਂ ਕਿ ਤੂੰ ਚੱਲਦੀ ਗੱਲ ਵਿੱਚ ਨਾ ਬੋਲਿਆ ਕਰ।” ਪ੍ਰਿੰਸੀਪਲ ਦੀ ਇੱਕੋ ਘੁਰਕੀ ਨਾਲ ਬਾਬੂ ਰਾਮ ਦਫ਼ਤਰ ਦੇ ਇੱਕ ਖੂੰਜੇ ਦੁਬਕ ਕੇ ਖਲੋ ਗਿਆ।
“ਮੈਡਮ, ਅਹਿ ਲਉ ਆਰਡਰ ਬੁਕ, ਕਰੋ ਸਾਈਨ। ਮੈਂ ਹੁਣ ਕੁਝ ਨਹੀਂ ਕਰ ਸਕਦਾ। ਬਾਅਦ ਵਿੱਚ ਵੇਖ ਲਵਾਂਗੇ।” ਆਰਡਰ ਬੁਕ ਮੈਡਮ ਦੇ ਅੱਗੇ ਕਰਦੇ ਹੋਏ ਪ੍ਰਿੰਸੀਪਲ ਨੇ ਆਖਿਆ।
“ਹੈ, ਅਬ ਤੂ ਇਸ ਦਫ਼ਤਰ ਮੇਂ ਵੀ ਆ ਬੜੀ।” ਬਾਬੂ ਰਾਮ ਦਰਵਾਜ਼ੇ ਦੀ ਫਟੀ ਹੋਈ ਜਾਲੀ ਵਿੱਚੋਂ ਦਫ਼ਤਰ ਵਿੱਚ ਦਾਖਲ ਹੋਈ ਇੱਕ ਸ਼ਹਿਦ ਦੀ ਮੱਖੀ ਨੂੰ ਆਪਣੇ ਸਿਰ ’ਤੇ ਵਲੇਟੇ ਲਾਲ ਪਰਨੇ ਨਾਲ ਜ਼ੋਰ ਦੀ ਝਟਕਦਾ ਹੋਇਆ ਉੱਚੀ ਦੇਣੀਂ ਬੋਲਿਆ। ਮੈਡਮ ਸੁਨੀਤਾ ਨੇ ਚੁੱਪ-ਚਾਪ ਬੇਵਸੀ ਜਿਹੀ ਵਿੱਚ ਆਰਡਰ ਬੁਕ ’ਤੇ ਸਾਈਨ ਕੀਤੇ ਤੇ ਦਫ਼ਤਰ ਤੋਂ ਬਾਹਰ ਚਲੀ ਗਈ। ਇਹ ਵੇਖ ਕੇ ਬਾਬੂ ਰਾਮ ਬਹੁਤ ਉਦਾਸ ਹੋਇਆ। ਅੱਜ ਉਸ ਨੂੰ ਆਪਣੀ ਫੁੱਲਵਾੜੀ ਵਿੱਚ ਲਟਕਾਈ ਤਖ਼ਤੀ ‘ਫੁੱਲ ਤੋੜਨਾ ਮਨ੍ਹਾ ਹੈ, ਧੰਨਵਾਦ’ ਬੇਅਰਥ ਜਾਪ ਰਹੀ ਸੀ।
ਸੰਪਰਕ: 61431696030