ਸ਼ਰੀਫ਼ ਸਿਆਸਤਦਾਨ, ਨੇਕ ਇਨਸਾਨ
ਸੁਰਿੰਦਰ ਸਿੰਘ ਤੇਜ
ਡਾ. ਮਨਮੋਹਨ ਸਿੰਘ ਨੇ ਆਪਣੀ ਸਵੈ-ਜੀਵਨੀ ਨਹੀਂ ਲਿਖੀ। ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦਾ ਜਵਾਬ ਸੀ: ‘‘ਸੱਚ ਹੋਰਨਾਂ ਨੂੰ ਠੇਸ ਪਹੁੰਚਾ ਸਕਦਾ ਹੈ। ਮੈਂ ਕਿਸੇ ਨੂੰ ਵੀ ਠੇਸ ਨਹੀਂ ਪੁਚਾਉਣੀ ਚਾਹੁੰਦਾ।’’ ਇਹ ਜਵਾਬ ਉਨ੍ਹਾਂ ਦੀ ਸ਼ਖ਼ਸੀਅਤ ਅੰਦਰਲੀ ਨਫ਼ਾਸਤ ਤੇ ਸ਼ਰਾਫ਼ਤ ਨੂੰ ਦ੍ਰਿਸ਼ਮਾਨ ਕਰਦਾ ਹੈ। ਅਜਿਹੀ ਝਿਜਕ ਦੇ ਬਾਵਜੂਦ ਦਰਮਿਆਨੀ ਬੇਟੀ ਦਮਨ ਸਿੰਘ ਵੱਲੋਂ ਲਿਖੀ ਕਿਤਾਬ ‘ਸਟ੍ਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ’ (ਹਾਰਪਰ ਕੌਲਿਨਜ਼; 595 ਰੁਪਏ) (ਪੰਜਾਬੀ ਰੂਪ: ਮਨਮੋਹਨ ਤੇ ਗੁਰਸ਼ਰਨ: ਇਕ ਅਣਕਹੀ ਦਾਸਤਾਨ; ਲਾਹੌਰ ਬੁੱਕਸ; 495 ਰੁਪਏ; ਅਨੁਵਾਦਕ: ਦੀਪ ਜਗਦੀਪ ਸਿੰਘ) ਵਿੱਚ ਉਨ੍ਹਾਂ ਦੀ ਨਿੱਜੀ ਸੋਚ, ਰਾਜਸੀ-ਸਮਾਜਿਕ ਘਟਨਾਵਾਂ ਪ੍ਰਤੀ ਉਨ੍ਹਾਂ ਦੇ ਨਜ਼ਰੀਏ, ਉਨ੍ਹਾਂ ਦੇ ਅਤੀਤ ਤੇ ਵਰਤਮਾਨ ਦਾ ਮੁਲਾਂਕਣ ਅਤੇ ਰਿਸ਼ਤੇ ਬਣਾਉਣ ਤੇ ਨਿਭਾਉਣ ਦੇ ਉਨ੍ਹਾਂ ਦੇ ਹੁਨਰ ਬਾਰੇ ਬਹੁਤ ਸਾਰੀ ਅਜਿਹੀ ਸਮੱਗਰੀ ਮੌਜੂਦ ਹੈ ਜੋ ਇੱਕ ਸ਼ਰੀਫ਼ ਤੇ ਜ਼ਹੀਨ ਇਨਸਾਨ ਅੰਦਰਲੀ ਦਿੜ੍ਹਤਾ ਤੇ ਮਜ਼ਬੂਤੀ ਦੀ ਪਰਦਾਕਸ਼ੀ ਕਰਦੀ ਹੈ। ਇਹ ਕਿਤਾਬ ਇੱਕ ਬੇਟੀ ਵੱਲੋਂ ਆਪਣੇ ਪਿਤਾ ਦੀ ਅਕਸ-ਉਸਾਰੀ ਦਾ ਉਪਰਾਲਾ ਨਹੀਂ, ਸਗੋਂ ਇੱਕ ਜੋੜੇ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੀ ਇਮਾਨਦਾਰੀ ਤੇ ਸਾਫ਼ਗੋਈ ਨਾਲ ਲਿਖੀ ਗਈ ਦਾਸਤਾਨ ਹੈ। ਕਿਤਾਬ ਇਹੋ ਬਿਆਨ ਕਰਦੀ ਹੈ ਕਿ ਇਹ ਜੋੜਾ ਸਾਧਾਰਨ ਹੋ ਕੇ ਵੀ ਅਸਾਧਾਰਨ ਕਿਉਂ ਸੀ। 2014 ਵਿੱਚ ਪ੍ਰਕਾਸ਼ਿਤ ਇਹ ਕਿਤਾਬ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦਾ ਖੁਲਾਸਾ ਨਹੀਂ ਕਰਦੀ। ਹਾਂ, ਉਨ੍ਹਾਂ ਦੇ ਉਸ ਰੁਤਬੇ ਤੱਕ ਪੁੱਜਣ ਦਾ ਜ਼ਿਕਰ ਤੇ ਪਿਛੋਕੜ ਇਸ ਵਿੱਚ ਜ਼ਰੂਰ ਮੌਜੂਦ ਹੈ। ਉਸ ਤੋਂ ਅਗਲੀ ਦਾਸਤਾਨ ਜਾਨਣ ਲਈ ਸ਼ਾਇਦ ਸਾਨੂੰ ਇਸ ਦੇ ਅਗਲੇ ਐਡੀਸ਼ਨ ਦੀ ਉਡੀਕ ਕਰਨੀ ਪਵੇਗੀ।
ਬੜਾ ਕੁਝ ਛਪ ਚੁੱਕਾ ਹੈ ਡਾ. ਮਨਮੋਹਨ ਸਿੰਘ ਦੇ ਵੀਰਵਾਰ (26 ਦਸੰਬਰ) ਨੂੰ ਇੰਤਕਾਲ ਤੋਂ ਬਾਅਦ। ਗ਼ੁਰਬਤ ਤੇ ਬਦਹਾਲੀ ਵਿੱਚ ਬੀਤੇ ਉਨ੍ਹਾਂ ਦੇ ਬਚਪਨ ਅਤੇ ਉਸ ਤੋਂ ਬਾਅਦ ਪ੍ਰਾਪਤੀ ਦੀਆਂ ਪੌੜੀਆਂ ਚੜ੍ਹਨ ਦੀਆਂ ਕਹਾਣੀਆਂ ਵੀ ਬਹੁਤ ਛਪ ਚੁੱਕੀਆ ਹਨ। ਉਨ੍ਹਾਂ ਨੂੰ ਦੁਹਰਾਉਣਾ ਹੁਣ ਵਾਜਬ ਨਹੀਂ ਜਾਪਦਾ। ਪਰ ਇੱਕ ਗੱਲ ਸਾਫ਼ ਹੈ ਕਿ ਦਸ ਭੈਣਾਂ-ਭਰਾਵਾਂ (ਇਨ੍ਹਾਂ ਵਿੱਚ ਉਨ੍ਹਾਂ ਦੀ ਮਤਰੇਈ ਮਾਂ ਦੇ ਪਹਿਲੇ ਵਿਆਹ ਵੇਲੇ ਦੇ ਜਾਏ ਵੀ ਸ਼ਾਮਲ ਸਨ) ਦੇ ਪਰਿਵਾਰ ਅਤੇ ਪਿਤਾ ਦੀ ਦੁਕਾਨਦਾਰਾਨਾ ਸੋਚ ਵਾਲੇ ਮਾਹੌਲ ਵਿੱਚੋਂ ਉਹ ਇਕੱਲੇ ਅਜਿਹੇ ਜੀਅ ਸਨ ਜਿਸ ਨੇ ਪਹਿਲਾਂ ਅਕਾਦਮਿਕ, ਫਿਰ ਸਮਾਜਿਕ-ਆਰਥਿਕ ਅਤੇ ਫਿਰ ਰਾਜਸੀ ਖੇਤਰ ਵਿੱਚ ਲਗਾਤਾਰ ਨਾਮ ਕਮਾਇਆ ਅਤੇ ਸ਼ਰਮੀਲੇ ਤੇ ਸਾਊ ਸੁਭਾਅ ਦੇ ਬਾਵਜੂਦ ਕੌਮਾਂਤਰੀ ਇਤਿਹਾਸ ’ਤੇ ਆਪਣੀ ਸ਼ਖ਼ਸੀ ਛਾਪ ਛੱਡੀ। ਸਾਊ ਬੰਦਿਆਂ ਨੂੰ ਅਕਸਰ ਡਰਪੋਕ ਸਮਝਿਆ ਜਾਂਦਾ ਹੈ। ਡਾ. ਸਿੰਘ ਵੀ ਅਕਸਰ ਅਜਿਹਾ ਹੀ ਪ੍ਰਭਾਵ ਦਿੰਦੇ ਰਹੇ। ਪਰ ਪਹਿਲਾਂ 1991 ਵਿੱਚ ਕੀਤੇ ਗਏ ਆਰਥਿਕ ਸੁਧਾਰਾਂ ਅਤੇ ਫਿਰ 2008 ਵਿੱਚ ਅਮਰੀਕਾ ਨਾਲ ਐਟਮੀ ਸੰਧੀ ਰਾਹੀਂ ਉਨ੍ਹਾਂ ਨੇ ਭਾਰਤੀ ਰਾਜਸੀ-ਆਰਥਿਕ ਸੋਚ-ਸੁਹਜ ਵਿੱਚ ਜੋ ਤਬਦੀਲੀ ਲਿਆਂਦੀ, ਉਹ ਸਦੀਵੀ ਬਰਕਰਾਰ ਰਹੇਗੀ।
ਅਕਾਦਮਿਕ ਹਸਤੀਆਂ ਵਿੱਚ ਅਖ਼ਬਾਰਾਂ-ਰਸਾਲਿਆਂ ਤੋਂ ਇਲਾਵਾ ਖੋਜ ਤੇ ਸ਼ੋਧ ਪਤ੍ਰਿਕਾਵਾਂ ਅਤੇ ਸੈਮੀਨਾਰਾਂ-ਗੋਸ਼ਟੀਆਂ ਵਿੱਚ ਛਾਏ ਰਹਿਣ ਦੀ ਪ੍ਰਵਿਰਤੀ ਤਾਂ ਹੁੰਦੀ ਹੀ ਹੈ, ਕਿਤਾਬਾਂ ਲਿਖਣ-ਛਪਵਾਉਣ ਦਾ ਚਾਅ ਵੀ ਘੱਟ ਨਹੀਂ ਹੁੰਦਾ। ਡਾ. ਮਨਮੋਹਨ ਸਿੰਘ ਇਸ ਸਭ ਤੋਂ ਨਿਰਲੇਪ ਰਹੇ। 2004 ਤੋਂ ਪਹਿਲਾਂ ਉਨ੍ਹਾਂ ਦੀ ਸਿਰਫ਼ ਇੱਕ ਕਿਤਾਬ ਛਪੀ। ਉਸ ਦਾ ਨਾਮ ਸੀ India’s Export Trends and Prospects for Self-Sustained Growth। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਇਹ ਪੀਐੱਚ.ਡੀ. ਲਈ ਉਨ੍ਹਾਂ ਦੇ ਥੀਸਿਜ਼ ਉੱਤੇ ਆਧਾਰਿਤ ਸੀ। 2004 ਤੋਂ 2019 ਤੱਕ ਛਪੀਆਂ ਚਾਰ ਹੋਰ ਕਿਤਾਬਾਂ ਉਨ੍ਹਾਂ ਦੇ ਲੇਖਾਂ, ਭਾਸ਼ਨਾਂ ਤੇ ਇੰਟਰਵਿਊਜ਼ ਆਦਿ ਦੇ ਸੰਗ੍ਰਹਿ ਸਨ ਜਿਨ੍ਹਾਂ ਰਾਹੀਂ ਅਰਥ-ਸ਼ਾਸਤਰੀ ਜਾਂ ਟੈਕਨੋਕਰੈਟ ਜਾਂ ਰਾਜਨੇਤਾ ਵਜੋਂ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਪਾਰਟੀ ਦਾ ਦ੍ਰਿਸ਼ਟੀਕੋਣ ਤਾਂ ਉਜਾਗਰ ਹੁੰਦਾ ਹੈ, ਉਨ੍ਹਾਂ ਦੇ ਨਿੱਜ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ। ਉਹ ਗਿਆਨ ਹਾਸਿਲ ਕਰਨ ਲਈ ਸਾਨੂੰ ਦਮਨ ਸਿੰਘ ਦੀ ਕਿਤਾਬ ਦਾ ਹੀ ਸਹਾਰਾ ਲੈਣਾ ਪੈਂਦਾ ਹੈ।
ਇਹ ਕਿਤਾਬ ਦੱਸਦੀ ਹੈ ਕਿ ਪੋਠੋਹਾਰ ਖਿੱਤੇ ਦੇ ਪਿੰਡ ਗਾਹ (ਜ਼ਿਲ੍ਹਾ ਚੱਕਵਾਲ, ਹੁਣ ਪਾਕਿਸਤਾਨ) ਵਿੱਚ ਜਨਮੇ ਮਨਮੋਹਨ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਤੋਂ ਸ਼ੁਰੂ ਕੀਤੀ, ਫਿਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ। ਸੰਤਾਲੀ ਵਾਲੀ ਦੇਸ਼-ਵੰਡ ਤੇ ਉਜਾੜੇ ਤੱਕ ਉਹ ਦਸਵੀਂ ਪਾਸ ਕਰ ਚੁੱਕੇ ਸਨ। ਉਜਾੜੇ ਮਗਰੋਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ। ਪਿਤਾ ਗੁਰਮੁਖ ਸਿੰਘ ਪਹਿਲਾਂ ਵੀ ਦੁਕਾਨਦਾਰ ਸੀ, ਅੰਮ੍ਰਿਤਸਰ ਵਿੱਚ ਵੀ ਉਨ੍ਹਾਂ ਨੇ ਹੱਟੀ ਪਾ ਲਈ। ਮਨਮੋਹਨ ਸਿੰਘ ਪੜ੍ਹਾਈ ਵਿੱਚ ਚੰਗੇ ਸਨ। ਪਿਤਾ ਦਾ ਸੁਪਨਾ ਉਨ੍ਹਾਂ ਨੂੰ ਡਾਕਟਰ ਬਣਾਉਣ ਦਾ ਸੀ। ਲਿਹਾਜ਼ਾ, 1948 ਵਿੱਚ ਉਨ੍ਹਾਂ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ’ਚ ਐਫ.ਐੱਸਸੀ. ਵਿੱਚ ਦਾਖ਼ਲਾ ਕਰਵਾ ਦਿੱਤਾ ਗਿਆ। ਸ਼ਰਨਾਰਥੀ ਹੋਣ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਚੰਗੇ ਹੋਣ ਕਾਰਨ ਉਨ੍ਹਾਂ ਨੂੰ ਐਫ.ਐੱਸਸੀ. ਦੇ ਦੋ ਵਰ੍ਹਿਆਂ ਲਈ ਵਜ਼ੀਫ਼ਾ ਮਿਲ ਗਿਆ। ਪਰ ਸਾਇੰਸ ਵਿੱਚ ਉਨ੍ਹਾਂ ਦੀ ਰੁਚੀ ਨਹੀਂ ਸੀ। ਇਸ ਲਈ ਪੜ੍ਹਾਈ ਛੱਡ ਦਿੱਤੀ। ਨਾਰਾਜ਼ ਪਿਤਾ ਨੇ ਦੁਕਾਨ ’ਤੇ ਬੈਠਣ ਦਾ ਹੁਕਮ ਦੇ ਦਿੱਤਾ। ਛੋਟੀ ਜਿਹੀ ਹੱਟੀ ਵਿੱਚ ‘ਮੁੰਡੂ’ ਬਣੇ ਰਹਿਣਾ ਮਨਮੋਹਨ ਸਿੰਘ ਨੂੰ ਚੰਗਾ ਨਾ ਲੱਗਿਆ ਤਾਂ ਉਨ੍ਹਾਂ ਨੇ ਹਿੰਦੂ ਕਾਲਜ ਵਿੱਚ ਆਰਟਸ ਵਿਸ਼ਿਆਂ ਵਿੱਚ ਦਾਖਲਾ ਲੈ ਲਿਆ। ਉਸ ਕਾਲਜ ਵਿੱਚ ਸ਼ੁਰੂ ’ਚ ਕੋਈ ਵਜ਼ੀਫ਼ਾ ਨਾ ਲੱਗਿਆ, ਪਰ ਘਰ ਤੋਂ ਕਾਲਜ ਦਾ ਪੈਦਲ ਰਸਤਾ ਸਿਰਫ਼ 20 ਮਿੰਟਾਂ ਦਾ ਹੋਣ ਕਾਰਨ ਪੜ੍ਹਾਈ ਦਾ ਖਰਚਾ ਬਹੁਤ ਸੀਮਤ ਸੀ। ਇੰਟਰਮੀਡੀਏਟ (12ਵੀਂ) ਵਿੱਚ ਉਹ ਅੱਵਲ ਆਏ ਜਿਸ ਸਕਦਾ ਬੀ.ਏ. ਦੇ ਦੋ ਵਰ੍ਹਿਆਂ ਵਾਸਤੇ ਵਜ਼ੀਫ਼ਾ ਲੱਗ ਗਿਆ। ਅਰਥ-ਸ਼ਾਸ਼ਤਰ ਵਿੱਚ ਵਿਸ਼ੇਸ਼ ਦਿਲਚਸਪੀ ਸੀ ਕਿਉਂਕਿ ਉਹ ਗ਼ਰੀਬ-ਅਮੀਰ ਦੇ ਪਾੜੇ ਦੀ ਵਜੂਹਾਤ ਅਤੇ ਇਸ ਪਾੜੇ ਨੂੰ ਘਟਾਉਣ ਦੇ ਉਪਾਅ ਜਾਨਣ ਦੇ ਚਾਹਵਾਨ ਸਨ। ਹੁਸ਼ਿਆਰ ਵਿਦਿਆਰਥੀ ਹੋਣ ਕਾਰਨ ਪ੍ਰੋਫੈਸਰਾਂ ਤੋਂ ਵੀ ਸ਼ਾਬਾਸ਼ੀ ਮਿਲਦੀ ਰਹਿੰਦੀ ਸੀ। ਸਿਰਫ਼ ਪੜ੍ਹਾਕੂ ਨਹੀਂ ਸਨ ਉਹ; ਹਾਕੀ ਤੇ ਫੁਟਬਾਲ ਵੀ ਖੇਡਦੇ ਸਨ। ਸਹਿਤਕ ਤੇ ਸਭਿਆਚਾਰਕ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦੇ ਰਹੇ ਅਤੇ ਕਈ ਇਨਾਮ-ਸਨਮਾਨ ਜਿੱਤੇ। ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਉਹ ਪ੍ਰਧਾਨ ਸਨ। ਲਿਹਾਜ਼ਾ, ਪੰਜਾਬੀ ਸਾਹਿਤ ਪੜ੍ਹਨ ਦਾ ਸ਼ੌਕ ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਬਿਠਾਈ ਰੱਖਦਾ ਸੀ। ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਕਾਵਿ ਦੇ ਉਹ ਉਪਾਸ਼ਕ ਸਨ। ਨਾਨਕ ਸਿੰਘ ਦੇ ਨਾਵਲ ਵੀ ਉਨ੍ਹਾਂ ਨੇ ਪੜ੍ਹੇ ਅਤੇ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀਆਂ ਕਹਾਣੀਆਂ ਵੀ। ਮੁਨਸ਼ੀ ਪ੍ਰੇਮਚੰਦ ਦੀਆਂ ਰਚਨਾਵਾਂ ਦੇ ਵੀ ਉਹ ਦੀਵਾਨੇ ਸਨ। ਦੇਸ਼ ਭਗਤੀ ਦਾ ਜਜ਼ਬਾ ਵੀ ਉਨ੍ਹਾਂ ਅੰਦਰ ਪ੍ਰਬਲ ਸੀ। ਕਾਂਗਰਸੀ ਆਗੂਆਂ ਦੀਆਂ ਤਕਰੀਰਾਂ ਸੁਣਨ ਲਈ ਰਾਜਸੀ ਜਲਸਿਆਂ ਵਿੱਚ ਤਾਂ ਉਹ ਜਾਇਆ ਹੀ ਕਰਦੇ ਸਨ, ਅਕਾਲੀ ਆਗੂਆਂ ਨੂੰ ਸੁਣਨ ਵੀ ਜਾਂਦੇ ਸਨ। ਹਿੰਦੂ ਕਾਲਜ ਆਰ.ਐੱਸ.ਐੱਸ. ਦਾ ਗੜ੍ਹ ਸੀ। ਮਨਮੋਹਨ ਸਿੰਘ ਨੂੰ ਇਸ ਸੰਗਠਨ ਤੋਂ ਪਰਹੇਜ਼ ਨਹੀਂ ਸੀ, ਪਰ ਸਿੱਖੀ ਵਾਲੀ ਗੁੜ੍ਹਤੀ ਵੱਧ ਮਜ਼ਬੂਤ ਸੀ। ਇਸੇ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਵੀ ਬਣੇ, ਪਰ ਇਸ ਦੀਆਂ ਸਰਗਰਮੀਆਂ ਵਿੱਚ ਬਹੁਤਾ ਹਿੱਸਾ ਨਹੀਂ ਲਿਆ। ਹੁਸ਼ਿਆਰ ਹੋਣ ਦੇ ਨਾਤੇ ਕਾਲਜ ਦੀ ਸਟੂਡੈਂਟਸ ਕੌਂਸਲ ਵਿੱਚ ਆਪਣੀ ਕਲਾਸ ਦੇ ਪ੍ਰਤੀਨਿਧ ਰਹੇ। ਹਮਜਮਾਤੀਆਂ ਵੱਲੋਂ ਦਬਾਅ ਪਾਏ ਜਾਣ ’ਤੇ ਪ੍ਰਧਾਨ ਦੀ ਚੋਣ ਵੀ ਲੜੇ, ਪਰ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਚੋਣ 1999 ਵਿੱਚ ਦੱਖਣੀ ਦਿੱਲੀ ਲੋਕ ਸਭਾ ਹਲਕੇ ਤੋਂ ਲੜੀ। ਉਸ ਵਿੱਚ ਵੀ ਉਹ ਭਾਜਪਾ ਉਮੀਦਵਾਰ (ਵਿਜੈ ਕੁਮਾਰ ਮਲਹੋਤਰਾ) ਪਾਸੋਂ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਕੋਈ ਹੋਰ ਚੋਣ ਸਿੱਧੇ ਤੌਰ ’ਤੇ ਨਹੀਂ ਲੜੀ। ਪਹਿਲਾਂ ਕੇਂਦਰੀ ਵਿੱਤ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵਜੋਂ ਉਹ ਰਾਜ ਸਭਾ ਦੇ ਮੈਂਬਰ ਹੀ ਰਹੇ; ਚਾਰ ਵਾਰ ਅਸਾਮ ਤੋਂ ਅਤੇ ਇੱਕ ਵਾਰ ਰਾਜਸਥਾਨ ਤੋਂ।
* * *
ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਹਮਸਫ਼ਰ ਗੁਰਸ਼ਰਨ ਕੌਰ, ਜੋ ਕਿ ਪਟਿਆਲਾ ਤੋਂ ਹੈ, ਦੀਆਂ ਤਿੰਨ ਬੇਟੀਆਂ ਹਨ। ਸਭ ਤੋਂ ਵੱਡੀ ਉਪਿੰਦਰ ਸਿੰਘ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੀ। ਉਹ ਨਾਮਵਰ ਇਤਿਹਾਸਕਾਰ ਹੈ। ਪ੍ਰਾਚੀਨ ਭਾਰਤੀ ਇਤਿਹਾਸ ਦੀ ਮਾਹਿਰ ਮੰਨੀ ਜਾਂਦੀ ਹੈ ਉਹ। ਦਰਮਿਆਨੀ ਦਮਨ ਸਿੰਘ ਕਈ ਸਵੈ-ਸੇਵੀ ਸੰਸਥਾਵਾਂ ਨਾਲ ਜੁੜੀ ਰਹੀ। ਉਹ ਉਪਨਿਆਸਕਾਰ ਤੇ ਲੇਖਕ ਹੈ। ਸਭ ਤੋਂ ਛੋਟੀ ਅੰਮ੍ਰਿਤ ਸਿੰਘ ਨਿਊਯਾਰਕ ਵਿੱਚ ਅਟਾਰਨੀ ਹੈ। ਮਨਮੋਹਨ ਸਿੰਘ, ਜਿਸ ਵੀ ਸਰਕਾਰੀ ਅਹੁਦੇ ’ਤੇ ਰਹੇ, ਆਪਣੀਆਂ ਅਮਰੀਕਾ ਫੇਰੀਆਂ ਦੌਰਾਨ ਇੱਕ ਦਿਨ ਅੰਮ੍ਰਿਤ ਕੋਲ ਬਾਕਾਇਦਗੀ ਨਾਲ ਬਿਤਾਉਂਦੇ ਸਨ। ਉਹ ਵੀ ਸਰਕਾਰੀ ਤਾਮ-ਝਾਮ ਤੋਂ ਬਿਨਾਂ, ਨਿਰੋਲ ਪਿਤਾ ਵਾਂਗ। ਉਨ੍ਹਾਂ ਨੂੰ ਹਮੇਸ਼ਾ ਇਹ ਅਹਿਸਾਸ ਰਿਹਾ ਕਿ ਸਰਕਾਰੀ ਰੁਤਬਿਆਂ ਨਾਲ ਜੁੜੇ ਨਿਰੰਤਰ ਰੁਝੇਵਿਆਂ ਕਾਰਨ ਉਹ ਆਪਣੀਆਂ ਬੱਚੀਆਂ ਨੂੰ ਓਨਾ ਸਮਾਂ ਨਹੀਂ ਦੇ ਸਕੇ ਜਿੰਨਾ ਕਿ ਬਤੌਰ ਪਿਤਾ ਉਨ੍ਹਾਂ ਨੂੰ ਦੇਣਾ ਚਾਹੀਦਾ ਸੀ। ਇਸ ਦੀ ਭਰਪਾਈ ਉਨ੍ਹਾਂ ਨੇ ਬੇਟੀਆਂ ਨਾਲ ਉਚੇਚੇ ਤੌਰ ’ਤੇ ਸਮਾਂ ਬਿਤਾ ਕੇ ਕੀਤੀ।
ਪੰਜਾਬ ਦੇ ਸਿਆਹ ਦਿਨਾਂ ਦੌਰਾਨ ਵਾਪਰੇ ਘਟਨਾਕ੍ਰਮ ਤੋਂ ਉਨ੍ਹਾਂ ਦੇ ਮਨ ਨੂੰ ਚੋਟ ਪਹੁੰਚਦੀ ਰਹੀ। ਖ਼ਾਸ ਕਰ ਕੇ ਸਾਕਾ ਨੀਲਾ ਤਾਰਾ ਤੋਂ ਅਤੇ ਫਿਰ ਨਵੰਬਰ 84 ਦੇ ਕਤਲੇਆਮ ਤੋਂ। ਉਹ ਉਦੋਂ ਰਿਜ਼ਰਵ ਬੈਂਕ ਦੇ ਗਵਰਨਰ ਸਨ। ਦਮਨ ਸਿੰਘ ਲਿਖਦੀ ਹੈ ਕਿ ਗੁਰਸ਼ਰਨ ਕੌਰ ਦੀ ਇੱਕ ਰਿਸ਼ਤੇਦਾਰ ਸਾਕਾ ਨੀਲਾ ਤਾਰਾ ਵੇਲੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਫਸ ਗਈ। ਬਾਅਦ ਵਿੱਚ ਉਹ ਜੋਧਪੁਰ ਜੇਲ੍ਹ ਵਿੱਚ ਬੰਦੀ ਰਹੀ। ਉਸ ਨੂੰ ਰਿਹਾਅ ਕਰਵਾਉਣ ਦੇ ਯਤਨ ਵੀ ਇਸ ਜੋੜੇ ਨੇ ਕੀਤੇ, ਪਰ ਉਹ ਨਿਸਫਲ ਰਹੇ। ਇਸੇ ਤਰ੍ਹਾਂ ’84 ਦੇ ਕਤਲੇਆਮ ਦੌਰਾਨ ਵੀ ਪਰਿਵਾਰ ਨੂੰ ਤ੍ਰਾਸਦਿਕ ਹਾਲਾਤ ਵਿੱਚੋਂ ਗੁਜ਼ਰਨਾ ਪਿਆ। ਦਮਨ ਨੇ ਇੱਕ ਵਾਰ ਪਿਤਾ ਤੋਂ ਪੁੱਛਿਆ ਕਿ ਉਨ੍ਹਾਂ ਨੇ ਉਨ੍ਹਾਂ ਮੌਕਿਆਂ ’ਤੇ ਰੋਸ ਵਜੋਂ ਅਸਤੀਫ਼ਾ ਦੇਣ ਬਾਰੇ ਕੀ ਕਦੇ ਸੋਚਿਆ ਸੀ ਤਾਂ ਡਾ. ਸਿੰਘ ਦਾ ਜਵਾਬ ਸੀ ਕਿ ਉਹ ਸਰਕਾਰ ਵਿੱਚ ਰਹੇ ਹੋਣ ਕਰਕੇ ਇਸ ਦੀ ਸਥਿਤੀ ਨੂੰ ਸਮਝਦੇ ਸਨ। ਉਂਜ ਵੀ, ਉਨ੍ਹਾਂ ਦੇ ਅਸਤੀਫ਼ੇ ਨੇ ਹਾਲਾਤ ਤਾਂ ਨਹੀਂ ਸੀ ਸੁਧਾਰ ਦੇਣੇ।
ਇਹ ਜਵਾਬ ਸਾਡੇ ਵਿੱਚੋਂ ਕਈਆਂ ਨੂੰ ਦਲੇਰੀ ਦੀ ਘਾਟ ਦਾ ਪ੍ਰਤੀਕ ਜਾਪ ਸਕਦਾ ਹੈ, ਪਰ ਡਾ. ਮਨਮੋਹਨ ਸਿੰਘ ਜਿਸ ਕਿਸਮ ਦੀ ਜੱਦੋਜਹਿਦ ਆਪਣੇ ਜਨਮ ਤੋਂ ਚਾਰ ਦਹਾਈਆਂ ਬਾਅਦ ਤੱਕ ਕਰਦੇ ਰਹੇ, ਉਸ ਦੇ ਪਰਿਪੇਖ ਵਿੱਚ ਉਪਰੋਕਤ ਸੋਚ ਜਾਇਜ਼ ਵੀ ਜਾਪਦੀ ਹੈ। ਉਨ੍ਹਾਂ ਦੀ ਆਪਣੀ ਬੇਟੀ ਦੀ ਰਾਇ ਵੀ ਅਜਿਹੀ ਹੀ ਸੀ।
* * *
ਅਸਤੀਫ਼ਾ ਦੇਣ ਬਾਰੇ ਡਾ. ਮਨਮੋਹਨ ਸਿੰਘ ਨੇ ਦੋ ਵਾਰ ਸੋਚਿਆ। ਇੱਕ ਵਾਰ ਤਾਂ ਇਹ ਕਦਮ ਚੁੱਕ ਵੀ ਲਿਆ ਸੀ 1995 ਵਿੱਚ। ਉਦੋਂ ਉਹ ਕੇਂਦਰੀ ਵਿੱਤ ਮੰਤਰੀ ਸਨ। ਇਸ ਪ੍ਰਸੰਗ ਤੋਂ ਪਹਿਲਾਂ ਉਨ੍ਹਾਂ ਨੂੰ ਵਿੱਤ ਮੰਤਰੀ ਥਾਪੇ ਜਾਣ ਦਾ ਪ੍ਰਸੰਗ ਬਿਆਨ ਕਰਨਾ ਵੀ ਇੱਥੇ ਵਾਜਬ ਜਾਪਦਾ ਹੈ। ਦਰਅਸਲ, ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਅਰਥ-ਸ਼ਾਸਤਰ ਵਿੱਚ ਗੋਲਡ ਮੈਡਲ ਹਾਸਿਲ ਕਰਨ ਮਗਰੋਂ ਉਹ ਪਹਿਲਾਂ ਇਸੇ ਯੂਨੀਵਰਸਿਟੀ ਵਿੱਚ ਅਧਿਆਪਕ ਰਹੇ, ਫਿਰ ਅਗੇਤੀ ਪੜ੍ਹਾਈ ਲਈ ਕੈਂਬਰਿਜ ਯੂਨੀਵਰਸਿਟੀ ਚਲੇ ਗਏ। ਉਨ੍ਹਾਂ ਦੀ ਮਾਇਕ ਹਾਲਤ ਦੇ ਮੱਦੇਨਜ਼ਰ ਇਹ ਜੋਖਮ ਭਰਿਆ ਕਦਮ ਸੀ। ਕੈਂਬਰਿਜ ਤੋਂ ਬਾਅਦ ਉਹ ਦਿੱਲੀ ਪਰਤੇ, ਦਿੱਲੀ ਸਕੂਲ ਆਫ ਇਕਨੌਮਿਕਸ (ਡੀ.ਐੱਸ.ਈ.) ਵਿੱਚ ਪੜ੍ਹਾਉਂਦੇ ਰਹੇ। ਫਿਰ ਵਿਸ਼ਵ ਬੈਂਕ ਵਿੱਚ ਨੌਕਰੀ ਮਿਲ ਗਈ। ਨਿਊਯਾਰਕ ਵਿੱਚ ਰਹਿ ਰਹੇ ਸਨ ਤਾਂ ਭਾਰਤ ਸਰਕਾਰ ਦੇ ਵਿਦੇਸ਼ ਵਪਾਰ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਦੀ ਨੌਕਰੀ ਦੀ ਪੇਸ਼ਕਸ਼ ਹੋਈ। ਇਹੋ ਨੌਕਰੀ ਅੱਗੇ ਵਿੱਤ ਮੰਤਰਾਲੇ ਵਿੱਚ ਰਾਜਸਵ ਸਕੱਤਰ, ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ, ਰਿਜ਼ਰਵ ਬੈਂਕ ਦੇ ਗਵਰਨਰ, ਯੋਜਨਾ ਕਮਿਸ਼ਨ ਦੇ ਉਪ ਮੁਖੀ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਮੁਖੀ ਵਰਗੇ ਅਹੁਦਿਆਂ ਦੇ ਦਰ ਉਨ੍ਹਾਂ ਲਈ ਖੋਲ੍ਹਦੀ ਗਈ। ਉਨ੍ਹਾਂ ਨੇ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਵੀ.ਪੀ ਸਿੰਘ, ਚੰਦਰ ਸ਼ੇਖਰ ਤੇ ਐੱਚ.ਡੀ. ਦੇਵੇਗੌੜਾ ਤੱਕ ਸਾਰੇ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ। 1991 ਵਿੱਚ ਪੀ.ਵੀ. ਨਰਸਿਮ੍ਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਡਾ. ਪੀ.ਸੀ. ਅਲੈਗਜ਼ਾਂਡਰ (ਬਾਅਦ ਵਿੱਚ ਮਹਾਰਾਸ਼ਟਰ ਦੇ ਰਾਜਪਾਲ) ਦਾ ‘ਡਾਕਟਰ ਸਾਹਿਬ’ (ਉਨ੍ਹਾਂ ਨੂੰ ਸਭ ਪਾਸੇ ਇਸੇ ਤਰ੍ਹਾਂ ਸੰਬੋਧਨ ਕੀਤਾ ਜਾਂਦਾ ਸੀ) ਦੇ ਘਰ ਫੋਨ ਆਇਆ। ਫੋਨ ਉਨ੍ਹਾਂ ਦੇ ਦਾਮਾਦ ਪ੍ਰੋ. ਵਿਜੈ ਤਨਖਾ ਨੇ ਚੁੱਕਿਆ। ਡਾਕਟਰ ਸਾਹਿਬ ਉਸ ਵੇਲੇ ਸਿਹਤ ਨਾਸਾਜ਼ ਹੋਣ ਕਾਰਨ ਸੁੱਤੇ ਪਏ ਸਨ। ਡਾ. ਅਲੈਗਜ਼ਾਂਡਰ ਨੇ ਉਨ੍ਹਾਂ ਨੂੰ ਉਠਾ ਕੇ ਫੌਰੀ ਪ੍ਰਧਾਨ ਮੰਤਰੀ ਦਫ਼ਤਰ ਪੁੱਜਣ ਦਾ ਸੁਨੇਹਾ ਦਿੱਤਾ। ਉੱਥੇ ਪੁੱਜਣ ’ਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਦੇਸ਼ ਦਾ ਵਿੱਤ ਮੰਤਰੀ ਬਣਨਾ ਚਾਹੁੰਦੇ ਹਨ? ਉਨ੍ਹਾਂ ਦਾ ਜਵਾਬ ਜਾਣਨ ਤੋਂ ਪਹਿਲਾਂ ਹੀ ਇਹ ਫ਼ਤਵਾ ਵੀ ਸੁਣਾ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਰਾਓ ਚਾਹੁੰਦੇ ਹਨ ਕਿ ਉਹ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ। ਫਿਰ ਉਨ੍ਹਾਂ ਨੂੰ ਹਲਫ਼ਦਾਰੀ ਸਮਾਗਮ ਲਈ ਰਾਸ਼ਟਰਪਤੀ ਭਵਨ ਪੁੱਜਣ ਲਈ ਕਹਿ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਦੇਸ਼ ਨੂੰ ਸਮਾਜਵਾਦੀ ਆਰਥਿਕ ਦਲਦਲ ਵਿੱਚੋਂ ਕੱਢਣ ਦਾ ਜਿਹੜਾ ਅਮਲ ਆਰੰਭ ਹੋਇਆ, ਉਹ 2-2.5 ਫ਼ੀਸਦੀ ਦੀ ਸਾਲਾਨਾ ਕੌਮੀ ਵਿਕਾਸ ਦਰ ਨੂੰ ਪਹਿਲੇ ਹੀ ਵਰ੍ਹੇ 4.5 ਫ਼ੀਸਦੀ ’ਤੇ ਲੈ ਗਿਆ। ਨਾਲ ਹੀ ਮੁਲਕ ਵਿਦੇਸ਼ੀ ਸਿੱਕੇ ਦੀ ਅਣਹੋਂਦ ਵਾਲੇ ਸੰਕਟ ਤੋਂ ਬਾਹਰ ਆ ਕੇ ‘ਡਿਫਾਲਟਰ’ ਦੇ ਠੱਪੇ ਤੋਂ ਬਚ ਗਿਆ। ਇਹ ਪ੍ਰਾਪਤੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਜਗਤ ਵਿੱਚ ‘ਨਾਇਕ’ ਦਾ ਦਰਜਾ ਦਿਵਾ ਗਈ। ਇਹ ਵੱਖਰੀ ਗੱਲ ਹੈ ਕਿ ਵਿਦੇਸ਼ੀ ਨਿਵੇਸ਼ ਲਈ ਭਾਰਤੀ ਵਿੱਤ ਬਾਜ਼ਾਰ ਦੇ ਦਰ ਖੋਲ੍ਹਣ ਦੇ ਨਾਲ-ਨਾਲ ਰੈਗੂਲੇਟਰੀ ਸੰਸਥਾਵਾਂ ਦੇ ਅਵੇਸਲੇਪਣ ਨੇ ਸ਼ੇਅਰ ਬਾਜ਼ਾਰਾਂ ਵਿੱਚ ਵੱਡੇ ਘਪਲਿਆਂ ਨੂੰ ਵੀ ਜਨਮ ਦਿੱਤਾ। ਇਨ੍ਹਾਂ ਘਪਲਿਆਂ ਤੋਂ ਹੋਈ ਪ੍ਰਧਾਨ ਮੰਤਰੀ ਰਾਓ ਦੀ ਬਦਨਾਮੀ ਨੇ ਈਰਖਾਲੂ ਸਾਥੀ ਵਜ਼ੀਰਾਂ ਅਤੇ ਕਾਂਗਰਸ ਦੀਆਂ ਸਹਾਇਕ ਪਾਰਟੀਆਂ ਦੇ ਆਗੂਆਂ ਨੂੰ ਡਾ. ਮਨਮੋਹਨ ਸਿੰਘ ’ਤੇ ਹਮਲੇ ਕਰਨ ਦੇ ਰਾਹ ਪਾ ਦਿੱਤਾ। ਇਸ ਸਭ ਤੋਂ ਆਹਤ ਹੋ ਕੇ ਡਾਕਟਰ ਸਾਹਿਬ ਨੇ ਆਪਣਾ ਅਸਤੀਫ਼ਾ ਪੱਤਰ ਸ੍ਰੀ ਰਾਓ ਨੂੰ ਭੇਜ ਦਿੱਤਾ। ਉਨ੍ਹਾਂ ਨੂੰ ਜਾਪਦਾ ਸੀ ਕਿ ਇਹ ਅਸਤੀਫ਼ਾ ਪ੍ਰਵਾਨ ਹੋ ਜਾਵੇਗਾ, ਪਰ ਮੀਡੀਆ ਜਗਤ ਤੇ ਰਾਜਸੀ ਹਲਕਿਆਂ ਵਿੱਚ ਭਾਂਤ-ਭਾਂਤ ਦੀਆਂ ਅਟਕਲਾਂ ਤੋਂ ਬਾਅਦ ਦਸ ਦਿਨਾਂ ਮਗਰੋਂ ਸ੍ਰੀ ਰਾਓ ਨੇ ‘ਆਪਣਾ ਕੰਮ ਜਾਰੀ ਰੱਖੋ’ ਦੇ ਸ਼ਬਦਾਂ ਨਾਲ ਅਸਤੀਫ਼ਾ ਪੱਤਰ ਡਾਕਟਰ ਸਾਹਿਬ ਕੋਲ ਵਾਪਸ ਭੇਜ ਦਿੱਤਾ।
ਦੂਜੀ ਵਾਰ ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ 2013 ਵਿੱਚ ਕੀਤੀ ਜਦੋਂ ਮਨਮੋਹਨ ਸਿੰਘ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਰਾਹੁਲ ਗਾਂਧੀ ਨੇ ਇੱਕ ਸਰਕਾਰੀ ਪ੍ਰੈੱਸ ਕਾਨਫਰੰਸ ਵਿੱਚ ਜਬਰੀ ਦਾਖ਼ਲ ਹੋ ਕੇ ਜਨਤਕ ਤੌਰ ’ਤੇ ਪਾੜਿਆ। ਪਾੜਨ ਤੋਂ ਪਹਿਲਾਂ ਉਸ ਨੇ ਇਸ ਆਰਡੀਨੈਂਸ ਨੂੰ ‘ਬਕਵਾਸ’ ਦੱਸਿਆ। ਸਰਕਾਰ ਨੇ ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਉਲਟਾਉਣ ਲਈ ਜਾਰੀ ਕੀਤਾ ਸੀ ਜਿਸ ਵਿੱਚ ਵਿਧਾਨ ਮੰਡਲ ਦੇ ਕਿਸੇ ਵੀ ਮੈਂਬਰ ਨੂੰ ਦੋ ਵਰ੍ਹਿਆਂ ਦੀ ਕੈਦ ਦੀ ਸਜ਼ਾ ਹੋਣ ’ਤੇ ਉਸ ਦੀ ਵਿਧਾਨਕਾਰ ਜਾਂ ਸਾਂਸਦ ਵਾਲੀ ਮੈਂਬਰੀ ਫ਼ੌਰੀ ਖ਼ਤਮ ਹੋਣ ਦੀ ਵਿਵਸਥਾ ਸੀ। ਰਾਹੁਲ ਉਸ ਸਮੇਂ ਕਾਂਗਰਸ ਦਾ ਮੀਤ ਪ੍ਰਧਾਨ ਸੀ ਅਤੇ ਉਸ ਦੀ ਕਾਰਵਾਈ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਦੀ ਤੌਹੀਨ ਸੀ। ਡਾ. ਮਨਮੋਹਨ ਸਿੰਘ ਉਸ ਵੇਲੇ ਵਿਦੇਸ਼ ਦੌਰੇ ’ਤੇ ਸਨ। ਉਨ੍ਹਾਂ ਨੇ ਵਤਨ ਪਰਤਦਿਆਂ ਹੀ ਸੋਨੀਆ ਗਾਂਧੀ ਨੂੰ ਦੱਸਿਆ ਕਿ ਉਹ ਅਸਤੀਫ਼ਾ ਦੇ ਰਹੇ ਹਨ, ਪਰ ਸੋਨੀਆ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਰਾਜਸੀ ਸੰਕਟ ਖੜ੍ਹਾ ਨਾ ਕਰਨ। ਡਾ. ਸਿੰਘ ਦੇ ਕਰੀਬੀਆਂ ਅਨੁਸਾਰ ਰਾਹੁਲ ਨੇ ਉਸ ਸ਼ਾਮ ਉਨ੍ਹਾਂ ਦੇ ਘਰ ਜਾ ਕੇ ਆਪਣੀ ਹਰਕਤ ਲਈ ਮੁਆਫ਼ੀ ਮੰਗੀ, ਪਰ ਇਹ ਸਾਰੀ ਘਟਨਾ ਪ੍ਰਧਾਨ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਦੇ ਅਕਸ ਵਿੱਚ ਜਿਹੜਾ ਚਿੱਬ ਪਾ ਗਈ, ਉਹ ਉਨ੍ਹਾਂ ਦੇ ਰਾਜ-ਕਾਲ ਦੇ ਬਾਕੀ ਦੇ ਦਿਨਾਂ ਦੌਰਾਨ ਦਰੁਸਤ ਨਹੀਂ ਹੋਇਆ। ਕੇਂਦਰੀ ਵਜ਼ੀਰਾਂ ਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਤੋਂ ਇਲਾਵਾ ਉਪਰੋਕਤ ਚਿੱਬ ਵੀ 2014 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੇ ਰਾਜਸੀ ਨਿਘਾਰ ਦੀ ਮੁੱਖ ਵਜ੍ਹਾ ਸਾਬਤ ਹੋਇਆ।
* * *
ਡਾ. ਮਨਮੋਹਨ ਸਿੰਘ ਨੇ ਚੰਦ ਵਰ੍ਹੇ ਪਹਿਲਾਂ ਇੱਕ ਮੀਡੀਆ ਕਰਮੀ ਨਾਲ ਵਾਰਤਾਲਾਪ ਦੌਰਾਨ ਆਪਣੀਆਂ ਸਰਕਾਰਾਂ ਉੱਪਰ ਲੱਗੇ ਦੋਸ਼ਾਂ ਅਤੇ ਕਮਜ਼ੋਰ ਪ੍ਰਧਾਨ ਮੰਤਰੀ ਵਾਲੀਆਂ ਤੋਹਮਤਾਂ ਦੇ ਪ੍ਰਸੰਗ ਵਿੱਚ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਕੁਝ ਗ਼ਲਤ ਹੋਇਆ, ਪਰ ਨਾਲ ਹੀ ਉਮੀਦ ਪ੍ਰਗਟਾਈ ਸੀ ਕਿ ‘‘ਇਤਿਹਾਸ ਮੇਰੇ ’ਤੇ ਮਿਹਰਬਾਨ ਰਹੇਗਾ।’’ ਉਨ੍ਹਾਂ ਦੇ ਇੰਤਕਾਲ ਮਗਰੋਂ ਉਨ੍ਹਾਂ ਪ੍ਰਤੀ ਜੋ ਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ, ਉਹ ਉਨ੍ਹਾਂ ਦੇ ਸ਼ਰਾਫ਼ਤ, ਨਫ਼ਾਸਤ ਤੇ ਕਾਬਲੀਅਤ ਵਾਲੇ ਅਕਸ ਨੂੰ ਅਕੀਦਤ ਹਨ। ਇਹੋ ਇਤਿਹਾਸ ਦੀ ਮਿਹਰਬਾਨੀ ਹੈ।
ਓਬਾਮਾ ਦਾ ‘ਗੁਰੂ’
ਦੁਨੀਆ ਦੇ ਵਿਕਸਤ ਮੁਲਕਾਂ ਦੇ ਆਗੂ ਵੀ ਡਾ. ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਨ। ਜ਼ਿਕਰਯੋਗ ਹੈ ਕਿ 2009 ’ਚ ਹੋਏ ਕੋਪਨਹੇਗਨ ਵਾਤਾਵਰਣ ਸੰਮੇਲਨ ਦੌਰਾਨ ਵਿਸ਼ਵ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਮੁਲਕ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡਾ. ਮਨਮੋਹਨ ਸਿੰਘ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕੀਤਾ। ਓਬਾਮਾ ਨੇ ਡਾ. ਸਿੰਘ ਦੇ ਸਤਿਕਾਰ ਵਜੋਂ ਤਿੰਨ ਵਾਰ ਇਹ ਲਫ਼ਜ਼ ਵਰਤਿਆ। ਉਨ੍ਹਾਂ ਇਹ ਵੀ ਕਿਹਾ ਕਿ ‘ਜਦੋਂ ਮਨਮੋਹਨ ਸਿੰਘ ਬੋਲਦੇ ਹਨ ਤਾਂ ਦੁਨੀਆ ਸੁਣਦੀ ਹੈ’। ਉਨ੍ਹਾਂ ਨੇ ਆਪਣੀ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਡਾ. ਮਨਮੋਹਨ ਸਿੰਘ ਬਾਰੇ ਲਿਖਿਆ ਹੈ ਕਿ ਉਹ ‘ਅਸਾਧਾਰਨ ਬੁੱਧੀ’ ਦੇ ਮਾਲਕ ਅਤੇ ‘ਭਾਰਤ ਦੇ ਆਰਥਿਕ ਕਾਇਆ ਕਲਪ ਦੇ ਮੁੱਖ ਘਾੜੇ ਹਨ’ ਜਿਨ੍ਹਾਂ ਦੇ ਯਤਨਾਂ ਸਦਕਾ ਭਾਰਤ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।
ਜਦੋਂ ਏਂਜਲਾ ਨੇ ਸਮਾਂ ਮੰਗਿਆ
ਅਪਰੈਲ 2013 ਵਿੱਚ ਯੂਰੋਜ਼ੋਨ ਸੰਕਟ ਆਪਣੇ ਸਿਖਰ ’ਤੇ ਸੀ। ਇਸ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੀ ਜਰਮਨ ਵਿਦੇਸ਼ ਮੰਤਰੀ ਏਂਜਲਾ ਮਰਕਲ ਨੇ ਆਪਣੇ ਸਹਾਇਕਾਂ ਨੂੰ ਕਿਹਾ ਕਿ ਉਹ ਭਾਰਤ ਦੇ (ਤਤਕਾਲੀ) ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫੋਨ ਮਿਲਾਉਣ। ਏਂਜਲਾ ਨੇ ਇਸ ਸੰਕਟ ਬਾਰੇ ਉਨ੍ਹਾਂ ਤੋਂ ਸਲਾਹ ਲੈਣ ਖ਼ਾਤਰ ਗੱਲਬਾਤ ਕਰਨ ਲਈ ਇੱਕ ਘੰਟੇ ਦਾ ਸਮਾਂ ਮੰਗਿਆ ਸੀ। ਇਸ ’ਤੇ ਦੋਵਾਂ ਆਗੂਆਂ ਦਰਮਿਆਨ 45 ਮਿੰਟ ਗੱਲ ਹੋਈ।