ਹੋਣਹਾਰ ‘ਫੁੱਫੜ ਤੇ ਜੀਜਾ’ ਹਾਰਬੀ ਸੰਘਾ
ਰਜਨੀ ਭਗਾਣੀਆ
ਜ਼ਿੰਦਾਦਿਲ ਤੇ ਹਸਮੁੱਖ ਸ਼ਖ਼ਸੀਅਤ ਦਾ ਮਾਲਕ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਉਰਫ਼ ਹਰਬਿਲਾਸ ਸੰਘਾ। ਉਸ ਨੇ ਆਪਣੀ ਉਮਦਾ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਹਾਸਲ ਕੀਤੀ ਹੈ। ਪੰਜਾਬੀ ਫਿਲਮਾਂ ਵਿੱਚ ਜੀਜੇ ਤੇ ਫੁੱਫੜ ਦੇ ਕਿਰਦਾਰਾਂ ਨਾਲ ਜਾਣੇ ਜਾਂਦੇ ਹਾਰਬੀ ਸੰਘਾ ਦਾ ਜਨਮ 19 ਮਈ 1986 ਨੂੰ ਪਿਤਾ ਸਵਰਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਸੰਘੇ, ਜਗੀਰ ਸ਼ਹਿਰ ਨਕੋਦਰ ਜਲੰਧਰ ਵਿਖੇ ਹੋਇਆ। ਉਸ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਮਾਊਂਟ ਲਿਟਰਾ ਤੋਂ ਹੋਈ ਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਨਕੋਦਰ ਤੋਂ ਪੂਰੀ ਕੀਤੀ।
ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਬਹੁਤ ਸ਼ੌਕ ਰਿਹਾ ਹੈ। ਉਸ ਦਾ ਇਹ ਸ਼ੌਕ ਅਦਾਕਾਰੀ ਤੱਕ ਹੀ ਸੀਮਤ ਨਹੀਂ ਸੀ ਬਲਕਿ ਇਸ ਦੇ ਨਾਲ ਉਹ ਗਾਇਕੀ ਤੇ ਕਾਮੇਡੀ ਕਰਨ ਵਿੱਚ ਵੀ ਮਾਹਿਰ ਹੈ। ਉਹ ਆਪਣੇ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਿਹਾ ਅਤੇ ਉਸ ਦੀ ਕਲਾਕਾਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਉਸ ਨੇ ਕਾਲਜ ਦੇ ਦਿਨਾਂ ਦੌਰਾਨ ਬਹੁਤ ਸਾਰੇ ਕਾਮੇਡੀ ਸਮਾਗਮਾਂ ਵਿੱਚ ਭਾਗ ਲਿਆ ਤੇ ਯੁਵਕ ਮੇਲਿਆਂ ਵਿੱਚ ਬਹੁਤ ਸਾਰੇ ਇਨਾਮ ਵੀ ਜਿੱਤੇ।
ਉਸ ਦੀ ਕਲਾ ਨੂੰ ਪਸੰਦ ਤਾਂ ਬਹੁਤ ਕੀਤਾ ਜਾ ਰਿਹਾ ਸੀ, ਪਰ ਉਸ ਦੀ ਕਿਤੇ ਵੀ ਪੁਖ਼ਤਾ ਪਛਾਣ ਨਹੀਂ ਬਣ ਰਹੀ ਸੀ। ਸੰਘਰਸ਼ ਦੇ ਦਿਨਾਂ ਵਿੱਚ ਹਾਰਬੀ ਪਹਿਲੀ ਵਾਰ ਆਪਣੇ ਦੋਸਤ ਨਾਲ ਸ਼ੋਅ ’ਤੇ ਗਿਆ। ਉੱਥੇ ਉਸ ਨੂੰ ਮਿਹਨਤਾਨੇ ਵਜੋਂ 20 ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਉਸ ਨੇ ਆਰਕੈਸਟਰਾਂ ਨਾਲ ਜਾਣਾ ਸ਼ੁਰੂ ਕੀਤਾ, ਜਿੱਥੇ ਉਸ ਨੂੰ 150 ਤੋਂ 200 ਰੁਪਏ ਮਿਲਦੇ ਸਨ। ਕਾਮੇਡੀ ਪ੍ਰੋਗਰਾਮ ਪੇਸ਼ ਕਰਨ ’ਤੇ ਉਸ ਨੂੰ 700 ਰੁਪਏ ਦਿੱਤੇ ਜਾਂਦੇ ਸਨ। ਉਹ ਮਿਹਨਤ ਤਾਂ ਕਰ ਰਿਹਾ ਸੀ, ਪਰ ਇਸ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣੀਆਂ ਮੁਸ਼ਕਿਲ ਸਨ ਤੇ ਨਾ ਹੀ ਉਸ ਦੀ ਕੋਈ ਪਛਾਣ ਬਣ ਰਹੀ ਸੀ।
ਹਾਰਬੀ ਦੱਸਦਾ ਹੈ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਉਸ ਨੇ ਆਪਣਾ ਹੌਸਲਾ ਟੁੱਟਦੇ ਵੇਖਿਆ ਤੇ ਸੋਚਿਆ ਕਿ ਮੈਂ ਕੰਪਾਊਡਰ ਦਾ ਹੀ ਕੰਮ ਕਰ ਲਵਾਂ। ਜਿਸ ਨਾਲ ਉਸ ਨੂੰ ਆਮਦਨ ਤਾਂ ਹੋਵੇਗੀ ਹੀ ਤੇ ਸੱਤ ਤੋਂ ਅੱਠ ਹਜ਼ਾਰ ਤਾਂ ਜ਼ਰੂਰ ਬਣ ਜਾਇਆ ਕਰਨਗੇ। ਇਸ ਨਾਲ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇਗਾ। ਉਸ ਵਕਤ ਉਸ ਦੀ ਹਮਸਫ਼ਰ ਸਿਮਰਨ ਕੌਰ ਸੰਘਾ ਨੇ ਬਹੁਤ ਹੌਸਲਾ ਦਿੱਤਾ। ਤੰਗੀ ਦੇ ਮਾਹੌਲ ਵਿੱਚ ਵੀ ਉਸ ਨੇ ਹਿੰਮਤ ਨਾ ਹਾਰੀ। ਉਸ ਨੇ ਆਪਣੇ ਮਨ ਵਿੱਚ ਸਫਲ ਹੋਣ ਦੇ ਜਨੂੰਨ ਨੂੰ ਜਾਰੀ ਰੱਖਿਆ ਤੇ ਇੱਕ ਦਿਨ ਉਸ ਦੀ ਮੁਲਾਕਾਤ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨਾਲ ਹੋਈ, ਜਿਸ ਨੂੰ ਮਿਲਣਾ ਹਾਰਬੀ ਦਾ ਸੁਪਨਾ ਵੀ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਇੰਡਸਟਰੀ ਵਿੱਚ ਗੁਰਪ੍ਰੀਤ ਘੁੱਗੀ ਹੀ ਲੈ ਕੇ ਆਇਆ। ਉਸ ਨੇ ਗੁਰਪ੍ਰੀਤ ਘੁੱਗੀ ਨਾਲ ‘ਘੁੱਗੀ ਦੇ ਬਰਾਤੀ’ ਗੀਤ ਵਿੱਚ ਕੰਮ ਕੀਤਾ। ਗੁਰਪ੍ਰੀਤ ਘੁੱਗੀ ਤੋਂ ਉਸ ਨੂੰ ਆਪਣੇ ਕੰਮ ਪ੍ਰਤੀ ਹੌਸਲਾ ਅਫਜ਼ਾਈ ਮਿਲੀ। ਉਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਟੀ. ਵੀ ਲੜੀਵਾਰਾਂ ਵਿੱਚ ਅਦਾਕਾਰੀ ਕੀਤੀ।
ਉਸ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਤੋਂ ਹੋਈ ਜਿਸ ਵਿੱਚ ਉਸ ਦਾ ਛੋਟਾ ਜਿਹਾ ਕਿਰਦਾਰ ਸੀ। ਆਪਣੀ ਮਿਹਨਤ ਨੂੰ ਫਲ ਲੱਗਦੇ ਦੇਖ ਹਾਰਬੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਸ ਤੋਂ ਬਾਅਦ ‘ਅੱਖੀਆਂ ਉਡੀਕਦੀਆਂ’, ‘ਖਿੱਚ ਘੁੱਗੀ ਖਿੱਚ’, (ਵੀਡੀਓ) ‘ਚੱਕ ਜਵਾਨਾ’, ‘ਪਿੰਕੀ ਮੋਗੇ ਵਾਲੀ’, ‘ਕੈਰੀ ਆਨ ਜੱਟਾ’, ‘ਨੌਟੀ ਜੱਟ’, ‘ਜੱਟਸ ਇਨ ਗੋਲਮਾਲ’, ‘ਮੈਰਿਜ ਦਾ ਗੈਰੇਜ’, ‘ਪ੍ਰੌਪਰ ਪਟੋਲਾ’, ‘ਮਿਸਟਰ ਐਂਡ ਮਿਸਿਜ਼ 420’, ‘ਅਰਦਾਸ’, ‘ਬੰਬੂਕਾਟ’, ‘ਨਿੱਕਾ ਜ਼ੈਲਦਾਰ’, ‘ਰੱਬ ਦਾ ਰੇਡੀਓ’, ‘ਪਾਣੀ ’ਚ ਮਧਾਣੀ’ ਆਦਿ ਵਰਗੀਆਂ ਅਨੇਕ ਫਿਲਮਾਂ ਵਿੱਚ ਵੱਖੋ-ਵੱਖਰੇ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਤੇ ਦਰਸ਼ਕਾਂ ਦਾ ਦਿਲ ਜਿੱਤਿਆ।
ਜੇਕਰ ਉਸ ਦੀ ਗਾਇਕੀ ਦੀ ਗੱਲ ਕਰੀਏ ਤਾਂ ਉਸ ਨੇ ਸਮਾਜ ਨੂੰ ਸੇਧ ਦੇਣ ਵਾਲੇ ਕਈ ਗੀਤ ਵੀ ਗਾਏ ਹਨ, ਜਿਨ੍ਹਾਂ ਵਿੱਚ ‘ਅਸਲਾ ਨਾ ਪ੍ਰਮੋਟ ਕਰੋ’, ‘ਆਜਾ ਖੇਡੀਏ’, ‘ਡੈੱਥ ਲਿਸਟ’, ‘ਤੇਰੀਆਂ ਮੁਹੱਬਤਾਂ’ ਆਦਿ ਗੀਤਾਂ ਦੇ ਨਾਮ ਜ਼ਿਕਰਯੋਗ ਹਨ। ਹਾਰਬੀ ਦਾ ਕਹਿਣਾ ਹੈ ਕਿ ਉਸ ਨੂੰ ਗੁਰਪ੍ਰੀਤ ਘੁੱਗੀ ਨੇ ਬਸ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ ਜਿਸ ਦੀ ਬਦੌਲਤ ਉਹ ਸਫਲ ਹੋਇਆ ਹੈ।
ਸੰਪਰਕ: 79736-67793