ਮਾਨ ਸਰਕਾਰ ਵੱਲੋਂ ਸਿੱਖਿਆ ਸੁਧਾਰ ਲਈ ਯਤਨ ਜਾਰੀ: ਬੈਂਸ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 13 ਫਰਵਰੀ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਦੀ ਦਿਸ਼ਾਂ ਵਿੱਚ ਸਰਕਾਰ ਵੱਲੋਂ ਲਗਾਏ ਜਾ ਰਹੇ ਸੁਵਿਧਾ ਕੈਂਪ ਅਸਰਦਾਰ ਸਿੱਧ ਹੋ ਰਹੇ ਹਨ। ਮੰਤਰੀ ਬੈਂਸ ਅੱਜ ਪਿੰਡ ਲਖੇੜ ਵਿੱਚ ਸਰਕਾਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਥਾਂ 40 ਲੱਖ ਦੀ ਲਾਗਤ ਨਾਲ ਉਸਾਰੀ ਜਾ ਰਹੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਕਰਵਾਉਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਸੀ, ਪਰ ਸੂਬਾ ਸਰਕਾਰ ਹੁਣ 20 ਹਜ਼ਾਰ ਵਿੱਚੋਂ ਲਗਪਗ 18 ਹਜ਼ਾਰ ਸਕੂਲਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਸੁਧਾਰ ਕਰ ਰਹੀ ਹੈ। ਸਕੂਲ ਆਫ ਐਮੀਂਨੈਂਸ ਵੀ ਇਸ ਦਿਸ਼ਾ ਵਿਚ ਨਿਵੇਕਲਾ ਉਪਰਾਲਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਜਿਸ ਨਾਲ ਅੱਜ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਸ਼ੁਰੂ ਹੋਣ ਨਾਲ ਹੀ ਨਵੇਂ ਦਾਖ਼ਲੇ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹੁਣ ਜਲਦੀ ਹੀ ਤਰੱਕੀ ਦੀਆਂ ਬੁਲੰਦੀਆਂ ਛੂਹਣ ਲੱਗ ਪਵੇਗਾ। ਇਸ ਮੌਕੇ ਉਨ੍ਹਾਂ ਲਖੇੜ ਤੇ ਸੱਧੇਵਾਲ ਵਿੱਚ ਲਗਾਏ ਸੁਵਿਧਾ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾ ਹੱਲ ਕੀਤੀਆਂ।