ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼
ਸ਼ਗਨ ਕਟਾਰੀਆ
ਬਠਿੰਡਾ, 16 ਸਤੰਬਰ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-3 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਅਮਰਦੀਪ ਸਿੰਘ ਰਾਜਨ ਡਾਇਰੈਕਟਰ ਜਲ ਸਪਲਾਈ ਅਤੇ ਸ੍ਰੋਤ ਵਿਭਾਗ ਪੰਜਾਬ ਨੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਦੌਰਾਨ 10, 000 ਤੋਂ ਜ਼ਿਆਦਾ ਵੱਖ-ਵੱਖ ਬਲਾਕਾਂ ਤੋਂ ਹਰ ਵਰਗ ਦੇ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈ ਰਹੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ- 3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਤੀਜੇ ਦਿਨ ਖੇਡਾਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਕਰਵਾਈ। ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 200 ਮੀਟਰ ਦੌੜ (ਮੁੰਡੇ) ਫਾਈਨਲ ਵਿੱਚ ਪ੍ਰਭਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 200 ਮੀਟਰ (ਕੁ) ਫਾਈਨਲ ਵਿੱਚ ਹੁਸਨਪ੍ਰੀਤ ਕੌਰ, 400 ਮੀਟਰ (ਮੁੰਡੇ) ਪ੍ਰਭਦੀਪ ਸਿੰਘ, 400 ਮੀਟਰ (ਕੁ) ਫਾਈਨਲ ਵਿੱਚ ਜਸਕਰਨ ਕੌਰ, 800 ਮੀਟਰ ਲੜਕੇ ਗੁਰਨੂਰ ਸਿੰਘ , 1500 ਮੀਟਰ ਲਖਵਿੰਦਰ ਸਿੰਘ ਪਹਿਲੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 100 ਮੀਟਰ ਫਾਈਨਲ (ਕੁ) ’ਚ ਜਸ਼ਨਪ੍ਰੀਤ ਕੌਰ, 100 ਮੀਟਰ (ਮੁੰਡੇ) ਨਵਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-17 (ਕੁ) ਵਿਚ ਬੁਢਲਾਡਾ-ਏ ਪਹਿਲੇ, ਮਾਨਸਾ-ਏ ਦੂਜੇ ਅਤੇ ਬੁਢਲਾਡਾ-ਬੀ ਤੀਜੇ ਸਥਾਨ ’ਤੇ ਰਿਹਾ। ਹਾਕੀ ਲੜਕੀਆਂ ’ਚ ਫਫੜੇ ਭਾਈਕੇ ਪਹਿਲੇ ਸਥਾਨ ’ਤੇ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਫਫੜੇ ਭਾਈਕੇ ਪਹਿਲੇ ਸਥਾਨ ’ਤੇ ਰਿਹਾ। ਚੈੱਸ ਲੜਕੇ ਅੰਡਰ-17 ਵਿੱਚ ਸਕਸ਼ਮ ਬਾਂਸਲ , ਚੈੱਸ ਲੜਕੀਆਂ ਵਿੱਚੋ ਦੀਵਾਂਸ਼ੀ ਨੇ ਪਹਿਲਾਂ, ਨੈੱਟਬਾਲ ਵਿੱਚ ਪਿੰਡ ਜੋਗਾ ਦੀ ਟੀਮ ਜੇਤੂ ਰਹੀ। ਟੇਬਲ ਟੈਨਿਸ ਵਿੱਚ ਤਨਵੀਰ ਸਿੰਘ ਪਹਿਲੇ ਤੀਜੇ ਸਥਾਨ ’ਤੇ ਿਰਹਾ।
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਖੇਡਾਂ ਵਤਨ ਪੰਜਾਬ ਦੀਆਂ ਦੇ ਤੀਸਰੇ ਸੀਜ਼ਨ ਵਿੱਚ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ, ਖੋ-ਖੋ ਅਤੇ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਡੀਪੀਈ ਲਵਜੀਤ ਸਿੰਘ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਵਾਲੀਬਾਲ ਲੜਕਿਆਂ ਵਿਚੋਂ ਅੰਡਰ-14, ਅੰਡਰ-17 ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ, ਅੰਡਰ- 14 ਲੜਕਿਆਂ ਨੇ ਵੀ ਖੋ-ਖੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਅਥਲੈਟਿਕਸ ਵਿੱਚੋਂ ਵੀ ਖਿਡਾਰੀਆਂ ਨੇ ਕ੍ਰਮਵਾਰ ਗੋਲਡ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ, ਪ੍ਰਿੰਸੀਪਲ ਅਮਰਦੀਪ ਸਿੰਘ ਅਤੇ ਪ੍ਰਾਇਮਰੀ ਕੋਆਰਡੀਨੇਟਰ ਰਾਜੀ ਅਮਰ ਵੱਲੋਂ ਵਿਦਿਆਰਥੀਆਂ ਵਧਾਈ ਦਿੱਤੀ। ਹੋਏ ਇਨ੍ਹਾਂ ਨੂੰ ਸਕੂਲ ਪਹੁੰਚਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਕੌਮਾਂਤਰੀ ਐਥਲੀਟ ਅਕਸ਼ਦੀਪ ਸਿੰਘ ਵੱਲੋਂ ਖ਼ਿਡਾਰੀਆਂ ਦੀ ਹੌਸਲਾ-ਅਫ਼ਜਾਈ
ਬਰਨਾਲਾ/ ਟੱਲੇਵਾਲ (ਪਰਸ਼ੋਤਮ ਬੱਲੀ/ਲਖਵੀਰ ਚੀਮਾ): ਬਰਨਾਲਾ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਵਲੋਂ ਇੱਥੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿੱਚ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੌਮਾਂਤਰੀ ਐਥਲੀਟ ਅਕਸ਼ਦੀਪ ਸਿੰਘ ਕਾਨ੍ਹੇਕੇ ਨੇ ਪੁੱਜ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ, ਜੋ ਕਿ 22 ਸਤੰਬਰ ਤੱਕ ਜਾਰੀ ਰਹਿਣਗੇ।