ਗ੍ਰਹਿ ਮੰਤਰੀ ਵੱਲੋਂ ਸੁਭਾਸ਼ ਪਾਰਕ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਅਗਸਤ
ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਆਪਣੇ ਡਰੀਮ ਪ੍ਰਾਜੈਕਟ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ’ਤੇ 26 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪਾਰਕ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹ ਜਗ੍ਹਾ ਹੈ, ਜਿੱਥੇ ਸਾਰੇ ਸ਼ਹਿਰ ਦਾ ਕੂੜਾ ਸੁਟਿਆ ਜਾਂਦਾ ਸੀ ਅਤੇ ਭੂ-ਮਾਫੀਆ ਨੇ ਇੱਥੇ ਪਲਾਟ ਕੱਟਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਕਤੂਬਰ ਦੇ ਅੰਤ ਤੱਕ ਇਹ ਪਾਰਕ ਬਣ ਕੇ ਤਿਆਰ ਹੋ ਜਾਵੇਗਾ। ਮੰਤਰੀ ਨੇ ਕਿਹਾ ਕਿ ਇਹ ਹਜ਼ਾਰਾਂ ਲੋਕਾਂ ਦਾ ਦਿੱਲ ਜਿੱਤਣ ਵਾਲਾ ਪਾਰਕ ਹੈ, ਜਿਸ ਵਿਚ ਬੋਟਿੰਗ, ਚਿਲਡਰਨ ਕਾਰਨਰ, ਫੂਡ ਕਾਰਨਰ, ਰੰਗੀਨ ਫੁਹਾਰੇ, ਓਪਨ ਏਅਰ ਥਿਏਟਰ, ਬੱਚਿਆਂ ਲਈ ਝੂਲੇ, ਸਕੇਟਿੰਗ ਰਿੰਕ, ਝੀਲ ਆਦਿ ਦੇ ਨਾਲ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ। ਉਨ੍ਹਾਂ ਪਾਰਕ ਦਾ ਨਿਰਮਾਣ ਕਰਨ ਵਾਲੀ ਏਜੰਸੀ ਅਤੇ ਅਧਿਕਾਰੀਆਂ ਨੂੰ ਲੈਂਡਸਕੇਪਿੰਗ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਇਸ ਦੇ ਚਾਰੇ ਪਾਸੇ ਸਜਾਵਟੀ ਤੇ ਫੁੱਲਾਂ ਵਾਲੇ ਪੌਦੇ ਲਾਉਣ ਲਈ ਕਿਹਾ। ਮੰਤਰੀ ਨੇ ਫੁੱਟਪਾਥ ਦੇ ਚਾਰੇ ਪਾਸੇ ਛੋਟੇ ਛੋਟੇ ਸਪੀਕਰ ਅਤੇ ਝੀਲ ਵਿਚ ਰੰਗ-ਬਰੰਗੀਆਂ ਲਾਈਟਾਂ ਲਾਉਣ ਦੇ ਵੀ ਨਿਰਦੇਸ਼ ਦਿੱਤੇ।ਉਨ੍ਹਾਂ ਦੱਸਿਆ ਕਿ ਇਕ ਸੜਕ ਦਾ ਨਿਰਮਾਣ ਕਰਕੇ ਇਸ ਪਾਰਕ ਨੂੰ ਅੰਬਾਲਾ-ਜਗਾਧਰੀ ਰੋਡ ਨਾਲ ਜੋੜ ਦਿੱਤਾ ਗਿਆ ਹੈ।