For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਦੇ ਕਮਰਿਆਂ ’ਤੇ ਹੋਮ ਗਾਰਡ ਦਾ ‘ਕਬਜ਼ਾ’

10:22 AM Jul 12, 2024 IST
ਸਰਕਾਰੀ ਸਕੂਲ ਦੇ ਕਮਰਿਆਂ ’ਤੇ ਹੋਮ ਗਾਰਡ ਦਾ ‘ਕਬਜ਼ਾ’
ਬੇਸਿਕ ਪ੍ਰਾਇਮਰੀ ਸਕੂਲ ਦੇ ਗੇਟ ਤੋਂ ਦਿਖਾਈ ਦਿੰਦਾ ਹੋਇਆ ਹੋਮ ਗਾਰਡ ਦਫ਼ਤਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਜੁਲਾਈ
ਬੇਸਿਕ ਪ੍ਰਾਇਮਰੀ ਸਕੂਲ ਦੀ ਇਮਾਰਤ ਵਿੱਚ ਕੁਝ ਸਮਾਂ ਪਹਿਲਾਂ ਹੋਮ ਗਾਰਡ ਨੇ ਆਪਣਾ ਦਫ਼ਤਰ ਖੋਲ੍ਹਿਆ ਸੀ। ਹੁਣ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਇਹ ਦਫ਼ਤਰ ਉੱਥੇ ਹੀ ਚੱਲ ਰਿਹਾ ਹੈ ਅਤੇ ਹੋਮ ਗਾਰਡ ਸਕੂਲ ਦੀ ਇਮਾਰਤ ਦੇ ਇਨ੍ਹਾਂ ਕਮਰਿਆਂ ਨੂੰ ਖਾਲੀ ਨਹੀਂ ਕਰ ਰਹੀ। ਸਾਂਝਾ ਪੈਨਸ਼ਨਰਜ਼ ਫਰੰਟ, ਪ੍ਰੋਗਰੈਸਿਵ ਲਾਇਬ੍ਰੇਰੀ ਕਮੇਟੀ, ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਲੋਕਹਿੱਤ ਸੰਘਰਸ਼ ਕਮੇਟੀ ਨੇ ਅੱਜ ਸਰਕਾਰ ਤੇ ਪ੍ਰਸ਼ਾਸਨ ਤੋਂ ਸਕੂਲ ਦੀ ਇਹ ਇਮਾਰਤ ਖਾਲੀ ਕਰਵਾਉਣ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂ ਜੋਗਿੰਦਰ ਆਜ਼ਾਦ, ਅਵਤਾਰ ਸਿੰਘ, ਜਸਵੰਤ ਸਿੰਘ ਕਲੇਰ, ਹਰਭਜਨ ਸਿੰਘ, ਬਲਦੇਵ ਸਿੰਘ ਰਸੂਲਪੁਰ, ਦਵਿੰਦਰ ਸਿੰਘ ਸਿੱਧੂ ਅਤੇ ਅਸ਼ੋਕ ਭੰਡਾਰੀ ਨੇ ਕਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਦਾ ਇਸ ਪਾਸੇ ਕਈ ਵਾਰ ਧਿਆਨ ਦਿਵਾਇਆ ਗਿਆ ਹੈ ਪਰ ਪ੍ਰਸ਼ਾਸਨ ਇਸ ਨੂੰ ਅਣਡਿੱਠ ਕਰ ਰਿਹਾ ਹੈ। ਇਹ ਕਮਰੇ ਵਾਪਸ ਸਕੂਲ ਹਵਾਲੇ ਕਰਨ ਦੀਆਂ ਬੇਨਤੀਆਂ ਨੂੰ ਅਣਦੇਖਿਆ ਕਰਨ ’ਤੇ ਰੋਸ ਜ਼ਾਹਰ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੀ ਅਣਸਰਦੀ ਲੋੜ ਹੋਵੇਗਾ। ਆਗੂਆਂ ਦਾ ਕਹਿਣਾ ਹੈ ਕਿ ਸਬੰਧਤ ਅਫ਼ਸਰਾਂ ਨੂੰ ਲਿਖਤੀ ਬੇਨਤੀਆਂ ਵੀ ਕੀਤੀਆਂ ਹਨ।
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਵਫ਼ਦ ਮਿਲਿਆ, ਪਰ ਕੋਈ ਕਾਰਵਾਈ ਹਾਲੇ ਤੱਕ ਅਮਲ ’ਚ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਜਲਦ ਸੰਘਰਸ਼ ਕਮੇਟੀ ਬਣਾ ਕੇ ਸਰਕਾਰੀ ਸਕੂਲ ਦੀ ਜਾਇਦਾਦ ਸਕੂਲ ਹਵਾਲੇ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਇਸ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਸਕੂਲ ਪਾਸ ਕੋਈ ਖੇਡ ਦਾ ਮੈਦਾਨ ਵੀ ਨਹੀਂ। ਇਹ ਮਾਸੂਮ ਬੱਚਿਆਂ ’ਤੇ ਜ਼ੁਲਮ ਹੈ। ਜਥੇਬੰਦੀਆਂ ਨੇ ਹੋਰ ਸਮਾਜਿਕ ਅਤੇ ਗਰੀਬਾਂ ਦੇ ਬੱਚਿਆਂ ਦੀ ਸਿੱਖਿਆ ਪ੍ਰਤੀ ਫ਼ਿਕਰਮੰਦ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਸਕੂਲ ਦੇ ਕਮਰਿਆਂ ਨੂੰ ਖਾਲੀ ਕਰਵਾਉਣ ਲਈ ਆਵਾਜ਼ ਬੁਲੰਦ ਕਰਨ।
ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਣਕਾਰੀ ਲੈ ਕੇ ਢੁੱਕਵੀਂ ਕਾਰਵਾਈ ਹੋਵੇਗੀ। ਸ਼ਹੀਦ ਭਗਤ ਸਿੰਘ ਕਲੱਬ ਨੇ ਮਾਮਲਾ ਧਿਆਨ ’ਚ ਆਉਣ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿੱਢੇ ਜਾਣ ਵਾਲੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਉਹ ਸਾਥੀਆਂ ਸਮੇਤ ਇਸ ਸੰਘਰਸ਼ ’ਚ ਸ਼ਮੂਲੀਅਤ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×