Homage to Swami Vivekananda ਮੋਦੀ ਤੇ ਮੁਰਮੂ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ, 12 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਤਮਕ ਆਗੂ ਤੇ ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸ੍ਰੀ ਮੋਦੀ ਨੇ ਕਿਹਾ ਕਿ ਵਿਵੇਕਾਨੰਦ ਨੌਜਵਾਨਾਂ ਲਈ ਸਦੀਵੀ ਪ੍ਰੇਰਨਾ ਹਨ। ਸਵਾਮੀ ਵਿਵੇਕਾਨੰਦ, ਜਿਨ੍ਹਾਂ ਦਾ ਜਨਮ 1863 ਵਿਚ ਹੋਇਆ ਸੀ, ਨੇ ਪ੍ਰਸਿੱਧ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਵਿਵੇਕਾਨੰਦ ਦੇ ਵੇਦਾਂਤ ਅਤੇ ਹਿੰਦੂ ਫਲਸਫੇ ਦੇ ਹੋਰ ਪਹਿਲੂਆਂ ਬਾਰੇ ਕੀਤੇ ਕੰਮਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ।
ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਨੌਜਵਾਨਾਂ ਲਈ ਸਦੀਵੀ ਪ੍ਰੇਰਨਾ, ਉਹ ਨੌਜਵਾਨ ਮਨਾਂ ਵਿੱਚ ਜਨੂੰਨ ਅਤੇ ਉਦੇਸ਼ ਨੂੰ ਜਗਾਉਂਦੇ ਰਹਿੰਦੇ ਹਨ। ਅਸੀਂ ਇੱਕ ਮਜ਼ਬੂਤ ਅਤੇ ਵਿਕਸਤ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।’’
ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵੱਲ ਕੰਮ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਮੁਰਮੂ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਦੁਨੀਆ ਭਰ ਦੇ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। -ਪੀਟੀਆਈ