ਹੌਲੀਵੁੱਡ ਫਿਲਮ ‘ਕੰਧਾਰ’ ਪ੍ਰਾਈਮ ਵੀਡੀਓ ’ਤੇ 16 ਨੂੰ ਹੋਵੇਗੀ ਰਿਲੀਜ਼
ਮੁੰਬਈ: ਹੌਲੀਵੁੱਡ ਸਟਾਰ ਜੇਰਾਰਡ ਬਟਲਰ ਅਤੇ ਬੌਲੀਵੁੱਡ ਅਦਾਕਾਰ ਅਲੀ ਫਜ਼ਲ ਦੀ ਹੌਲੀਵੁੱਡ ਐਕਸ਼ਨ ਫਿਲਮ ‘ਕੰਧਾਰ’ ਭਾਰਤ ਵਿੱਚ 16 ਜੂਨ ਨੂੰ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਵੇਗੀ। ‘ਏਂਜਲ ਹੈਜ਼ ਫਾਲਨ’ ਅਤੇ ‘ਗਰੀਨਲੈਂਡ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਰਿਕ ਰੋਮਨ ਵੌਅ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਅਮਰੀਕਾ ਵਿੱਚ ਮਈ ‘ਚ ਰਿਲੀਜ਼ ਹੋਈ ਸੀ। ਫਿਲਮ ਮਿਸ਼ੇਲ ਲਾਫਾਰਚੂਨ ਨੇ ਲਿਖੀ ਹੈ। ਇਸ ਦੀ ਕਹਾਣੀ ਇੱਕ ਸਾਬਕਾ ਖ਼ੁਫ਼ੀਆ ਫ਼ੌਜੀ ਅਧਿਕਾਰੀ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫਿਲਮ ਵਿੱਚ ਫਜ਼ਲ ਨੇ ਕਾਹਿਲ ਅਤੇ ਬਟਲਰ ਨੇ ਟੌਮ ਹੈਰਿਸ ਦੀ ਭੂਮਿਕਾ ਨਿਭਾਈ ਹੈ। ਫਜ਼ਲ ਨੇ ਦੱਸਿਆ, ”ਭਾਰਤ ਵਿੱਚ ਪ੍ਰਾਈਮ ਵੀਡੀਓ ‘ਤੇ ‘ਕੰਧਾਰ’ ਦਾ ਰਿਲੀਜ਼ ਹੋਣਾ ਮੇਰੇ ਲਈ ਘਰ ਵਾਪਸੀ ਵਰਗਾ ਹੈ। ਬਟਲਰ ਅਤੇ ਪੂਰੀ ਟੀਮ ਨਾਲ ਸ਼ੂਟਿੰਗ ਕਰਨਾ ਬਹੁਤ ਸ਼ਾਨਦਾਰ ਤਜਰਬਾ ਸੀ।” ਭਾਰਤ ਵਿੱਚ ਪ੍ਰਾਈਮ ਵੀਡੀਓ ਦੇ ‘ਕੰਟੈਂਟ ਲਾਇਸੈਂਸਿੰਗ’ ਨਿਰਦੇਸ਼ਕ ਮਨੀਸ਼ ਮੇਂਘਨੀ ਨੇ ਕਿਹਾ ਕਿ ਹੌਲੀਵੁੱਡ ਐਕਸ਼ਨ ਥ੍ਰਿਲਰ ਨੂੰ ਆਪਣੇ ਮੰਚ ‘ਤੇ ਪ੍ਰਸਾਰਿਤ ਕਰਨ ਸਬੰਧੀ ਉਹ ਕਾਫ਼ੀ ਖ਼ੁਸ਼ ਹਨ। ਬਟਲਰ ਦੀ ਸ਼ਾਨਦਾਰ ਅਦਾਕਾਰੀ ਅਤੇ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਤੋਂ ਅਲੀ ਨੂੰ ਮਿਲੇ ਪਿਆਰ ਕਰਕੇ ਭਾਰਤੀ ਦਰਸ਼ਕ ਫਿਲਮ ਵੱਲ ਹੋਰ ਆਕਰਸ਼ਿਤ ਹੋਣਗੇ। ਇਹ ਫਿਲਮ ‘ਜੌਹਨ ਵਿੱਕ’ ਸੀਰੀਜ਼ ਲਈ ਮਸ਼ਹੂਰ ‘ਥੰਡਰ ਰੋਡ ਫਿਲਮਜ਼’, ‘ਜੀ-ਬੇਸ’, ‘ਕੈਪਸਟਨ ਗਰੁੱਪ’ ਅਤੇ ‘ਐੱਮਬੀਸੀ ਸਟੂਡੀਓਜ਼’ ਵੱਲੋਂ ਬਣਾਈ ਗਈ ਹੈ ਜੋ ਇੰਗਲਿਸ਼ ਤੋਂ ਇਲਾਵਾ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ। -ਪੀਟੀਆਈ