For the best experience, open
https://m.punjabitribuneonline.com
on your mobile browser.
Advertisement

ਵਧਦੀ ਗਰਮੀ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਹੁਕਮ

08:43 AM May 22, 2024 IST
ਵਧਦੀ ਗਰਮੀ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਹੁਕਮ
ਚੰਡੀਗੜ੍ਹ ਦੇ ਸੈਕਟਰ-48 ਵਿੱਚ ਸਕੂਲ ਵਿੱਚੋਂ ਛੁੱਟੀ ਹੋਣ ਮਗਰੋਂ ਘਰ ਜਾਂਦੀਆਂ ਹੋਈਆਂ ਵਿਦਿਆਰਥਣਾਂ। -ਫੋਟੋ: ਵਿੱਕੀ ਘਾਰੂ
Advertisement

ਸੁਖਵਿੰਦਰ ਪਾਲ ਸਿੰਘ ਸੋਢੀ
ਚੰਡੀਗੜ੍ਹ, 21 ਮਈ
ਯੂਟੀ ਵਿੱਚ ਅੱਜ ਵੀ ਗਰਮੀ ਕਾਰਨ ਲੋਕ ਬੇਹਾਲ ਰਹੇ ਤੇ ਪੂਰੇ ਖਿੱਤੇ ਵਿਚ ਗਰਮ ਹਵਾਵਾਂ ਚੱਲਦੀਆਂ ਰਹੀਆਂ। ਇਸ ਦੇ ਮੱਦੇਨਜ਼ਰ ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ, ਪ੍ਰਾਈਵੇਟ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਅਗੇਤੀਆਂ ਕਰਨ ਦੇ ਹੁਕਮ ਦਿੱਤੇ ਹਨ। ਹੁਣ ਸਾਰੇ ਸਕੂਲਾਂ ਵਿੱਚ 22 ਮਈ ਤੋਂ 30 ਜੂਨ ਤਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ। ਪਹਿਲਾਂ ਸਰਕਾਰੀ ਸਕੂਲਾਂ ਵਿੱਚ 23 ਮਈ ਤੋਂ 30 ਜੂਨ ਤਕ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਸਨ ਪਰ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਗਰਮੀ ਦੀਆਂ ਛੁੱਟੀਆਂ ਜੂਨ ਤੋਂ ਕਰਨ ਦਾ ਐਲਾਨ ਕੀਤਾ ਸੀ। ਸ਼ਹਿਰ ਵਿਚ ਵਧਦੀ ਗਰਮੀ ਤੇ ਲੂ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਗਰਮੀ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਕਈ ਪ੍ਰਾਈਵੇਟ ਸਕੂਲਾਂ ਨੇ ਇਸ ਦਾ ਪਾਲਣ ਨਾ ਕੀਤਾ ਜਿਸ ਦਾ ਚੰਡੀਗੜ੍ਹ ਦੇ ਬਾਲ ਕਮਿਸ਼ਨ ਨੇ ਨੋਟਿਸ ਲੈਂਦਿਆਂ ਸਕੂਲਾਂ ਤੇ ਸਿੱਖਿਆ ਵਿਭਾਗ ਨੂੰ ਪੱਤਰ ਲਿਖਿਆ ਸੀ। ਪੂਰੇ ਖੇਤਰ ਵਿਚ ਗਰਮ ਹਵਾਵਾਂ ਚੱਲਣ ਦੇ ਮੱਦੇਨਜ਼ਰ ਯੂਟੀ ਦੇ ਸਿੱਖਿਆ ਵਿਭਾਗ ਨੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਕਈ ਸਕੂਲਾਂ ਨੇ ਪ੍ਰੀ-ਨਰਸਰੀ ਤੇ ਹੋਰ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਸਕੂਲ ਸੱਦ ਲਿਆ ਤੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਗਰਮੀਆਂ ਦੀਆਂ ਛੁੱਟੀਆਂ ਜੂਨ ਦੇ ਪਹਿਲੇ ਹਫ਼ਤੇ ਤੋਂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 20 ਮਈ ਨੂੰ ਬਾਲ ਕਮਿਸ਼ਨ ਨੇ ਹੁਕਮ ਦਿੱਤਾ ਕਿ ਸਾਰੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਅਗੇਤੀਆਂ ਕੀਤੀਆਂ ਜਾਣ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਹੁਕਮ ਜਾਰੀ ਕਰਦਿਆਂ ਗਰਮੀਆਂ ਦੀਆਂ ਛੁੱਟੀਆਂ ਕਰਨ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਛੁੱਟੀਆਂ ਦੌਰਾਨ ਲੋਕ ਸਭਾ ਚੋਣਾਂ ਵਿਚ ਲੱਗਿਆ ਸਟਾਫ ਆਪਣੀ ਡਿਊਟੀ ’ਤੇ ਹਾਜ਼ਰ ਰਹੇਗਾ।

Advertisement

ਚੰਡੀਗੜ੍ਹ ਦਾ ਤਾਪਮਾਨ 41.1 ਡਿਗਰੀ ਸੈਲਸੀਅਸ; ਗਰਮ ਹਵਾਵਾਂ ਚੱਲੀਆਂ

ਚੰਡੀਗੜ੍ਹ ਵਿੱਚ ਅੱਜ ਭਾਵੇਂ ਤਾਪਮਾਨ ਬੀਤੇ ਦਿਨ ਨਾਲੋਂ ਘੱਟ ਰਿਹਾ ਪਰ ਧੂੜ ਭਰੀਆਂ ਤੇ ਗਰਮ ਹਵਾਵਾਂ ਕਾਰਨ ਅੱਜ ਜ਼ਿਆਦਾਤਰ ਚੰਡੀਗੜ੍ਹ ਵਾਸੀ ਦੁਪਹਿਰ ਵੇਲੇ ਘਰਾਂ ਵਿਚ ਹੀ ਰਹੇ। ਇਸ ਦੌਰਾਨ ਦੁਪਹਿਰ ਵੇਲੇ ਬਾਜ਼ਾਰਾਂ ਵਿਚ ਵੀ ਖ਼ਰੀਦਦਾਰੀ ਘੱਟ ਰਹੀ। ਚੰਡੀਗੜ੍ਹ ਵਿੱਚ ਭਾਵੇਂ ਆਮ ਲੋਕ ਘਰਾਂ ਅੰਦਰ ਹੀ ਰਹੇ ਪਰ ਲੋਕ ਸਭਾ ਚੋਣਾਂ ਕਾਰਨ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਬਾਹਰ ਜਾ ਕੇ ਪ੍ਰਚਾਰ ਕੀਤਾ। ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 41.1 ਤੇ ਘੱਟ ਤੋਂ ਘੱਟ 28.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਦਿਨ ਆਸਮਾਨ ਸਾਫ਼ ਰਹੇਗਾ।

ਗਰਮੀ ਦੇ ਮੱਦੇਨਜ਼ਰ ਪੰਚਕੂਲਾ ਜ਼ਿਲ੍ਹੇ ਵਿੱਚ ਛੁੱਟੀਆਂ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਈ ਤੱਕ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਗਰਮੀ ਦੇ ਮੱਦੇਨਜ਼ਰ ਛੁੱਟੀਆਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਪੰਚਕੂਲਾ ਯਸ ਗਰਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਛੇਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਦੀ ਸਵੇਰ ਵਾਲੀ ਅਸੈਂਬਲੀ ਨਹੀਂ ਹੋਵੇਗੀ। ਸਕੂਲਾ ਦਾ ਸਾਰਾ ਸਟਾਫ ਰੋਜ਼ਾਨਾ ਸਕੂਲਾਂ ਵਿੱਚ ਆਵੇਗਾ ਸਟਾਫ ਆਵੇਗਾ। ਅਕਦਾਮਿਕ ਗਤੀਵਿਧੀਆਂ ਤੇ ਪੇਪਰ ਛੁੱਟੀਆਂ ਤੋਂ ਬਾਅਦ ਹੋਣਗੇ। ਡੀਸੀ ਦੇ ਦੱਸਿਆ ਕਿ ਇਹ ਫ਼ੈਸਲਾ ਗਰਮੀ ਤੇ ਲੂ ਕਾਰਨ ਲਿਆ ਗਿਆ ਹੈ।

ਪ੍ਰਾਈਵੇਟ ਸਕੂਲਾਂ ਵੱਲੋਂ ਆਨਲਾਈਨ ਜਮਾਤਾਂ ਲਾਉਣ ਦਾ ਸਰਕੁਲਰ

ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਅਗੇਤੀਆਂ ਕਰਨ ਦੇ ਮੱਦੇਨਜ਼ਰ ਸ਼ਹਿਰ ਦੇ ਮੋਹਰੀ ਪ੍ਰਾਈਵੇਟ ਸਕੂਲਾਂ ਨੇੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਲਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਆਪਣੇ ਅਧਿਆਪਕਾਂ ਨੂੰ ਆਨਲਾਈਨ ਜਮਾਤਾਂ ਲਾਉਣ ਲਈ ਸਕੂਲ ਸੱਦ ਲਿਆ ਹੈ ਤੇ ਅਧਿਆਪਕ ਸਕੂਲ ਤੋਂ ਹੀ 25 ਮਈ ਤਕ ਆਨਲਾਈਨ ਜਮਾਤਾਂ ਲਾਉਣਗੇ।

Advertisement
Author Image

joginder kumar

View all posts

Advertisement
Advertisement
×