For the best experience, open
https://m.punjabitribuneonline.com
on your mobile browser.
Advertisement

ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਦੀਆਂ ਛੁੱਟੀਆਂ 25 ਤੱਕ ਵਧੀਆਂ

06:28 AM Jan 23, 2024 IST
ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਦੀਆਂ ਛੁੱਟੀਆਂ 25 ਤੱਕ ਵਧੀਆਂ
ਪਿੰਡ ਚਿੱਲਾ ਵਿੱਚ ਠੰਢ ਤੋਂ ਬਚਾਅ ਲਈ ਅੱਗ ਸੇਕਦੇ ਹੋਏ ਲੋਕ।
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਜਨਵਰੀ
ਯੂਟੀ ਦੇ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ਵਿੱਚ ਪੰਜਵੀਂ ਜਮਾਤ ਤਕ ਦੀਆਂ ਛੁੱਟੀਆਂ 25 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ। ਇਹ ਫ਼ੈਸਲਾ ਹੱਡ-ਚੀਰਵੀਂ ਠੰਢ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 26 ਜਨਵਰੀ ਤੋਂ ਖੁੱਲ੍ਹਣਗੇ ਕਿਉਂਕਿ 26 ਨੂੰ ਗਣਤੰਤਰ ਦਿਵਸ ਹੈ ਤੇ ਇਸ ਦਿਨ ਸਕੂਲ ਦੇ ਸੀਮਤ ਵਿਦਿਆਰਥੀ ਹੀ ਪਰੇਡ ਲਈ ਸੱਦੇ ਜਾਂਦੇ ਹਨ ਤੇ ਆਮ ਤੌਰ ’ਤੇ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 29 ਜਨਵਰੀ ਨੂੰ ਹੀ ਖੁੱਲ੍ਹਣਗੇ। ਦੂਜੇ ਪਾਸੇ ਛੇਵੀਂ ਤੋਂ ਉਤੇ ਦੀਆਂ ਜਮਾਤਾਂ ਲਈ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਨਲਾਈਨ ਜਮਾਤਾਂ ਲਗਾ ਸਕਦੇ ਹਨ ਪਰ ਇਹ ਸਕੂਲ ਪ੍ਰਬੰਧਕਾਂ ’ਤੇ ਨਿਰਭਰ ਕਰੇਗਾ ਕਿ ਉਹ ਸਕੂਲ ਖੋਲ੍ਹਣਾ ਚਾਹੁੰਦੇ ਹਨ ਜਾਂ ਆਨਲਾਈਨ ਜਮਾਤਾਂ ਲਾਉਣਾ ਚਾਹੁੰਦੇ ਹਨ। ਇਸ ਸਬੰਧੀ ਹੁਕਮ ਅੱਜ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਜਾਰੀ ਕੀਤੇ। ਦੂਜੇ ਪਾਸੇ, ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਆਮ ਵਾਂਗ ਖੁੱਲ੍ਹਣਗੇ ਪਰ ਕੋਈ ਵੀ ਸਕੂਲ ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ ਤੇ ਸ਼ਾਮ ਵਾਲੀਆਂ ਸ਼ਿਫਟਾਂ ਸਣੇ ਦੁਪਹਿਰ ਚਾਰ ਵਜੇ ਤੋਂ ਪਹਿਲਾਂ ਸਕੂਲ ਬੰਦ ਹੋਣੇ ਚਾਹੀਦੇ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਮੌਸਮ ਸਾਫ਼ ਰਹਿਣ ਤੇ ਸਵੇਰੇ-ਸ਼ਾਮ ਸੰਘਣੀ ਤੋਂ ਦਰਮਿਆਨੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਪੰਜਵੀਂ ਤਕ ਦੀਆਂ ਜਮਾਤਾਂ ਲਈ ਛੁੱਟੀਆਂ 25 ਜਨਵਰੀ ਤਕ ਵਧਾ ਦਿੱਤੀਆਂ ਹਨ। ਇਹ ਫੈਸਲਾ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਜਾਰੀ ਰਹਿਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਡੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੇ ਹਿੱਤਾਂ ਤੇ ਠੰਢ ਦੇ ਮੱਦੇਨਜ਼ਰ ਪ੍ਰਬੰਧ ਯਕੀਨੀ ਬਣਾਉਣਗੇ। ਉਨ੍ਹਾਂ ਸਕੂਲ ਦੇ ਅਧਿਆਪਕਾਂ ਦਾ ਸਮਾਂ ਵੀ ਇਸ ਅਨੁਸਾਰ ਤਬਦੀਲ ਕਰਨ ਲਈ ਕਿਹਾ ਹੈ।

Advertisement

ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ

ਸੀਤ ਲਹਿਰ ਦੇ ਮੱਦੇਨਜ਼ਰ ਟਰਾਈਸਿਟੀ ਵਿਚ ਅੱਜ ਸਵੇਰ ਵੇਲੇ ਹਲਕੀ ਧੁੰਦ ਛਾਈ ਰਹੀ ਤੇ ਸੂਰਜ ਦੇ ਦਰਸ਼ਨ ਨਾ ਹੋਏ। ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਲੋਕਾਂ ਨੇ ਛੁੱਟੀ ਵਾਲੇ ਦਿਨ ਦੇ ਬਾਵਜੂਦ ਮਾਰਕੀਟਾਂ ਵਿਚ ਖ਼ਰੀਦਦਾਰੀ ਕੀਤੀ। ਇਥੇ ਵੱਧ ਤੋਂ ਵੱਧ ਤਾਪਮਾਨ 11.2 ਡਿਗਰੀ ਦਰਜ ਕੀਤਾ ਗਿਆ ਤੇ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 6.5 ਡਿਗਰੀ ਸੈਲਸੀਅਮ ਰਿਹਾ। ਦੂਜੇ ਪਾਸੇ ਠੰਢ ਵਧਣ ਕਾਰਨ ਅੱਜ ਵੀ ਲੋਕ ਠੁਰ ਠੁਰ ਕਰਦੇ ਰਹੇ। ਇਥੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਸੱਤ ਡਿਗਰੀ ਹੇਠਾਂ ਰਿਹਾ। ਅੱਜ ਵੱਧ ਤੋਂ ਵੱਧ ਤਾਪਮਾਨ ਭਾਵੇਂ ਕੱਲ੍ਹ ਦੇ ਮੁਕਾਬਲੇ ਦੋ ਡਿਗਰੀ ਵੱਧ ਗਿਆ ਹੈ ਪਰ ਟਰਾਈਸਿਟੀ ਸੀਤ ਲਹਿਰ ਦੀ ਮਾਰ ਹੇਠ ਆ ਗਈ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 11.2 ਡਿਗਰੀ ਦਰਜ ਕੀਤਾ ਗਿਆ ਜਦਕਿ ਮੌਸਮ ਵਿਭਾਗ ਨੇ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ 27 ਜਨਵਰੀ ਤੱਕ ਤਾਪਮਾਨ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਇਸ ਤੋਂ ਇਲਾਵਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ।

ਜਨਵਰੀ ਮਹੀਨਾ ਬੀਤੇ ਕਈ ਸਾਲਾਂ ਦੇ ਮੁਕਾਬਲੇ ਠੰਢਾ ਰਿਹਾ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੱਧਮ ਤੋਂ ਸੰਘਣੀ ਧੁੰਦ ਦੇ ਨਾਲ ਮੁੱਖ ਤੌਰ ’ਤੇ ਆਸਮਾਨ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਇਸ ਸਾਲ ਜਨਵਰੀ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ ਕਾਫੀ ਠੰਢੀ ਰਹੀ। ਚੰਡੀਗੜ੍ਹ ਵਿੱਚ ਬੀਤੇ ਕੱਲ੍ਹ ਜਨਵਰੀ 2013 ਤੋਂ ਬਾਅਦ ਸਭ ਤੋਂ ਠੰਢਾ ਦਿਨ ਰਿਹਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 9 ਡਿਗਰੀ ਘੱਟ ਹੈ, ਜਦਕਿ 7 ਜਨਵਰੀ 2013 ਨੂੰ ਤਾਪਮਾਨ 9.3 ਡਿਗਰੀ ਸੈਲਸੀਅਸ ਸੀ।

Advertisement
Author Image

Advertisement
Advertisement
×