ਹੋਲਾ ਮਹੱਲਾ: ਪਿੰਡ ਜ਼ਫਰਵਾਲ ’ਚ ਨਗਰ ਕੀਰਤਨ ਸਜਾਇਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 28 ਮਾਰਚ
ਪਿੰਡ ਜ਼ਫਰਵਾਲ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਅੱਠ-ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਰੋਜ਼ਾਨਾ ਦੁਪਹਿਰ ਤਿੰਨ ਵਜ਼ੇ ਤੋਂ ਸ਼ਾਮ ਛੇ ਵਜ਼ੇ ਤੱਕ ਦੀਵਾਨਾਂ ’ਚ ਇਲਾਕੇ ਦੀ ਸੰਗਤ ਨੂੰ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਵਡਾਲਾ ਵੱਲੋਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਗੁਰਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਨੌਵੇਂ ਦਿਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਹੋਲਾ ਮਹੱਲਾ ਸਥਾਨ ਥੜਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਪਿੰਡ ਦੀਆਂ ਪ੍ਰਕਰਮਾ ਕਰ ਕੇ ਵਾਪਸ ਅਰੰਭਿਕ ਸਥਾਨ ’ਤੇ ਸਮਾਪਤ ਹੋਇਆ। ਇਸ ਦੌਰਾਨ ਢਾਡੀ ਜਥੇ ਨੇ ਪੜਾਅ ਵਾਰ ਦੀਵਾਨਾਂ ਵਿੱਚ ਸੰਗਤ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਸਵਾਗਤ ਕੀਤਾ ਅਤੇ ਲੰਗਰ ਲਗਾਏ। ਸ੍ਰੀ ਗੁਰੂ ਹਰਗੋਬਿੰਦ ਗਤਕਾ ਅਖਾੜਾ ਜਫਰਵਾਲ ਦੇ ਜਥੇਦਾਰ ਕੇਵਲ ਸਿੰਘ ਦੀ ਅਗਵਾਈ ਹੇਠ ਗਤਕਾ ਖਿਡਾਰੀਆਂ ਨੇ ਗਤਕੇ ਦੇ ਜੌਹਰ ਵਿਖਾਏ। ਹੋਲਾ ਮਹੱਲਾ ਕਮੇਟੀ ਦੇ ਮੁੱਖ ਸੇਵਾਦਾਰਾਂ ਪ੍ਰਿੰਸੀਪਲ ਗੁਰਨਾਮ ਸਿੰਘ ਚਾਹਲ, ਮਲਕੀਤ ਸਿੰਘ, ਰਣਜੋਧ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਬੀਰ ਕੌਰ ਜਫਰਵਾਲ ਨੇ ਦੱਸਿਆ ਪਿੱਛਲੇ ਸੱਤ ਦਹਾਕਿਆਂ ਤੋਂ ਹਰ ਸਾਲ ਹੋਲਾ ਮਹੱਲਾ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਨਗਰ ਕੀਰਤਨ ਵਿੱਚ ਸੇਵਾਦਾਰ ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਕਰਨੈਲ ਸਿੰਘ, ਲਖਬੀਰ ਸਿੰਘ, ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ, ਮਨਜੀਤ ਸਿੰਘ ਮੈਨੇਜਰ ਗੁਰਦੁਆਰਾ ਸਤਿਕਾਰੀਆਂ ਬਟਾਲਾ, ਗੁਰਸ਼ਰਨ ਸਿੰਘ ਮਿੰਟਾ,ਜਥੇਦਾਰ ਸਤਨਾਮ ਸਿੰਘ, ਡਾ.ਰਣਜੀਤ ਸਿੰਘ, ਸੰਦੀਪ ਸਿੰਘ, ਭਾਈ ਵੱਸਣ ਸਿੰਘ ਜਫਰਵਾਲ, ਸਰਪੰਚ ਪਰਮਜੀਤ ਸਿੰਘ ਚਾਹਲ, ਸਾਬਕਾ ਸਰਪੰਚ ਬਲਜੀਤ ਸਿੰਘ ਸ਼ਾਮਲ ਸਨ।