For the best experience, open
https://m.punjabitribuneonline.com
on your mobile browser.
Advertisement

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ

07:37 AM Mar 27, 2024 IST
ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ
ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਮੌਕੇ ਕਰਤੱਬ ਦਿਖਾਉਂਦੇ ਹੋਏ ਨਿਹੰਗ ਸਿੰਘ।
Advertisement

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 26 ਮਾਰਚ
ਇੱਥੇ ਅੱਜ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।
ਇੱਕ ਅਨੁਮਾਨ ਮੁਤਾਬਕ ਹੁਣ ਤੱਕ 20 ਲੱਖ ਤੋਂ ਵੱਧ ਸੰਗਤ ਨੇ ਇੱਥੇ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰ ਘਰਾਂ ਵਿੱਚ ਹਾਜ਼ਰੀ ਲਗਵਾਈ। ਬੀਤੇ ਛੇ ਦਿਨਾਂ ਤੋਂ ਖਾਲਸਾ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੀਲੇ ਤੇ ਕੇਸਰੀ ਬਾਣਿਆਂ ਵਿੱਚ ਪੁੱਜੀ ਸੰਗਤ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਝ ਹੇਠ ਖਾਲਸਈ ਰੰਗ ਵਿੱਚ ਰੰਗੀ ਰਹੀ।
ਮੰਗਲਵਾਰ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨਿਹੰਗ ਮੁਖੀ, ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਆਦਿ ਨੇ ਸੰਬੋਧਨ ਕੀਤਾ। ਅੱਜ ਨਿਹੰਗ ਸਿੰਘਾਂ ਵੱਲੋਂ ਸੈਂਕੜੇ ਹਾਥੀਆਂ, ਘੋੜਿਆਂ, ਊਠਾਂ ’ਤੇ ਸਵਾਰ ਹੋ ਕੇ ਅਤੇ ਦਲ ਪੰਥ ਦੇ ਨਿਸ਼ਾਨ ਲੈ ਕੇ ਮਹੱਲਾ ਕੱਢਿਆ ਗਿਆ। ਦਹਾਕਿਆਂ ਬਾਅਦ ਜ਼ਿਲ੍ਹਾ ਰੂਪਨਗਰ ਦੀ ਡੀਸੀ ਡਾ.ਪ੍ਰੀਤੀ ਯਾਦਵ ਅਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਖੁੱਲ੍ਹ ਕੇ ਰੰਗ ਸੁੱਟਿਆ ਅਤੇ ਗੁਲਾਲ਼ ਦੀ ਵਰਤੋਂ ਕੀਤੀ। ਸੰਗਤ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਅਤੇ ਪੰਜ ਪਿਆਰਾ ਪਾਰਕ ਖਾਸ ਖਿੱਚ ਦਾ ਕੇਂਦਰ ਰਹੇ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਹਾਟ ਏਅਰ ਬੈਲੂਨ, ਵਾਟਰ ਬੋਟਿੰਗ ਆਦਿ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ।

Advertisement

ਵੋਟਾਂ ਲੈਣ ਆਉਣ ਵਾਲਿਆਂ ਤੋਂ ਸੁਆਲ ਜ਼ਰੂਰ ਪੁੱਛਿਓ: ਜਥੇਦਾਰ ਰਘਬੀਰ ਸਿੰਘ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਦਬਾਉਣ ਲਈ ਮੁੱਢ ਤੋਂ ਹੀ ਯਤਨ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਹਰ ਸਿੱਖ ਗੁਨਾਹ ਕਰੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹੁਣ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਓ ਕਿ ਜੁਝਾਰੂ ਬੰਦੀ ਸਿੰਘ, ਡਬਿਰੂਗੜ੍ਹ ਜੇਲ੍ਹ ਵਿੱਚ ਬੰਦ ਸਿੰਘਾਂ ਅਤੇ ਪੰਜਾਬ ਦੀ ਕਿਸਾਨੀ ਨਾਲ ਵਧੀਕੀਆਂ ਕਰਨ ਵਾਲਿਓ ਇਹ ਤਾਂ ਦੱਸੋ ਕਿ ਉਨ੍ਹਾਂ ਦਾ ਤੇ ਕੌਮ ਦਾ ਕਸੂਰ ਕੀ ਹੈ।

ਘੋੜ ਦੌੜ ਦੌਰਾਨ ਅੱਠ ਵਿਅਕਤੀ ਜ਼ਖਮੀ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਹੋਲਾ ਮਹੱਲਾ ਮੌਕੇ ਨਿਹੰਗ ਸਿੰਘ ਫੌਜਾਂ ਦੇ ਜੰਗਜੂ ਕਰਤਬਾਂ ਦੌਰਾਨ ਘੋੜਿਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਅੱਧੀ ਦਰਜਨ ਤੋਂ ਵਧ ਸ਼ਰਧਾਲੂ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਤੀਰ ਵੱਜਣ ਕਾਰਨ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਜ਼ਖਮੀਆਂ ਵਿਚੋਂ ਸੱਤ ਨੂੰ ਮੁਢਲੀ ਡਾਕਟਰੀ ਸਹਾਇਤਾ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਅਮਨਦੀਪ ਸਿੰਘ ਪੁੱਤਰ ਏਕਮ ਸਿੰਘ (35) ਵਾਸੀ ਪਿੰਡ ਗੋਬਿੰਦਪੁਰ ਜੋ ਤੀਰ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ, ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement
Advertisement
×