ਹਾਕੀ ਦਾ ਵਿਸ਼ਵ ਕੱਪ ਤੇ ਕੱਪ ਨਾਲ ਜੁੜੀਆਂ ਯਾਦਾਂ
ਪ੍ਰਿੰ. ਸਰਵਣ ਸਿੰਘ
15ਵੇਂ ਹਾਕੀ ਵਿਸ਼ਵ ਕੱਪ ਦਾ ਢੋਲ ਵੱਜ ਚੁੱਕੈ। ਭੂਵਨੇਸ਼ਵਰ ਤੇ ਰੌੜਕੇਲਾ ‘ਚ 13 ਤੋਂ 29 ਜਨਵਰੀ ਤਕ ਕੱਪ ਖੇਡਿਆ ਜਾ ਰਿਹੈ ਜਿਸ ‘ਚ ਵਿਸ਼ਵ ਭਰ ਦੇ ਹਾਕੀ ਪ੍ਰੇਮੀਆਂ, ਭਾਰਤੀਆਂ ਦੀ ਖ਼ਾਸ ਦਿਲਚਸਪੀ ਹੈ। ਸਿਰਫ਼ ਹਾਕੀ ਦੀ ਖੇਡ ਹੀ ਹੈ ਜਿਸ ‘ਚ ਭਾਰਤ ਨੇ ਓਲੰਪਿਕ ਖੇਡਾਂ ਦੇ 8 ਗੋਲਡ ਮੈਡਲ ਜਿੱਤੇ ਹਨ। ਹਾਕੀ ਵਿਸ਼ਵ ਕੱਪ ਹੁਣ ਤਕ 14 ਵਾਰ ਖੇਡਿਆ ਜਾ ਚੁੱਕੈ ਜੋ 6 ਵਾਰ ਯੂਰੋਪੀਅਨ ਟੀਮਾਂ ਨੇ ਜਿੱਤਿਆ, 5 ਵਾਰ ਏਸ਼ਿਆਈ ਤੇ 3 ਵਾਰ ਓਸ਼ਨਿਆਈ ਟੀਮਾਂ ਨੇ। ਅਫਰੀਕਾ ਤੇ ਅਮਰੀਕਾ ਮਹਾਂਦੀਪ ਇਹ ਕੱਪ ਕਦੇ ਨਹੀਂ ਜਿੱਤ ਸਕੇ। ਪਾਕਿਸਤਾਨ 4 ਵਾਰ, ਨੀਦਰਲੈਂਡ 3, ਆਸਟਰੇਲੀਆ 3, ਜਰਮਨੀ 2, ਬੈਲਜੀਅਮ 1 ਤੇ 1 ਵਾਰ ਭਾਰਤੀ ਟੀਮ ਕੱਪ ਜਿੱਤੀ ਹੈ। ਸਭ ਤੋਂ ਵੱਧ ਕੱਪ ਜਿੱਤਣ ਵਾਲਾ ਪਾਕਿਸਤਾਨ ਇਸ ਵਾਰ ਕੁਆਲੀਫਾਈ ਹੀ ਨਹੀਂ ਕਰ ਸਕਿਆ।
ਹਾਕੀ ਵਿਸ਼ਵ ਕੱਪ 1971 ਵਿਚ ਸ਼ੁਰੂ ਹੋਇਆ ਸੀ ਜੋ ਪਹਿਲਾਂ 2 ਸਾਲ ਦੇ ਵਕਫ਼ੇ ਪਿੱਛੋਂ ਹੁੰਦਾ ਰਿਹਾ ਅਤੇ 1978 ਤੋਂ 4 ਸਾਲ ਦੇ ਵਕਫ਼ੇ ਪਿੱਛੋਂ ਕਰਾਇਆ ਜਾ ਰਿਹੈ। ਪਹਿਲੇ ਵਿਸ਼ਵ ਕੱਪ ਵਿਚ 10 ਟੀਮਾਂ ਸ਼ਾਮਲ ਸਨ। 2023 ਵਿਚ 16 ਟੀਮਾਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਨੂੰ 4 ਪੂਲਾਂ ਵਿਚ ਵੰਡਿਆ ਗਿਆ ਹੈ। ਏ ਪੂਲ ਵਿਚ ਆਸਟਰੇਲੀਆ, ਅਰਜਨਟਾਈਨਾ, ਫਰਾਂਸ, ਦੱਖਣੀ ਅਫਰੀਕਾ, ਬੀ ਪੂਲ ‘ਚ ਬੈਲਜੀਅਮ, ਜਰਮਨੀ, ਦੱਖਣੀ ਕੋਰੀਆ, ਜਪਾਨ, ਸੀ ਪੂਲ ‘ਚ ਨੀਦਰਲੈਂਡ, ਨਿਉਜ਼ੀਲੈਂਡ, ਮਲੇਸ਼ੀਆ, ਚਿੱਲੀ ਤੇ ਡੀ ਪੂਲ ਵਿਚ ਭਾਰਤ, ਇੰਗਲੈਂਡ, ਸਪੇਨ ਤੇ ਵੇਲਜ਼ ਹਨ। ਕੁਲ 36 ਮੈਚ ਖੇਡੇ ਜਾਣਗੇ। ਭਾਰਤ ਵਿਚ ਕੱਪ ਪਹਿਲੀ ਵਾਰ 1982, ਦੂਜੀ ਵਾਰ 2010, ਤੀਜੀ ਵਾਰ 2018 ਤੇ ਚੌਥੀ ਵਾਰ 2023 ਵਿਚ ਖੇਡਿਆ ਜਾ ਰਿਹੈ। ਜੇ ਭਾਰਤੀ ਟੀਮ ਵਿਸ਼ਵ ਕੱਪ ਜਿੱਤ ਜਾਂਦੀ ਹੈ ਤਾਂ ਉੜੀਸਾ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਐ ਕਿ ਹਰ ਖਿਡਾਰੀ ਨੂੰ ਕਰੋੜ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਹੁਣ ਜਦੋਂ ਭਾਰਤ ਵਿਚ ਕੱਪ ਹੋ ਰਿਹੈ ਤਾਂ ਮੈਨੂੰ 41 ਸਾਲ ਪਹਿਲਾਂ ਹੋਏ ਬੰਬਈ ਦੇ ਹਾਕੀ ਵਿਸ਼ਵ ਕੱਪ ਦੀਆਂ ਯਾਦਾਂ ਚੇਤੇ ਆ ਗਈਆਂ ਹਨ। ਮੈਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਕੱਪ ਕਵਰ ਕਰਨ ਗਿਆ ਸਾਂ। ਮੁੰਬਈ ਨੂੰ ਉਦੋਂ ਬੰਬਈ ਕਹਿੰਦੇ ਸਨ। ਫਾਈਨਲ ਮੈਚ ਪਾਕਿਸਤਾਨ ਤੇ ਜਰਮਨੀ ਦੀਆਂ ਟੀਮਾਂ ਵਿਚਕਾਰ ਸੀ। ਚੰਦ ਤਾਰੇ ਵਾਲੇ ਝੰਡੇ ਲਹਿਰਾਏ ਜਾ ਰਹੇ ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜ ਰਹੇ ਸਨ। ਜਰਮਨੀ ਦੇ ਹਮਾਇਤੀ ਥੋੜ੍ਹੇ ਸਨ। ਉੱਦਣ ਮੈਂ ਪਾਕਿਸਤਾਨੀ ਪ੍ਰੈੱਸ ਰਿਪੋਰਟਰਾਂ ਵਿਚਕਾਰ ਸੀਟ ਮੱਲੀ ਹੋਈ ਸੀ। ਮੇਰੇ ਪਿਛਲੇ ਪਾਸੇ ਕਰਾਚੀ ਤੋਂ ਆਈ ਰਿਪੋਰਟਰ ਬੈਠੀ ਸੀ ਜੋ ਨਿੱਗਰ ਜੁੱਸੇ ਤੇ ਮਰਦਾਵੀਂ ਸਲਵਾਰ ਕਮੀਜ਼ ਨਾਲ ਮਰਦਾਂ ਵਰਗੀ ਹੀ ਲੱਗ ਰਹੀ ਸੀ। ਉਹਦੇ ਖੁੱਲ੍ਹੇ ਵਾਲਾਂ ‘ਤੇ ਛਿੜਕਿਆ ਇਤਰ ਫੁਲੇਲ ਮਹਿਕ ਰਿਹਾ ਸੀ ਤੇ ਉਹ ਸਿਗਰਟ ਪੀਂਦੀ ਪਾਕਿਸਤਾਨੀ ਟੀਮ ਨੂੰ ਲਗਾਤਾਰ ਲਲਕਾਰ ਰਹੀ ਸੀ। ਉਹਦਾ ਪ੍ਰੈੱਸ ਗੈਲਰੀ ‘ਚੋਂ ਪਾਕਿਸਤਾਨੀ ਟੀਮ ਨੂੰ ਇੰਜ ਲਲਕਾਰਨਾ ਲੱਗਦਾ ਤਾਂ ਗੰਵਾਰ ਸੀ ਪਰ ਸੀ ਦਿਲਚਸਪ। ਕੁਝ ਮਿੰਟਾਂ ਬਾਅਦ ਜਰਮਨੀ ਨੇ ਪਾਕਿਸਤਾਨ ਸਿਰ ਪਹਿਲਾ ਗੋਲ ਕੀਤਾ ਤਾਂ ਉਹਦੀਆਂ ਉਂਗਲਾਂ ‘ਚੋਂ ਸਿਗਰਟ ਡਿੱਗ ਪਈ; ਉਹਦੇ ਲਲਕਾਰੇ ਵੀ ਬੰਦ ਹੋ ਗਏ।
ਫਿਰ 26ਵੇਂ ਮਿੰਟ ‘ਚ ਜਦੋਂ ਪਾਕਿਸਤਾਨ ਦੇ ਹਸਨ ਸਰਦਾਰ ਨੇ ਗੋਲ ਲਾਹਿਆ ਤਾਂ ਉਹ ਮੁੜ ਜੋਸ਼ ਵਿਚ ਕੂਕੀ ਤੇ ਨਵੀਂ ਸਿਗਰਟ ਸੁਲਗਾਉਣ ਲੱਗੀ। ਅਜੇ ਉਹਨੇ ਸੂਟਾ ਭਰਿਆ ਹੀ ਸੀ ਕਿ ਮਨਜ਼ੂਰ ਜੂਨੀਅਰ ਨੇ ਦੂਜਾ ਗੋਲ ਦਾਗ ਦਿੱਤਾ। ਉਧਰ ਫੱਟਾ ਖੜਕਿਆ ਤੇ ਏਧਰ ਉੱਚੀ ਲੰਮੀ ਸਿੰਧਣ ਨੇ ਜੋਸ਼ ਤੇ ਹੁਲਾਸ ਵੱਸ ਮੇਰੇ ਮੋਢੇ ‘ਤੇ ਜ਼ੋਰ ਦਾ ਹੱਥੜ ਮਾਰਿਆ ਜਿਸ ਦੀ ਕਸਕ ਹਾਲਾਂ ਤਕ ਨਹੀਂ ਭੁੱਲੀ!
ਜਿੱਦਣ ਪਾਕਿਸਤਾਨ ਨੇ ਹਾਲੈਂਡ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ, ਉੱਦਣ ਹੇਠਲੀਆਂ ਪੌੜੀਆਂ ‘ਤੇ ਜੇਤੂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਲਈ ਧੱਕਾ ਪੈ ਰਿਹਾ ਸੀ। ਮੂਹਰੇ ਤਾਰਾਂ ਦਾ ਉੱਚਾ ਜੰਗਲਾ ਲੱਗਿਆ ਸੀ ਪਰ ਦਰਸ਼ਕ ਤਾਰਾਂ ਵਿਚ ਦੀ ਹੱਥ ਬਾਹਰ ਕੱਢੀ ਖੜ੍ਹੇ ਸਨ। ਜਿਥੇ ਜੇਤੂਆਂ ਦਾ ਜਲੌਅ ਯਾਦ ਆਉਂਦਾ ਹੈ ਉਥੇ ਭਾਰਤੀ ਖਿਡਾਰੀਆਂ ਦੀ ਹਾਰ ਵੀ ਭੁੱਲਣ ਵਿਚ ਨਹੀਂ ਆਉਂਦੀ। ਭਾਰਤ ਤੇ ਆਸਟਰੇਲੀਆ ਦਾ ਮੈਚ ਦੋਵਾਂ ਟੀਮਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਸੀ। ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕੈਪਟਨ ਸੁਰਜੀਤ ਸਿੰਘ ਨੇ ਕਿਹਾ ਸੀ ਕਿ ਉਹ ਜਾਨ ਮਾਰ ਕੇ ਖੇਡਣਗੇ। ਪਹਿਲਾ ਗੋਲ ਭਾਰਤ ਨੇ ਕੀਤਾ ਤਾਂ ਇੰਨੇ ਪਟਾਕੇ ਚੱਲੇ ਕਿ ਕੰਨ ਬੋਲੇ ਹੋ ਗਏ। ਕੁਝ ਮਿੰਟਾਂ ਪਿੱਛੋਂ ਆਸਟਰੇਲੀਆ ਨੇ ਗੋਲ ਲਾਹ ਕੇ ਮੈਚ ਬਰਾਬਰ ਕਰ ਲਿਆ। ਭਾਰਤੀ ਖਿਡਾਰੀ ਜੇਤੂ ਗੋਲ ਕਰਨ ਲਈ ਮੁੜ ਮੁੜ ਹਮਲੇ ਕਰਦੇ ਰਹੇ। ਉਲਟਾ ਆਸਟਰੇਲੀਆ ਇਕ ਗੋਲ ਹੋਰ ਕਰ ਗਿਆ।
ਅਖ਼ੀਰਲੇ ਮਿੰਟਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੰਨਾ ਜ਼ੋਰ ਲਾਇਆ, ਉਹ ਦੇਖਣ ਵਾਲੇ ਹੀ ਜਾਣਦੇ ਹਨ। ਫੁੱਲ ਬੈਕ ਸੁਰਜੀਤ ਅਗਾਂਹ ਗੋਲਾਂ ਤਕ ਜਾਣ ਲੱਗ ਪਿਆ ਪਰ ਗੋਲ ਨਾ ਉੱਤਰਿਆ। ਅੰਤਲੇ ਮਿੰਟ ਵਿਚ ਮਿਲਿਆ ਪੈਨਲਟੀ ਕਾਰਨਰ ਰਾਜਿੰਦਰ ਸਿੰਘ ਨੇ ਗੋਲ ਵਿਚ ਟੰਗਿਆ ਤਾਂ ਸਾਰਾ ਸਟੇਡੀਅਮ ਖ਼ੁਸ਼ੀ ਵਿਚ ਬੱਦਲ ਵਾਂਗ ਗੱਜਿਆ। ਜਦੋਂ ਅੰਪਾਇਰ ਨੇ ਹਿੱਟ ਅੰਡਰ ਕੱਟ ਕਰਾਰ ਦੇ ਦਿੱਤੀ ਤਾਂ ਸਟੇਡੀਅਮ ਨੇ ਡੂੰਘਾ ਹਉਕਾ ਭਰਿਆ। ਉਸ ਦਿਨ ਮੈਚ ਮੁੱਕਣ ਦਾ ਸਮਾਂ ਦੱਸਣ ਵਾਲੀ ਘੁੱਗੂ ਦੀ ਆਵਾਜ਼ ਮੈਨੂੰ ਰੋਹੀ ਵਿਚ ਰੋਂਦੇ ਕੁੱਤੇ ਵਰਗੀ ਲੱਗੀ।
ਹਾਰੇ ਹੋਏ ਖਿਡਾਰੀਆਂ ਦੀ ਜੋ ਹਾਲਤ ਸੀ ਉਹ ਬਿਆਨੋਂ ਬਾਹਰ ਸੀ। ਸੁਰਜੀਤ ਤੇ ਰਾਜਿੰਦਰ ਤਾਂ ਹਾਕੀਆਂ ਸੁੱਟ ਕੇ ਹਾਕੀ ਮੈਦਾਨ ਦੇ ਕਿਨਾਰੇ ਹੀ ਡਿੱਗ ਢਹਿ ਪਏ। ਸੁਰਿੰਦਰ ਸੋਢੀ, ਮੁਹੰਮਦ ਸ਼ਾਹਿਦ ਤੇ ਕੌਸ਼ਿਕ ਵਰਗੇ ਬੈਂਚਾਂ ਤੱਕ ਅੱਪੜ ਤਾਂ ਗਏ ਪਰ ਉਨ੍ਹਾਂ ਨੇ ਹਾਰ ਦੀ ਨਮੋਸ਼ੀ ਦਾ ਭਾਰ ਹਾਕੀਆਂ ਉਤੇ ਠੋਡੀਆਂ ਧਰ ਕੇ ਝੱਲਿਆ। ਕਈਆਂ ਨੇ ਸਿਰ ਹੱਥਾਂ ਵਿਚ ਫੜ ਲਏ ਤੇ ਕਈ ਉਂਝ ਹੀ ਸਿਰ ਗੋਡਿਆਂ ‘ਚ ਦੇ ਕੇ ਬਹਿ ਗਏ। ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਡੱਕੀਆਂ ਹੋਈਆਂ ਸਨ। ਦਿਲਬਰੀਆਂ ਤੇ ਦਿਲਾਸਿਆਂ ਪਿੱਛੋਂ ਭਾਰਤੀ ਟੀਮ ਸਟੇਡੀਅਮ ਤੋਂ ਬਾਹਰ ਜਾਣ ਲੱਗੀ ਤਾਂ ਗੈਲਰੀ ਉਪਰੋਂ ਇਕ ਛੋਕਰੇ ਨੇ ਖਿਡਾਰੀਆਂ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹਨੇ ਮਿਹਣਾ ਮਾਰਿਆ, “ਅਰੇ ਸੁਸਰੋ, ਅਬ ਗੁੱਲੀ ਡੰਡਾ ਖੇਲਨੇ ਲਗ ਜਾਓ” ਤਾਂ ਕਈਆਂ ਤੋਂ ਡੱਕੇ ਹੋਏ ਹੰਝੂ ਡੱਕੇ ਨਾ ਜਾ ਸਕੇ ਤੇ ਆਖ਼ਰ ਡੁੱਲ੍ਹ ਗਏ।
ਅਸੀਂ ਸਟੇਡੀਅਮ ਤੋਂ ਬਾਹਰ ਨਿਕਲੇ ਤਾਂ ਲਹੌਰੀਆਂ ਦੀ ਢਾਣੀ ਮਸੋਸੀ ਖੜ੍ਹੀ ਸੀ। ਅਜੀਬ ਗੱਲ ਸੀ। ਹਾਰਿਆ ਭਾਰਤ, ਨਮੋਸ਼ੀ ਭਾਰਤੀਆਂ ਦੀ ਹੋਈ ਪਰ ਉਹ ਸਾਡੇ ਸ਼ਰੀਕ, ਖ਼ੁਸ਼ ਹੋਣ ਦੀ ਥਾਂ ਉਲਟਾ ਸਾਡੇ ਗ਼ਮ ‘ਚ ਭਿੱਜੇ ਖੜ੍ਹੇ ਸਨ। ਸ਼ਰੀਕ ਦਾ ਰਿਸ਼ਤਾ ਵੀ ਕਿਆ ਰਿਸ਼ਤਾ ਹੈ! ਅਪਣੱਤ ਵੀ ਪੁੱਜ ਕੇ ਤੇ ਲਾਗ-ਡਾਟ ਵੀ ਪੁੱਜ ਕੇ! ਨਾ ਸ਼ਰੀਕ ਜਿੰਨਾ ਕੋਈ ਮੋਹ ਪਾਲ ਸਕਦਾ ਹੈ ਤੇ ਨਾ ਉਹਦੇ ਜਿੰਨਾ ਕੋਈ ਵੈਰ ਪੁਗਾ ਸਕਦਾ ਹੈ। ਉਹ ਲਹੌਰੀਏ ਭਾਊ ਮੁੜ ਮੁੜ ਆਂਹਦੇ, “ਧੁਆਡੀ ਟੀਮ ਭਾਅ ਜੀ ਤਕੜੀ ਸੀ। ਅਸੀਂ ਤਾਂ ਲਾਅ੍ਹੌਰੋਂ ਚੱਲੇ ਈ ‘ਆਪਣੀਆਂ’ ਟੀਮਾਂ ਦਾ ਫਾਈਨਲ ਮੈਚ ਦੇਖਣ ਲਈ ਸੀ। ਕਿਧਰੇ ਫਾਈਨਲ ਮੈਚ ਹਿੰਦੋਸਤਾਨ ਤੇ ਪਾਕਿਸਤਾਨ ਦਾ ਹੁੰਦਾ ਤਾਂ ਨਜ਼ਾਰੇ ਬੱਝ ਜਾਂਦੇ।”
ਫਿਰ ਉਹ ਸਮਾਂ ਆਇਆ ਜਦੋਂ ਜੇਤੂਆਂ ਨੇ ਜਿੱਤ-ਮੰਚ ‘ਤੇ ਚੜ੍ਹਨਾ ਸੀ। ਪਾਕਿਸਤਾਨੀਆਂ ਦੇ ਮੂੰਹਾਂ ‘ਤੇ ਲਾਲੀਆਂ ਸਨ। ਹਾਕੀ ਦੀ ਸਰਦਾਰੀ ਦਾ ਚਿੰਨ੍ਹ ਸੋਨ-ਰੰਗਾ ਵਿਸ਼ਵ ਕੱਪ ਮੇਜ਼ ਉਤੇ ਲਿਸ਼ਕਾਂ ਮਾਰ ਰਿਹਾ ਸੀ। ਉਹ ਕੱਪ 1971 ਵਿਚ ਪਾਕਿਸਤਾਨ ਨੇ ਹੀ ਕੌਮਾਂਤਰੀ ਹਾਕੀ ਫੈਡਰੇਸ਼ਨ ਨੂੰ ਭੇਟ ਕੀਤਾ ਸੀ। ਉਸ ਦੀ ਉਚਾਈ .650 ਮੀਟਰ ਤੇ ਵਜ਼ਨ 11560 ਗਰਾਮ ਹੈ। ਕੁਲ ਵਜ਼ਨ ਵਿਚ 895 ਗਰਾਮ ਸੋਨਾ, 6851 ਗਰਾਮ ਚਾਂਦੀ ਤੇ 350 ਗਰਾਮ ਹਾਥੀ ਦੰਦ ਲੱਗਾ ਹੋਇਆ ਹੈ। ਬਾਕੀ ਵਜ਼ਨ ਸਾਗਵਾਨ ਦੀ ਲੱਕੜੀ ਦਾ ਹੈ।
ਰਾਸ਼ਟਰਪਤੀ ਲਾਲ ਦਰੀ ‘ਤੇ ਤੁਰ ਕੇ ਕੱਪ ਤਕ ਗਏ। ਜਦੋਂ ਕੱਪ ਪਾਕਿਸਤਾਨੀ ਟੀਮ ਦੇ ਕਪਤਾਨ ਅਖ਼ਤਰ ਰਸੂਲ ਨੂੰ ਭੇਟ ਕੀਤਾ ਤਾਂ ਉਸ ਨੇ ਇੰਨੀ ਸ਼ਿੱਦਤ ਨਾਲ ਚੁੰਮਿਆ ਜਿਵੇਂ ਵਰ੍ਹਿਆਂ ਦਾ ਵਿਛੜਿਆ ਮਹਬਿੂਬ ਮਸਾਂ ਮਿਲਿਆ ਹੋਵੇ। ਉਸ ਸਮੇਂ ਸੈਂਕੜੇ ਕੈਮਰਿਆਂ ਨੇ ਅੱਖਾਂ ਖੋਲ੍ਹੀਆਂ ਤੇ ਉਸ ਯਾਦਗਾਰੀ ਦ੍ਰਿਸ਼ ਨੂੰ ਆਪਣੇ ਸੀਨਿਆਂ ‘ਚ ਸਮੋ ਲਿਆ। ਫਿਰ ਪਾਕਿਸਤਾਨ ਦੀ ਸਾਰੀ ਦੀ ਸਾਰੀ ਟੀਮ ਲੰਮੇ ਸਫੈਦ ਜਿੱਤ-ਮੰਚ ਉਤੇ ਜਾ ਖੜ੍ਹੀ ਹੋਈ। ਚੁਫੇਰੇ ਹਜ਼ਾਰਾਂ ਤਾੜੀਆਂ ਨੇ ਭਰਵੀਂ ਦਾਦ ਦਿੱਤੀ। ਉਸ ਪਿੱਛੋਂ ਸਟੇਡੀਅਮ ਦੀ ਫ਼ਿਜ਼ਾ ਅੰਦਰ ਪਾਕਿਸਤਾਨ ਦਾ ਕੌਮੀ ਤਰਾਨਾ ਗੂੰਜਿਆ ਤੇ ਚੰਦ-ਤਾਰੇ ਵਾਲਾ ਪਰਚਮ ਉੱਚਾ ਉਠਿਆ।
ਜਦੋਂ ਕੱਪ ਸਟੇਡੀਅਮ ਤੋਂ ਬਾਹਰ ਲਿਜਾਇਆ ਜਾਣ ਲੱਗਾ ਤਾਂ ਅਸੀਂ ਵੀ ਉਹਦੇ ਨਾਲ ਹੋ ਤੁਰੇ। ਦਰਸ਼ਕ ਉਹਨੂੰ ਹੱਥ ਲਾ ਲਾ ਦੇਖ ਰਹੇ ਸਨ। ਜਿਸ ਬੱਸ ‘ਚ ਪਾਕਿ ਟੀਮ ਨੇ ਬਹਿਣਾ ਸੀ, ਮੈਂ ਪਹਿਲਾਂ ਹੀ ਉਹਦੀ ਬਾਰੀ ਕੋਲ ਜਾ ਖੜ੍ਹਾ ਹੋਇਆ। ਜਦੋਂ ਕੱਪ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਮੈਥੋਂ ਵੀ ਉਹਦਾ ਸਿਰ ਪਲੋਸਣੋਂ ਨਾ ਰਿਹਾ ਗਿਆ। ਮੈਂ ਆਪਣਾ ਸੱਜਾ ਹੱਥ ਉੱਪਰ ਚੁੱਕਿਆ ਤੇ ਸੋਨੇ-ਚਾਂਦੀ ਦੇ ਚਮਕਦੇ ਗਲੋਬ ਉਤੇ ਪੋਲਾ ਜਿਹਾ ਛੁਹਾਇਆ। ਉਹਦੀ ਕੂਲੀ ਸੁਨਹਿਰੀ ਛੋਹ ਮੈਨੂੰ ਅੱਜ ਵੀ ਕਿਸੇ ਰੰਗੀਨ ਸੁਫ਼ਨੇ ਵਾਂਗ ਯਾਦ ਹੈ; ਤੇ ਯਾਦ ਹੈ ਉਸ ਹੱਥੜ ਦੀ ਮਿੱਠੀ ਪਿਆਰੀ ਕਸਕ ਜਿਹੜੀ ਹਾਕੀ ਦੀ ਮਹਬਿੂਬਾ ਨੇ ਆਪਣੇ ਵਤਨ ਦੀ ਟੀਮ ਜਿੱਤਦੀ ਦੇਖਦਿਆਂ ਮੈਨੂੰ ਆਪਮੁਹਾਰੇ ਬਖਸ਼ੀ ਸੀ!
ਸੰਪਰਕ: 1-905-779-1661