ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਦਾ ਯੋਧਾ ਸੁਰਜੀਤ ਸਿੰਘ

12:31 PM Jan 07, 2023 IST
featuredImage featuredImage

ਜੋਗਿੰਦਰ ਸਿੰਘ ਮਾਨ

Advertisement

ਹਾਕੀ ਦੇ ਤੀਜੇ ਵਿਸ਼ਵ ਕੱਪ ਦੀ ਗੱਲ ਹੈ। ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਵਹਿਮ ਹੋ ਗਿਆ ਕਿ ਚਾਰ ਨੰਬਰ ਦੀ ਜਰਸੀ ਉਹਦੇ ਲਈ ਠੀਕ ਨਹੀਂ। ਸਿਖਰਲੇ ਮੈਚ ਵਿਚ ਪਾਕਿਸਤਾਨ ਨਾਲ ਖੇਡਣ ਤੋਂ ਪਹਿਲਾਂ ਸੁਰਜੀਤ ਨੇ ਇਹ ਸਮੱਸਿਆ ਟੀਮ ਨਾਲ ਗਏ ਡਾਕਟਰ ਨੂੰ ਦੱਸੀ। ਮਨੋਵਿਗਿਆਨਕ ਮਾਹਿਰ ਡਾਕਟਰ ਨੇ ਉਥੇ ਰਹਿੰਦੇ ਕਿਸੇ ਹਿੰਦੋਸਤਾਨੀ ਤੋਂ ਗੁੜ ਦੀ ਰੋੜੀ ਅਤੇ ਮਾਸਾ ਕੁ ਤਿਲ ਮੰਗਵਾਏ। ਮੰਤਰ ਪੜ੍ਹ ਕੇ ਡਾਕਟਰ ਨੇ ਉਹਨੂੰ ਖਾਣ ਨੂੰ ਆਖਿਆ। ਉਹ ਪਾਕਿਸਤਾਨ ਵਿਰੁੱਧ ਬਹੁਤ ਵਧੀਆ ਖੇਡਿਆ, ਹਿੰਦੋਸਤਾਨ ਨੂੰ ਜਿੱਤ ਪ੍ਰਾਪਤ ਹੋਈ ਅਤੇ ਵਿਸ਼ਵ ਜੇਤੂ ਬਣ ਗਿਆ।

ਭਾਰਤ ਵਿਚ ਖੇਡੇ ਬੰਬਈ ਵਿਸ਼ਵ ਕੱਪ-1982 ਵੇਲੇ ਜਦ ਭਾਰਤੀ ਟੀਮ ਆਸਟਰੇਲੀਆ ਤੇ ਹਾਲੈਂਡ ਤੋਂ ਹਾਰ ਗਈ ਤਾਂ ਸੁਰਜੀਤ ਦੀਆਂ ਅੱਖਾਂ ਵਿਚੋਂ ਹੰਝੂ ਉਤਰ ਆਏ। ਨੇੜੇ ਖੜ੍ਹੇ ਸੁਰਜੀਤ ਦੇ ਯਾਰਾਂ-ਬੇਲੀਆਂ ਨੇ ਉਹਨੂੰ ਭਰੋਸਾ ਦਿੱਤਾ ਤੇ ਆਖਿਆ ਕਿ ਆਪਾਂ ਅਗਲਾ, ਛੇਵਾਂ ਵਿਸ਼ਵ ਕੱਪ ਜ਼ਰੂਰ ਜਿੱਤਾਂਗੇ ਪਰ ਉਹ ਅਗਲਾ ਵਿਸ਼ਵ ਕੱਪ (ਲੰਡਨ-1986) ਆਉਣ ਤੋਂ ਪਹਿਲਾਂ ਹੀ ਇਸ ਜਹਾਨੋਂ ਕੂਚ ਕਰ ਗਿਆ।

Advertisement

ਕ੍ਰਿਕਟ ਤੋਂ ਸਿਵਾਇ ਦੂਸਰੀਆਂ ਖੇਡਾਂ ਦੇ ਖਿਡਾਰੀਆਂ ਲਈ ਫਾਇਦੇਮੰਦ ਮੈਚ ਕਰਾਉਣ ਦੀ ਲੀਹ ਪਾਉਣ ਲਈ ਭੱਜਿਆ ਫਿਰਦਾ ਸੁਰਜੀਤ ਜਿ਼ੰਦਗੀ ਦਾ ਮੈਚ ਹਾਰ ਗਿਆ। 7 ਜਨਵਰੀ 1984 ਦੀ ਅਖ਼ਬਾਰੀ ਰਿਪੋਰਟ ਮੁਤਾਬਕ, ਆਥਣੇ 7 ਕੁ ਵਜੇ ਅੰਮ੍ਰਿਤਸਰੋਂ ਕਾਰ ਤੁਰੀ ਜਿਹੜੀ ਜਲੰਧਰ ਨੇੜੇ ਬਿਧੀਪੁਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਫਿਸ ਗਈ। ਇਸੇ ਕਾਰ ਵਿਚ ਬੈਠਾ ਹਾਕੀ ਦਾ ਅਲਮ-ਬਰਦਾਰ ਅਤੇ ਉਸ ਦਾ ਇਕ ਸਾਥੀ ਪ੍ਰਸ਼ੋਤਮ ਪਾਂਡੇ ਫ਼ੌਤ ਹੋ ਗਏ। ਲੋਹੇ ਵਰਗਾ ਸਰੀਰ ਸਕਿੰਟਾਂ ਵਿਚ ਹੀ ਠੰਢ ਹੋ ਗਿਆ। ਸੁਰਜੀਤ ਦੇ ਕਿੰਨੇ ਹੀ ਪ੍ਰਸ਼ੰਸਕ, ਰਿਸ਼ਤੇਦਾਰ, ਔਲਾਦ, ਪਤਨੀ, ਯਾਰ-ਬੇਲੀ, ਗੁਰੂ, ਉਸਤਾਦ, ਸ਼ਗਿਰਦ, ਮਿਲਣ-ਗਿਲਣ ਵਾਲੇ ਰੋ-ਕੁਰਲਾ ਕੇ ਧਾਹਾਂ ਮਾਰ ਕੇ ਚੁੱਪ ਕਰ ਗਏ। ਉਸ ਦੀ ਮੌਤ 6 ਜਨਵਰੀ ਦੀ ਸ਼ਾਮ ਨੂੰ 7 ਵਜੇ ਹੋਈ ਗਈ ਸੀ।

10 ਅਕਤੂਬਰ, 1951 ਵਿਚ ਬਟਾਲੇ ਲਾਗੇ ਦਾਖਲਾ ਪਿੰਡ ਵਿਚ ਜੰਮਿਆ ਸੁਰਜੀਤ ਸਪੋਰਟਸ ਕਾਲਜ ਜਲੰਧਰ ਤੋਂ ਕੌਮੀ ਚਿੱਤਰਪਟ ‘ਤੇ ਚਮਕਿਆ ਤੇ ਚਮਕਦਾ ਹੀ ਗਿਆ। ਉਹਨੂੰ ਟੀਮ ਦੇ ਅਹਿਮ ਮੋਰਚੇ ਉਤੇ ਲਾਇਆ ਗਿਆ। ਸਰਹੱਦ ਦੀ ਰਾਖੀ ਕਰਦੇ ਸਿਪਾਹੀ ਵਾਂਗ ਗੋਲਾਂ ਦਾ ਬਚਾਅ ਕਰਦਾ ਸੀ ਸੁਰਜੀਤ। 1973 ਵਿਚ ਐਮਸਟਰਡਮ ਵਾਲੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹਿਲੇ 7 ਮਿੰਟਾਂ ਵਿਚ ਸੁਰਜੀਤ ਨੇ ਪਾਲ ਲਿਟਜ਼ਨ ਦੀ ਟੀਮ ਸਿਰ 2 ਗੋਲ ਚੜ੍ਹਾ ਦਿੱਤੇ ਸਨ। ਹਾਲੈਂਡ ਦੇ ਇਕ ਅਖਬਾਰ ਨੇ ਉਦੋਂ ਲਿਖਿਆ- ‘ਸੁਰਜੀਤ ਦੀ ਲਾਈ ਪੈਨਲਟੀ ਕਾਰਨਰ ਹਿੱਟ ਨਾ ਗੋਲ ਕੀਪਰ ਨੂੰ ਦੀਂਹਦੀ ਹੈ ਤੇ ਨਾ ਹੀ ਰੈਫ਼ਰੀ ਨੂੰ। ਉਦੋਂ ਹੀ ਪਤਾ ਲੱਗਦਾ ਹੈ ਜਦੋਂ ਫੱਟਾ ਚੀਕ ਉਠਦਾ ਹੈ- ਗੋਲ।’

ਸੁਰਜੀਤ ਸਿੰਘ ਭਾਵੁਕ ਤੇ ਜਜ਼ਬਾਤੀ ਹੋ ਕੇ ਵੀ ਠਰ੍ਹੰਮੇ ਨਾਲ ਖੇਡਦਾ ਸੀ। ਘਬਰਾਉਂਦਾ ਤਾਂ ਉੱਕਾ ਹੀ ਨਹੀਂ ਸੀ। ਅਣਖੀਲਾ ਸੀ। ਜ਼ਬਾਨ ‘ਤੇ ਪੂਰਾ ਉਤਰਦਾ ਸੀ। ਚੂੰ-ਚਾਂ ਕਿਸੇ ਦੀ ਨਹੀਂ ਸੀ ਸਹਾਰਦਾ। ਪਟਿਆਲੇ ਬਿਊਨਸ ਆਇਰਜ਼ ਸੰਸਾਰ ਕੱਪ ਦਾ ਤਿਆਰੀ ਕੈਂਪ ਲੱਗਿਆ ਸੀ। ਇਕ ਖੇਡ ਅਫਸਰ ਨਿੱਤ ਪੰਜਾਬੀਆਂ ਨੂੰ ਕੁਝ ਨਾ ਕੁਝ ਕਹਿ ਛੱਡਿਆ ਕਰੇ। ਸੁਰਜੀਤ ਹੋਰੀਂ ਜਿਉਂ ਤੁਰੇ ਆਪਣਾ ਤੰਗੜ-ਪਟੀਆ ਚੁੱਕ ਕੇ, ਮੁੜ ਉਸ ਅਫਸਰ ਦੇ ਮੱਥੇ ਨਾ ਲੱਗੇ। ਵਰਿੰਦਰ ਤੇ ਬਲਦੇਵ ਵੀ ਸੁਰਜੀਤ ਨਾਲ ਸਨ। ਉਨ੍ਹਾਂ ਦਿਨ ਵਿਚ ਇਸ ਗੱਲ ਦਾ ਦੇਸ਼-ਵਿਆਪੀ ਵਿਰੋਧ ਉਠਿਆ। ਗੱਲ ਕੇਂਦਰੀ ਮੰਤਰੀਆਂ ਤੱਕ ਪਹੁੰਚਦੀ ਵਿਦੇਸ਼ਾਂ ਤੱਕ ਚਲੀ ਗਈ। ਨਿੱਤ ਸੁਰਜੀਤ ਹੋਰਾਂ ਦੇ ਹੱਕ ਵਿਚ ਅਖ਼ਬਾਰਾਂ ਵਿਚ ਲੇਖ ਲੱਗਿਆ ਕਰਨ। ਅਖ਼ੀਰ ਵਰਿੰਦਰ ਤੇ ਬਲਦੇਵ ਨੂੰ ਤਾਂ ਟੀਮ ਵਿਚ ਪਾ ਲਿਆ ਪਰ ਸੁਰਜੀਤ ਨੂੰ ਫਿਰ ਵੀ ਨਾ ਪਾਇਆ। ਉਦੋਂ ਸੁਰਜੀਤ ਦੀ ਗੈਰ-ਹਾਜ਼ਰੀ ਵਿਚ ਹਿੰਦੋਸਤਾਨੀ ਹਾਕੀ ਦੀ ਇੰਨੀ ਨਿਰਾਸ਼ਾਜਨਕ ਹਾਰ ਹੋਈ ਕਿ ਵਡੇਰੀ ਉਮਰ ਦੇ ਬੰਦੇ ਤਾਂ ਇਥੋਂ ਤੱਕ ਆਖਣ ਲੱਗ ਪਏ, ‘ਹਾਕੀਆਂ ਹੁਣ ਪਰ੍ਹੇ ਧਰ ਦਿਓ ਤੇ ਗੁੱਲੀ ਡੰਡਾ ਹੱਥਾਂ ਵਿਚ ਫੜ ਲਓ।’

ਮਾਸਕੋ ਓਲੰਪਿਕ ਤੋਂ ਮਗਰੋਂ ਜਦੋਂ ਨਵੇਂ ਪ੍ਰਸ਼ਾਸਨ ਦੀ ਚੋਣ ਹੋਈ ਤਾਂ ਸੁਰਜੀਤ ਨੂੰ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਸੁਰਜੀਤ ਦੀ ਕਪਤਾਨੀ ਹੇਠਲੀ ਟੀਮ ਯੂਰੋਪੀਅਨ ਮੁਲਕਾਂ ‘ਤੇ ਜਿੱਤਾਂ ਪ੍ਰਾਪਤ ਕਰ ਕੇ ਵਤਨ ਵਾਪਸ ਮੁੜੀ। ਜਦੋਂ ਇਹ ਭਾਸਿਆ ਗਿਆ ਕਿ ਏਸ਼ਿਆਡ-82 ਵਿਚ ਵੀ ਕਪਤਾਨ ਸੁਰਜੀਤ ਹੀ ਰਹੇਗਾ ਤਾਂ ਚੌਥੀ ਚੈਂਪੀਅਨਜ਼ ਟਰਾਫੀ ਵੇਲੇ ਹੀ ਸੁਰਜੀਤ ਨੂੰ ਹਿੰਦੋਸਤਾਨੀ ਹਾਕੀ ਵਿਚੋਂ ਕੱਢ ਦਿੱਤਾ; ਕੋਚ ਹਰਮੀਕ ਸਿੰੰਘ, ਮੈਨੇਜਰ ਚਮਨ ਲਾਲ ਸ਼ਰਮਾ ਨੂੰ ਪਹਿਲਾਂ ਹੀ ਬਾਹਰ ਰੱਖਿਆ ਸੀ। ਸੁਰਜੀਤ ਨੇ ਇਹ ਬੇ-ਇਨਸਾਫ਼ੀ ਨਾ ਸਹਾਰਦਿਆਂ ਅਫਸਰਾਂ ਨਾਲ ਦਸਤਪੰਜਾ ਤਾਂ ਲਿਆ ਪਰ ਇਕੱਲਾ ਹੋਣ ਕਾਰਨ ਕੋਈ ਵਾਹ-ਪੇਸ਼ ਨਾ ਗਈ ਤੇ ਅੰਤ ਸੁਰਜੀਤ ਨੇ ਐਲਾਨ ਕਰ ਦਿੱਤਾ- ਮੈਂ ਮੁੜ ਹਿੰਦੋਸਤਾਨ ਵੰਨੀਓ ਹਾਕੀ ਨਹੀਂ ਫੜਨੀ।

ਸੁਰਜੀਤ ਦੀ ਬੇ-ਵਕਤੀ ਮੌਤ ਦਾ ਦੋਸ਼ ਕਈ ਲੋਕਾਂ ਨੇ ਹਾਕੀ ਫੈਡਰੇਸ਼ਨ ਉਤੇ ਵੀ ਲਾਇਆ। ਉਨ੍ਹਾਂ ਮੁਤਾਬਕ ਜੇ ਸੁਰਜੀਤ ਲਾਭ ਹਿੱਤ ਮੈਚ ਦਾ ਪ੍ਰਬੰਧ ਖੁਦ ਫੈਡਰੇਸ਼ਨ ਕਰਦੀ ਤਾਂ ਨਾ ਸੁਰਜੀਤ ਘਰੋਂ ਤੁਰਦਾ, ਤੇ ਨਾ ਖੱਜਲ-ਖੁਆਰ ਹੁੰਦਾ ਅਤੇ ਨਾ…?

ਖ਼ੈਰ! ਸੁਰਜੀਤ ਸਿੰਘ ਨੇ 1973 ਦਾ ਐਮਸਟਰਡਮ ਵਿਸ਼ਵ ਕੱਪ, 1975 ਦਾ ਕੁਆਲਾਲੰਪਰ ਵਿਸ਼ਵ ਕੱਪ ਅਤੇ 1982 ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡੇ ਜਾਂ ਦੇਖੇ ਸਨ ਪਰ ਛੇਵੇਂ ਲੰਡਨ ਵਿਸ਼ਵ ਕੱਪ ਵੇਲੇ ਉਹ ਬਹੁਤ ਦੂਰ ਜਾ ਚੁੱਕਾ ਸੀ। ਉਂਝ, ਉਸ ਤੋਂ ਬਾਅਦ ਜਿੰਨੇ ਵੀ ਵਿਸ਼ਵ ਕੱਪ ਹੋਏ, ਉਨ੍ਹਾਂ ਵਿਚ ਉਸ ਦੀ ਚਰਚਾ ਚੱਲਦੀ ਰਹੀ।

ਸੁਰਜੀਤ ਉਹ ਯੋਧਾ ਸੀ ਜੋ ਆਪਣੇ ਆਖ਼ਰੀ ਸਵਾਸ ਤੱਕ ਹਾਕੀ ਨੂੰ ਰੋਸ਼ਨ ਕਰਨ ਲਈ ਜੂਝਿਆ। ਹੁਣ ਜਦੋਂ ਭਾਰਤ ਵਿਚ 15ਵਾਂ ਵਿਸ਼ਵ ਕੱਪ 13 ਤੋਂ 29 ਜਨਵਰੀ, 2023 ਤੱਕ ਉੜੀਸਾ ਦੇ ਭੂਵਨੇਸ਼ਵਰ ਅਤੇ ਰੁੜਕੇਲਾ ਵਿਖੇ ਖੇਡਿਆ ਜਾ ਰਿਹਾ ਹੈ ਤਾਂ ਇਸ ਵਿਸ਼ਵ ਕੱਪ ਦੌਰਾਨ ਵੀ ਮੀਡੀਆ ਦੇ ਇੱਕ ਹਿੱਸੇ ਵਿਚ ਸੁਰਜੀਤ ਦੀਆਂ ਗੱਲਾਂ ਹੋਣਗੀਆਂ ਜਿਸ ਲਈ ਸਭ ਤੋਂ ਵੱਧ ਪੰਜਾਬੀਆਂ ਨੂੰ ਮਾਣ ਮਹਿਸੂਸ ਹੋਵੇਗਾ।

ਸੰਪਰਕ: 98158-28123

Advertisement