ਹਾਕੀ ਟੂਰਨਾਮੈਂਟ: ਹਿਮਾਚਲ ਇਲੈਵਨ ਨੇ ਸੰਗਰੂਰ ਅਕੈਡਮੀ ਨੂੰ ਹਰਾਇਆ
ਅਮਲੋਹ: ਐਨਆਰਆਈ ਸਪੋਰਟਸ ਕਲੱਬ ਅਮਲੋਹ ਵਲੋਂ ਮਰਹੂਮ ਫੂਲ ਚੰਦ ਬਾਂਸਲ ਦੀ ਯਾਦ ਵਿੱਚ ਆਲ ਇੰਡੀਆ ਹਾਕੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿਚ ਸ਼ੁਰੂ ਹੋਏ ਟੂਰਨਾਮੈਂਟ ਦੇ ਦੂਜੇ ਦਿਨ ਵੀ ਟੀਮਾਂ ਦੇ ਸਖ਼ਤ ਮੁਕਾਬਲੇ ਹੋਏ। ਸਵੇਰ ਦੇ ਸੈਸ਼ਨ ਵਿਚ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਾਅਦ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਅਤੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਲੜਕੀਆਂ ਦੇ ਮੈਚਾਂ ਦੀ ਸ਼ੁਰੂਆਤ ਡੀਐੱਫਐੱਸਓ ਜਸਪਾਲ ਕੌਰ ਅਤੇ ਇੰਸਪੈਕਟਰ ਸੰਦੀਪ ਕੁਮਾਰ ਨੇ ਕੀਤੀ। ਉਨ੍ਹਾਂ ਖੇਡ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਸਿੰਦਰ ਮੋਹਨ ਪੁਰੀ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਹੈਪੀ, ਵਿੱਤ ਸਕੱਤਰ ਪਵਨ ਕੁਮਾਰ, ਪ੍ਰੈੱਸ ਸਕੱਤਰ ਹੈਪੀ ਸੂਦ ਅਤੇ ਸਟੇਜ ਸਕੱਤਰ ਭਗਵਾਨ ਦਾਸ ਮਾਜਰੀ ਨੇ ਦੱਸਿਆ ਕਿ ਹਿਮਾਚਲ ਇਲੈਵਨ ਦੀ ਟੀਮ ਨੇ ਸੰਗਰੂਰ ਅਕੈਡਮੀ ਦੀ ਟੀਮ ਨੂੰ ਅੱਜ ਪਹਿਲੇ ਮੈਚ ਵਿਚ 3 ਗੋਲਾਂ ਨਾਲ, ਨਿਰਵਾਣਾ ਅਕੈਡਮੀ ਦੀ ਟੀਮ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਸੋਨੀਪਨ ਦੀ ਟੀਮ ਨੂੰ 2 ਗੋਲਾਂ ਅਤੇ ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਟੀਮ ਨੂੰ 3 ਗੋਲਾਂ ਨਾਲ ਹਰਾਇਆ, ਨਾਗਪੁਰ ਅਕੈਡਮੀ ਮਹਾਰਾਸ਼ਟਰ ਦੀ ਟੀਮ ਨੇ ਪਟਿਆਲਾ ਇਲੈਵਨ ਦੀ ਟੀਮ ਨੂੰ 1 ਗੋਲ ਨਾਲ ਹਰਾਇਆ। -ਪੱਤਰ ਪ੍ਰੇਰਕ