ਪਟਿਆਲਾ ਦੀ ਹਾਕੀ ਟੀਮ ਨੇ ਨਾਭਾ ਨੂੰ ਹਰਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ 8 ਹਜ਼ਾਰ ਖਿਡਾਰੀਆਂ ਨੇ ਖੇਡਾਂ ’ਚ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਾਕਸਿੰਗ ’ਚ ਅੰਡਰ-17 ਲੜਕੀਆਂ 44-46 ਕਿੱਲੋ ਭਾਰ ਵਰਗ ਵਿੱਚ ਰਾਗਨੀ ਮੱਟੂ ਸਮਾਣਾ ਨੇ ਪਹਿਲਾ, ਅਦਿੱਤੀ ਮਲਟੀਪਰਪਜ਼ ਸਕੂਲ ਨੇ ਦੂਜਾ ਅਤੇ ਪਰੀ ਪੋਲੋ ਗਰਾਊਂਡ ਨੇ ਤੀਜਾ ਸਥਾਨ ਹਾਸਲ ਕੀਤਾ। 46-48 ਕਿੱਲੋ ਭਾਰ ਵਰਗ ਵਿੱਚ ਪੂਰਨੀਮਾ ਮਲਟੀਪਰਪਜ਼ ਨੇ ਪਹਿਲਾ, ਨੈਨਸੀ ਪੋਲੋ ਗਰਾਊਂਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ (ਸਮੈਸ਼ਿੰਗ) ਅੰਡਰ-14 ਲੜਕੇ ਨਾਭਾ ਦੀ ਟੀਮ ਨੇ ਭੇਡਭਾਲ ਦੀ ਟੀਮ ਨੂੰ, ਸਪਰਿੰਕਲ ਸਕੂਲ ਦੀ ਟੀਮ ਨੇ ਜੱਸੋਵਾਲ ਦੀ ਟੀਮ ਨੂੰ, ਮਰਦਾਪੁਰ ਨੇ ਕੋਚਿੰਗ ਸੈਂਟਰ ਸਮਾਣਾ ਨੂੰ ਅਤੇ ਮਰਦਾਪੁਰ ਨੇ ਸਪਰਿੰਕਲ ਕਿੱਡਜ਼ ਸਕੂਲ ਨੂੰ 2-0 ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਬਾਸਕਟਬਾਲ ਅੰਡਰ-14 ਲੜਕੇ ਦੇ ਮੁਕਾਬਲਿਆਂ ਵਿੱਚ ਮਲਟੀਪਰਪਜ਼ ਕੋਚਿੰਗ ਸੈਂਟਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਗੁਰੂਕੁਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਅੰਡਰ-14 ਲੜਕੀਆਂ ਦੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਵਿੱਚ ਮਨੀਸ਼ਾ ਨੇ ਹਰਮਨ ਕੌਰ ਨਾਭਾ ਨੂੰ 3-0 ਦੇ ਫ਼ਰਕ ਨਾਲ ਹਰਾਇਆ, ਰਵਨੀਤ ਕੌਰ ਡੀਏਵੀ ਸਕੂਲ ਨੇ ਸਨੇਹਾ ਪੰਜਾਬੀ ਯੂਨੀਵਰਸਿਟੀ ਸਕੂਲ ਨੂੰ 3-2 ਦੇ ਫ਼ਰਕ ਨਾਲ ਹਰਾਇਆ। ਸਾਨੀਆ ਪੂਰੀ ਬ੍ਰਿਟਿਸ਼ ਕੋ-ਏਡ ਨੇ ਈਸ਼ੀਕਾ ਪੰਜਾਬੀ ਯੂਨੀਵਰਸਿਟੀ ਨੂੰ 3-0 ਦੇ ਫ਼ਰਕ ਨਾਲ ਹਰਾਇਆ। ਹਾਕੀ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਨਾਭਾ ਦੀ ਟੀਮ ਨੂੰ 7-0 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਅਥਲੈਟਿਕਸ 21-30 ਉਮਰ ਵਰਗ ਲੜਕੀਆਂ ’ਚ 800 ਮੀਟਰ ਦੌੜ ’ਚ ਮਹਿਕਪ੍ਰੀਤ ਕੌਰ ਪਟਿਆਲਾ ਨੇ ਪਹਿਲਾ ਅਤੇ ਇਸ਼ੂ ਰਾਣੀ ਪਾਤੜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਮੁਕਾਬਲੇ ਆਰੰਭ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ):
ਜ਼ਿਲ੍ਹੇ ਵਿੱਚ ਪਾਵਰ ਲਿਫਟਿੰਗ ਦੇ ਮੁਕਾਬਲੇ ਆਰੰਭ ਹੋ ਗਏ ਹਨ। ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਾਵਰ ਲਿਫਟਿੰਗ ਦੇ ਮੁਕਾਬਲਿਆਂ ਦੌਰਾਨ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਪੰਜਾਬ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਆਫ ਐਮੀਨੈਂਸ ਸੁਨਾਮ (ਲੜਕੇ) ਦੇ ਪ੍ਰਿੰਸੀਪਲ ਅਨਿਲ ਜੈਨ ਵੀ ਮੌਜੂਦ ਸਨ। ਇਸੇ ਤਰ੍ਹਾਂ ਸਾਈਂ ਸੈਂਟਰ ਮਸਤੂਆਣਾ ਸਾਹਿਬ ਵਿੱਚ ਵਾਲੀਬਾਲ ਦੇ ਚੱਲ ਰਹੇ ਮੁਕਾਬਲਿਆਂ ਦੌਰਾਨ ਜਨਰਲ ਸਕੱਤਰ ਸਪੋਰਟਸ ਕਮੇਟੀ ਪੰਜਾਬ ਲਖਵਿੰਦਰ ਸਿੰਘ ਸੁੱਖ ਸਾਹੋਕੇ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਓਐੱਸਡੀ ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਜ਼ਿਲ੍ਹੇ ਵਿੱਚ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਵਾਲੀਬਾਲ ਸਮੈਸ਼ਿੰਗ ਅੰਡਰ-21 (ਲੜਕੀਆਂ) ਦੇ ਹੋਏ ਮੁਕਾਬਲੇ ਦੌਰਾਨ ਸ਼ੇਰਪੁਰ-ਏ ਟੀਮ ਨੇ ਪਹਿਲਾ, ਸੰਗਰੂਰ ਏ-ਟੀਮ ਨੇ ਦੂਸਰਾ ਅਤੇ ਦਿੜ੍ਹਬਾ-ਏ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਪਾਵਰ ਲਿਫਟਿੰਗ ਅੰਡਰ -17 (ਲੜਕੀਆਂ) 43 ਕਿਲੋ ਵਿੱਚ ਕਸ਼ਕ ਨੇ ਪਹਿਲਾ, ਨੈਨਸੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, 52 ਕਿਲੋ ਵਿੱਚ ਅਕਸ਼ਰਾ ਨੇ ਪਹਿਲਾ ਸਥਾਨ, ਤਨਵੀਰ ਕੌਰ ਨੇ ਦੂਸਰਾ ਸਥਾਨ ਅਤੇ ਦਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।