ਹਾਕੀ ਦਾ ਸਟਾਰ ਖਿਡਾਰੀ ਸੁਰਜੀਤ ਸਿੰਘ
ਸੁਰਜੀਤ ਸਿੰਘ ਰੰਧਾਵਾ ਹਾਕੀ ਦਾ ਮਹਾਨ ਫੁੱਲ ਬੈਕ ਖਿਡਾਰੀ ਸੀ। ਉਸ ਨੂੰ ਚੀਨ ਦੀ ਕੰਧ ਕਿਹਾ ਜਾਂਦਾ ਸੀ। 1978 ਦੀਆਂ ਏਸ਼ਿਆਈ ਖੇਡਾਂ ਸਮੇਂ ਇੱਕ ਕੁਮੈਂਟੇਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ‘‘ਇੱਕ ਪਾਸੇ ਪਾਕਿਸਤਾਨ ਦੀ ਟੀਮ ਹੈ ਤੇ ਦੂਜੇ ਪਾਸੇ ਭਾਰਤ ਦਾ ਫੁੱਲ ਬੈਕ ਸੁਰਜੀਤ ਸਿੰਘ। ਸੁਰਜੀਤ ਸਿੰਘ ’ਕੱਲਾ ਹੀ ਪੂਰੀ ਪਾਕਿਸਤਾਨੀ ਟੀਮ ਨੂੰ ਡੱਕੀ ਖੜ੍ਹਾ ਹੈ!’’
1973 ਦੇ ਵਿਸ਼ਵ ਹਾਕੀ ਕੱਪ ਵਿੱਚ ਉਸ ਨੇ ਐਸੀ ਖੇਡ ਖੇਡੀ ਸੀ ਕਿ ਉਸ ਨੂੰ ਵਰਲਡ ਹਾਕੀ ਇਲੈਵਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1974 ਵਿੱਚ ਤਹਿਰਾਨ ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਏਸ਼ੀਅਨ ਆਲ ਸਟਾਰਜ਼ ਟੀਮ ਵਿੱਚ ਚੁਣਿਆ ਗਿਆ। ਬਰੱਸਲਜ਼ ਵਿੱਚ ਏਸ਼ੀਆ ਤੇ ਯੂਰਪ ਦੀਆਂ ਟੀਮਾਂ ਵਿਚਕਾਰ ਮੈਚ ਹੋਇਆ ਤਾਂ ਉਸ ਨੇ ਏਨੀ ਵਧੀਆ ਖੇਡ ਵਿਖਾਈ ਕਿ ਵਿਸ਼ਵ ਮੀਡੀਆ ਨੇ ਉਸ ਨੂੰ ਦੁਨੀਆ ਦਾ ਸਰਬੋਤਮ ਫੁੱਲ ਬੈਕ ਖਿਡਾਰੀ ਕਿਹਾ। 1975 ਵਿੱਚ ਉਹ ਕੁਆਲਾਲੰਪੁਰ ਦਾ ਤੀਜਾ ਵਿਸ਼ਵ ਕੱਪ ਖੇਡਿਆ ਜਿੱਥੇ ਭਾਰਤੀ ਟੀਮ ਨੂੰ ਜਿੱਤ ਨਸੀਬ ਹੋਈ। ਸੁਰਜੀਤ ਨੇ ਫਾਈਨਲ ਮੈਚ ਵਿੱਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਹਾਕੀ ਦਾ ਵਿਸ਼ਵ ਕੱਪ ਜਿੱਤਿਆ। 1976 ’ਚ ਉਹ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਵਿੱਚ ਖੇਡਿਆ। 1970ਵਿਆਂ ਦੌਰਾਨ ਉਹ ਹਾਕੀ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ ਹੈ।
ਉਹ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਤੋਂ ਲੈ ਕੇ ਭਾਰਤੀ ਟੀਮਾਂ ਵੱਲੋਂ ਏਸ਼ੀਅਨ ਖੇਡਾਂ, ਓਲੰਪਿਕ ਖੇਡਾਂ, ਵਿਸ਼ਵ ਹਾਕੀ ਕੱਪਾਂ, ਕੌਮਾਂਤਰੀ ਟੂਰਨਾਮੈਂਟਾਂ ਤੇ ਹਾਕੀ ਦੀਆਂ ਚੈਂਪੀਅਨ ਟਰਾਫੀਆਂ ਵਿੱਚ ਖੇਡਦਾ ਰਿਹਾ। ਉਸ ਦਾ ਜਨਮ ਪਿੰਡ ਦਾਖਲਾ, ਜ਼ਿਲ੍ਹਾ ਗੁਰਦਾਸਪੁਰ ਵਿੱਚ 10 ਅਕਤੂਬਰ 1951 ਨੂੰ ਹੋਇਆ। ਇਹ ਪਿੰਡ ਬਟਾਲੇ ਲਾਗੇ ਹੈ ਜਿਸ ਦਾ ਨਾਂ ਓਲੰਪੀਅਨ ਸੁਰਜੀਤ ਸਿੰਘ ਦੀ ਮੌਤ ਪਿੱਛੋਂ ਉਹਦੀ ਯਾਦ ਵਿੱਚ ‘ਸੁਰਜੀਤ ਸਿੰਘ ਵਾਲਾ’ ਰੱਖ ਦਿੱਤਾ ਗਿਆ। ਲਾਗਲੇ ਸ਼ਹਿਰ ਬਟਾਲੇ ਦੇ ਚੌਕ ਵਿੱਚ ਉਸ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਜਲੰਧਰ ਦੇ ਬਰਟਲਨ ਪਾਰਕ ਵਿੱਚ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਬਣਾਇਆ ਗਿਆ ਜਿੱਥੇ ਉਹਦੀ ਯਾਦ ਵਿੱਚ ਹਰ ਸਾਲ ਹਾਕੀ ਦਾ ਉੱਚਪੱਧਰੀ ਟੂਰਨਾਮੈਂਟ ਹੁੰਦਾ ਹੈ। ਜਲੰਧਰ ਵਿੱਚ ਹੀ ਸੁਰਜੀਤ ਸਿੰਘ ਸੁਸਾਇਟੀ ਵੱਲੋਂ ਹਾਕੀ ਦੀ ਅਕੈਡਮੀ ਚੱਲ ਰਹੀ ਹੈ ਜਿਸ ਨੇ ਭਾਰਤੀ ਹਾਕੀ ਟੀਮਾਂ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ। ਉਹ ਪੰਜਾਬ ਦਾ ਮਾਣ ਸੀ ਤੇ ਭਾਰਤ ਦੀ ਸ਼ਾਨ ਸੀ। ਉਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਆ ਗਿਆ ਸੀ।
ਉਸ ਨੇ ਮੁੱਢਲੀ ਵਿੱਦਿਆ ਖ਼ਾਲਸਾ ਸਕੂਲ ਬਟਾਲਾ ਤੋਂ ਹਾਸਲ ਕੀਤੀ ਸੀ। ਉਸੇ ਸਕੂਲ ਦੀ ਹਾਕੀ ਟੀਮ ਵਿੱਚ ਉਹ ਸੈਂਟਰ ਫਾਰਵਰਡ ਖੇਡਣ ਲੱਗਾ। ਫਿਰ ਸਪੋਰਟਸ ਸਕੂਲ ਜਲੰਧਰ ਚਲਾ ਗਿਆ। 1967 ਵਿੱਚ ਉਸ ਨੇ ਪੰਜਾਬ ਵੱਲੋਂ ਸਕੂਲਾਂ ਦੀਆਂ ਨੈਸ਼ਨਲ ਖੇਡਾਂ ’ਚ ਹਿੱਸਾ ਲੈਂਦਿਆਂ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। 1968 ਵਿੱਚ ਉਹ ਸਪੋਰਟਸ ਕਾਲਜ ਜਲੰਧਰ ਗਿਆ ਜਿੱਥੋਂ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ’ਚ ਚੁਣਿਆ ਗਿਆ। ਅਗਲੇ ਸਾਲ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੇਡਿਆ। 1971 ਵਿੱਚ ਉਸ ਨੇ ਕੰਬਾਈਂਡ ਯੂਨੀਵਰਸਿਟੀਜ਼ ਦੀ ਟੀਮ ਦਾ ਮੈਂਬਰ ਬਣ ਕੇ ਆਸਟਰੇਲੀਆ ਦਾ ਟੂਰ ਕੀਤਾ।
ਮੈਂ ਉਸ ਨੂੰ ਪਹਿਲੀ ਵਾਰ 1971 ’ਚ ਮਿਲਿਆ। ਮੈਂ ਪਟਿਆਲੇ ਐੱਨ.ਆਈ.ਐੱਸ. ਵਿੱਚ ਓਰੀਐਂਟਲ ਕੋਰਸ ਕਰਨ ਗਿਆ ਸਾਂ। ਉੱਥੇ ਹੀ ਆਸਟਰੇਲੀਆ ਦੇ ਟੂਰ ਵਾਸਤੇ ਕੰਬਾਈਂਡ ਯੂਨੀਵਰਸਿਟੀਜ਼ ਦੀ ਹਾਕੀ ਟੀਮ ਦਾ ਕੋਚਿੰਗ ਕੈਂਪ ਚੱਲ ਰਿਹਾ ਸੀ। ਸੁਰਜੀਤ ਉਸ ਕੈਂਪ ਵਿੱਚ ਸ਼ਾਮਲ ਸੀ। ਇੱਕ ਦਿਨ ਕੰਟੀਨ ਵਿੱਚ ਸਾਡਾ ਮੇਲ ਹੋ ਗਿਆ। ਉਹ ਸ਼ੌਕੀਨ ਬਣਿਆ ਕੱਢਵੀਂ ਜੁੱਤੀ ਪਾਈ ਬੈਠਾ ਸੀ। ਅਸੀਂ ’ਕੱਠਿਆਂ ਚਾਹ ਪੀਤੀ।
ਉਦੋਂ ਮੈਂ ਖੇਡਾਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਹੋਇਆ ਸੀ। ਮੇਰੀਆਂ ਉਹਦੇ ਨਾਲ ਰਸਮੀ ਗੱਲਾਂ ਹੋਈਆਂ। ਉਹ ਹੌਲੀ ਬੋਲਦਾ ਸੀ। ਮਝੈਲਾਂ ਵਾਲਾ ਲਹਿਜਾ ਸੀ। ਮੁੱਛਾਂ ਦੀ ਲੂੰਈਂ ਫੁੱਟ ਰਹੀ ਸੀ ਤੇ ਸੰਗ ਸੰਗਾਅ ਉਹਦੇ ਮੇਘਲੇ ਰੰਗ ’ਚ ਘੁਲੀ ਹੋਈ ਸੀ। ਭਰਵੱਟੇ ਸੰਘਣੇ ਸਨ। ਗੁੱਟ ਮੋਟੇ, ਮੱਥਾ ਛੋਟਾ ਤੇ ਨੱਕ ਵੱਡਾ। ਮੈਂ ਉਹਦਾ ਮੁੱਢਲਾ ਖਾਕਾ ਡਾਇਰੀ ’ਚ ਨੋਟ ਕਰ ਲਿਆ। ਅਜੇ ਉਭਰਦਾ ਖਿਡਾਰੀ ਹੋਣ ਕਰਕੇ ਉਦੋਂ ਹੀ ਉਹਦੇ ਬਾਰੇ ਕੁਝ ਲਿਖਣਾ ਮੈਂ ਮੁਨਾਸਿਬ ਨਾ ਸਮਝਿਆ। ਇੱਕ ਦਿਨ ਮੈਂ ਉਸ ਨੂੰ ਕੋਚ ਬਾਲਕ੍ਰਿਸ਼ਨ ਸਿੰਘ ਕੋਲੋਂ ਪੈਨਲਟੀ ਕਾਰਨਰ ਲਾਉਣ ਦੀ ਸਿਖਲਾਈ ਲੈਂਦੇ ਵੇਖਿਆ। ਉਹ ਬੜਾ ਸਿਰੜੀ ਤੇ ਗੰਭੀਰ ਸੀ ਜੋ ਹਨੇਰਾ ਪੈਣ ਤੱਕ ਪੈਨਲਟੀ ਕਾਰਨਰ ਲਾਉਣ ਦੀ ਪ੍ਰੈਕਟਿਸ ਕਰਦਾ ਰਿਹਾ। ਉਹਦੀ ਲਗਨ ਵੇਖ ਕੇ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਉਹ ਕਿਸੇ ਦਿਨ ਕਮਾਲ ਦੀ ਸ਼ੈਅ ਬਣੇਗਾ। ਬਾਅਦ ਵਿੱਚ ਉਹ ਕਮਾਲ ਦੀ ਸ਼ੈਅ ਬਣ ਵੀ ਗਿਆ।
ਆਸਟਰੇਲੀਆ ਦੇ ਟੂਰ ਤੋਂ ਉਹਦੀ ਚੜ੍ਹਤ ਦੇ ਦਿਨ ਸ਼ੁਰੂ ਹੋ ਗਏ। ਉਹ ਜਿੰਨਾ ਚਿਰ ਜੀਵਿਆ, ਭਾਰਤ ਤੇ ਏਸ਼ੀਆ ਦਾ ਹੀ ਨਹੀਂ ਸਗੋਂ ਦੁਨੀਆ ਦਾ ਵਧੀਆ ਫੁੱਲ ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ। ਪਹਿਲਾਂ ਪ੍ਰਿਥੀਪਾਲ ਸਿੰਘ ਨੂੰ ਪੈਨਲਟੀ ਕਾਰਨਰ ਲਾਉਣ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਪਿੱਛੋਂ ਇਹੀ ਖ਼ਿਤਾਬ ਸੁਰਜੀਤ ਸਿੰਘ ਨੂੰ ਮਿਲਿਆ। ਉਹਦੇ ਕੋਲੋਂ ਬਾਲ ਕੱਢਣੀ ਸੌਖੀ ਨਹੀਂ ਸੀ ਹੁੰਦੀ। ਵਿਰੋਧੀ ਖਿਡਾਰੀਆਂ ਲਈ ਉਹ ਫਾਟਕ ਬਣ ਜਾਂਦਾ ਸੀ। ਉਹ ਉਹਦੇ ਲਾਗੇ ਲੱਗਣੋਂ ਤ੍ਰਹਿੰਦੇ ਸਨ।
ਉਹ ਨਿਸਬਤਨ ਭਾਰੀ ਹਾਕੀ ਵਰਤਦਾ ਸੀ। ਸੀ ਵੀ ਕੱਦ ਕਾਠ ਦਾ ਤਕੜਾ। ਰੰਗ ਰਤਾ ਪੱਕਾ ਸੀ ਤੇ ਹੱਡ ਗੋਡੇ ਮੋਟੇ। ਵੇਖਣ ਨੂੰ ਵੈਲੀਆਂ ਵਰਗਾ ਲੱਗਦਾ ਸੀ ਪਰ ਸੀਗਾ ਸਾਊ। ਮਿਲਣ ਗਿਲਣ ਵਾਲਿਆਂ ਨੂੰ ਆਪਣੇ ਸਾਊ ਸੁਭਾਅ ਨਾਲ ਮੋਹ ਲੈਂਦਾ ਸੀ। ਉਸ ਦੀਆਂ ਕਈ ਗੱਲਾਂ ਪ੍ਰਿਥੀਪਾਲ ਸਿੰਘ ਨਾਲ ਮਿਲਦੀਆਂ ਸਨ। ਦੋਵੇਂ ਜਜ਼ਬਾਤੀ ਸਨ ਪਰ ਮੈਦਾਨ ਵਿੱਚ ਠਰ੍ਹੰਮੇ ਨਾਲ ਖੇਡਦੇ ਤੇ ਘਬਰਾਹਟ ਤੋਂ ਬਚੇ ਰਹਿੰਦੇ। ਆਣ ਅਣਖ ਵਜੋਂ ਦੋਹਾਂ ਦਾ ਵਤੀਰਾ ਇੱਕੋ ਜਿਹਾ ਸੀ। ਨਾ ਪ੍ਰਿਥੀਪਾਲ ਸਿੰਘ ਵਧਵੀਂ ਘਟਵੀਂ ਸਹਾਰਦਾ ਸੀ, ਨਾ ਸੁਰਜੀਤ ਸਿੰਘ। ਇਹੋ ਕਾਰਨ ਸੀ ਕਿ ਬਿਊਨਿਸ ਏਅਰਜ਼ ਦੇ ਵਿਸ਼ਵ ਹਾਕੀ ਕੱਪ ਦੀ ਤਿਆਰੀ ਸਮੇਂ ਉਹ, ਬਲਦੇਵ ਸਿੰਘ ਤੇ ਵਰਿੰਦਰ ਸਿੰਘ ਸਮੇਤ ਕੋਚਿੰਗ ਕੈਂਪ ’ਚੋਂ ਬੋਰੀਆ ਬਿਸਤਰਾ ਚੁੱਕ ਲਿਆਇਆ ਸੀ।
ਇੱਕ ਖੇਡ ਅਧਿਕਾਰੀ ਦੇ ਪੰਜਾਬੀ ਖਿਡਾਰੀਆਂ ਬਾਰੇ ਕਹੇ ਲਫ਼ਜ਼ ਸੁਰਜੀਤ ਹੋਰਾਂ ਨੇ ਨਹੀਂ ਸਨ ਸਹਾਰੇ ਤੇ ਉਹ ਰੋਸ ਵਜੋਂ ਕੋਚਿੰਗ ਕੈਂਪ ਵਿੱਚੋਂ ਵਾਕ ਆਊਟ ਕਰ ਗਏ ਸਨ। ਬਾਅਦ ਵਿੱਚ ਬਲਦੇਵ ਸਿੰਘ ਤੇ ਵਰਿੰਦਰ ਸਿੰਘ ਤਾਂ ਭਾਰਤੀ ਟੀਮ ਵਿੱਚ ਪਾ ਲਏ ਗਏ ਪਰ ਸੁਰਜੀਤ ਸਿੰਘ ਨੂੰ ਬਾਹਰ ਰੱਖਿਆ ਗਿਆ। ਨਤੀਜਾ ਬਿਊਨਿਸ ਏਅਰਜ਼ ਵਿੱਚ ਨਮੋਸ਼ੀ ਵਾਲੀਆਂ ਹਾਰਾਂ ਦਾ ਨਿਕਲਿਆ।
ਹਾਕੀ ਦੇ ਸਿਰ ’ਤੇ ਉਸ ਨੂੰ ਭਾਰਤੀ ਰੇਲਵੇ ਦੀ ਨੌਕਰੀ ਮਿਲ ਗਈ ਸੀ ਤੇ ਉਹ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਸੈਂਟਰਲ ਰੇਲਵੇ ’ਚ ਕਮਰਸ਼ਲ ਇੰਸਪੈਕਟਰ ਲੱਗ ਗਿਆ ਸੀ। ਉਹ ਪੰਜਾਬ ਵੱਲੋਂ ਹਾਕੀ ਦੀ ਨੈਸ਼ਨਲ ਚੈਂਪੀਅਨਸ਼ਿਪ ਪਹਿਲਾਂ ਹੀ ਖੇਡ ਚੁੱਕਾ ਸੀ। 1973 ਤੋਂ ਉਹ ਭਾਰਤੀ ਰੇਲਵੇਜ਼ ਵੱਲੋਂ ਦੇਸ਼ ਦੇ ਪ੍ਰਸਿੱਧ ਹਾਕੀ ਟੂਰਨਾਮੈਂਟ ਖੇਡਣ ਲੱਗਾ। ਉਸੇ ਸਾਲ ਉਹ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। 22 ਸਾਲ ਦੀ ਉਮਰ ਵਿੱਚ ਉਹ ਐਮਸਟਰਡਮ ਦਾ ਦੂਜਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ।
ਐਮਸਟਰਡਮ ਦੇ ਵਿਸ਼ਵ ਕੱਪ ਦਾ ਫਾਈਨਲ ਮੈਚ ਨੀਦਰਲੈਂਡਜ਼ ਤੇ ਭਾਰਤ ਵਿਚਕਾਰ ਹੋਇਆ। ਪਹਿਲੇ ਪੰਜ ਸੱਤ ਮਿੰਟਾਂ ਵਿੱਚ ਹੀ ਸੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਦੇ ਦੋ ਗੋਲ ਦਾਗ ਦਿੱਤੇ। ਪਿੱਛੇ ਦੇਸ਼ ਵਿੱਚ ਕੁਮੈਂਟਰੀ ਸੁਣਦੇ ਹਾਕੀ ਪ੍ਰੇਮੀਆਂ ਦਾ ਸੇਰ ਸੇਰ ਲਹੂ ਵਧ ਗਿਆ। ਅਸੀਂ ਉਦੋਂ ਢੁੱਡੀਕੇ ਕਾਲਜ ਦੇ ਖੇਡ ਮੈਦਾਨ ’ਚ ਕੁਮੈਂਟਰੀ ਸੁਣ ਰਹੇ ਸਾਂ। ਕਈਆਂ ਨੇ ਖ਼ੁਸ਼ੀ ’ਚ ਪੁੱਠੀਆਂ ਛਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰਜੀਤ ਦੇ ਇਸ ਕਾਰਨਾਮੇ ਨੇ ਉਹਦਾ ਨਾਂ ਕੁਲ ਦੁਨੀਆ ’ਚ ਧੁੰਮਾਅ ਦਿੱਤਾ। ਬਦਕਿਸਮਤੀ ਭਾਰਤ ਦੀ ਕਿ ਦੋ ਗੋਲਾਂ ਦੀ ਬੜ੍ਹਤ ਦੇ ਬਾਵਜੂਦ ਭਾਰਤੀ ਟੀਮ ਮੈਚ ਹਾਰ ਗਈ। ਸੁਰਜੀਤ ਦੇ ਕਹਿਣ ਮੂਜਬ ਦੋ ਗੋਲਾਂ ਦੀ ਲੀਡ ਲੈਣ ਪਿੱਛੋਂ ਸਾਨੂੰ ਖੇਡ ਦੀ ਰਫ਼ਤਾਰ ਮੱਠੀ ਕਰਨੀ ਚਾਹੀਦੀ ਸੀ ਪਰ ਅਸੀਂ ਜੋਸ਼ ਤੇ ਖ਼ੁਸ਼ੀ ਵਿੱਚ ਤੇਜ਼ ਖੇਡਦੇ ਰਹੇ, ਅੰਤ ਹਾਰ ਗਏ।
ਤੀਜਾ ਵਿਸ਼ਵ ਕੱਪ ਕੁਆਲਾਲੰਪੁਰ ਵਿੱਚ ਹੋਇਆ। ਉਦੋਂ ਭਾਰਤੀ ਟੀਮ ਦਾ ਕੋਚ/ਮੈਨੇਜਰ ਬਲਬੀਰ ਸਿੰਘ ਸੀਨੀਅਰ ਸੀ। ਉਸ ਨੇ ਆਪਣੀ ਪੁਸਤਕ ‘ਗੋਲਡਨ ਹੈਟ੍ਰਿਕ’ ਵਿੱਚ ਲਿਖਿਆ ਕਿ ਸੁਰਜੀਤ ਸਿੰਘ ਪਹਿਲੇ ਮੈਚ ਵਿੱਚ ਆਪਣੀ ਅਸਲੀ ਫਾਰਮ ’ਚ ਨਹੀਂ ਸੀ ਲੱਗ ਰਿਹਾ। ਉੱਥੇ ਉਸ ਦੀ ਜਰਸੀ ਦਾ ਨੰਬਰ 4 ਸੀ। ਉਸ ਨੂੰ ਵਹਿਮ ਹੋ ਗਿਆ ਕਿ ਨੰਬਰ 4 ਉਹਦੇ ਲਈ ਮਨਹੂਸ ਹੈ। ਜਦੋਂ ਉਸ ਨੇ ਇਹ ਗੱਲ ਟੀਮ ਦੇ ਡਾਕਟਰ ਰਾਜਿੰਦਰ ਕਾਲੜਾ ਨੂੰ ਦੱਸੀ ਤਾਂ ਡਾਕਟਰ ਨੇ ਇਸ ਦਾ ਮਨੋਵਿਗਿਆਨਕ ਇਲਾਜ ਕਰਦਿਆਂ ਕਿਸੇ ਭਾਰਤੀ ਕੋਲੋਂ ਗੁੜ ਤੇ ਤਿਲ ਮੰਗਾਏ ਜੋ ਮੰਤਰ ਕੇ ਸੁਰਜੀਤ ਨੂੰ ਖਾਣ ਲਈ ਦੇ ਦਿੱਤੇ। ਉਹਦਾ ਵਹਿਮ ਦੂਰ ਹੋ ਗਿਆ ਤੇ ਉਹ ਆਪਣੇ ਅਸਲੀ ਰੂਪ ਵਿੱਚ ਖੇਡਣ ਲੱਗਾ। ਇੰਜ ਵਹਿਮ ਦਾ ਇਲਾਜ ਵਹਿਮ ਨਾਲ ਹੀ ਹੋਇਆ!
1976 ਦੀਆਂ ਓਲੰਪਿਕ ਖੇਡਾਂ ਲਈ ਪਟਿਆਲਾ ਕੋਚਿੰਗ ਕੈਂਪ ਲੱਗਾ ਤਾਂ ਮੈਂ ਖਿਡਾਰੀਆਂ ਨੂੰ ਮਿਲਣ ਗਿਆ। ਸੁਰਜੀਤ ਸਿੰਘ ਗਿੱਟਾ ਬੰਨ੍ਹੀ ਹਾਕੀ ਖਿਡਾਰਨ ਚੰਚਲ ਕੋਹਲੀ ਕੋਲ ਬੈਠਾ ਸੀ। ਬਾਅਦ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਗੱਲਾਂ ਬਾਤਾਂ ਹੋਈਆਂ ਤਾਂ ਉਸ ਨੇ ਦੱਸਿਆ, “ਇਹ ਮੇਰੀ ਗੁੱਡ ਲੱਕ ਸੀ ਕਿ ਮੈਂ ਐਮਸਟਰਡਮ ਦਾ ਵਿਸ਼ਵ ਕੱਪ ਠੀਕ ਖੇਡ ਗਿਆ। ਵਰਨਾ ਵਿਦੇਸ਼ਾਂ ’ਚ ਖੇਡਣ ਲਈ ਬੜੇ ਤਜਰਬੇ ਦੀ ਲੋੜ ਹੁੰਦੀ ਆ। ਐਮਸਟਰਡਮ ਵਿੱਚ ਮੈਂ ਪਾਲ ਲਿਤਜਨ ਨੂੰ ਛੱਡ ਕੇ ਸਭ ਤੋਂ ਬਹੁਤੇ ਗੋਲ ਕੀਤੇ। ਤਹਿਰਾਨ ਦੀਆਂ ਏਸ਼ੀਅਨ ਗੇਮਜ਼ ਵਿੱਚ ਮੈਂ ਟਾਪ ਸਕੋਰਰ ਸਾਂ। ਸੀਲੋਨ ਵਿਰੁੱਧ ਮੈਂ ਹੈਟ੍ਰਿਕ ਮਾਰੀ। 1975 ’ਚ ਨਿਊਜ਼ੀਲੈਂਡ ਦਾ ਟੂਰ ਲਾਉਂਦਿਆਂ ਮੈਂ 17 ਗੋਲ ਕੀਤੇ। ਅੱਜਕੱਲ੍ਹ ਤਾਂ ਬਹੁਤੇ ਮੈਚਾਂ ਦਾ ਫ਼ੈਸਲਾ ਹੁੰਦਾ ਈ ਪੈਨਲਟੀ ਕਾਰਨਰ ਦੇ ਗੋਲਾਂ ਨਾਲ ਆ। ਵਧੀਆ ਖਿਡਾਰੀ ਬਣਨ ਲਈ ਮਿਹਨਤ ਦੀ ਬੜੀ ਲੋੜ ਐ। ਮਿਹਨਤ ਕਰਨ ਵਾਲੇ ਨੂੰ ਚਾਂਸ ਜ਼ਰੂਰ ਮਿਲਦੈ। ਇਹ ਗੱਲ ਐ ਕੋਈ ਸਾਂਭੇ ਜਾਂ ਨਾ।”
ਸੁਰਜੀਤ ਸਿੰਘ ਦੇ ਖੇਡ ਕਰੀਅਰ ਵਿੱਚ ਕਦੇ ਉਹਨੂੰ ਭਾਰਤੀ ਟੀਮ ਵਿੱਚ ਪਾਉਣਾ ਪਿਆ ਤੇ ਕਦੇ ਬਾਹਰ ਰੱਖਣਾ ਪਿਆ। ‘ਜਬੈ ਬਾਣ ਲਾਗੇ ਤਬੈ ਰੋਸ ਜਾਗੇ’ ਦੇ ਕਥਨ ਅਨੁਸਾਰ ਉਸ ਨੇ ਹਾਕੀ ਹੋਰ ਰੋਹ ਨਾਲ ਅਪਣਾਈ ਜਿਸ ਕਰਕੇ ਹਾਕੀ ਅਧਿਕਾਰੀਆਂ ਵੱਲੋਂ ਉਸ ਨੂੰ ਮੁੜ ਮੁੜ ਟੀਮਾਂ ਵਿੱਚ ਪਾਉਣ ਲਈ ਮਜਬੂਰ ਹੋਣਾ ਪੈਂਦਾ ਰਿਹਾ। 1978 ਵਿੱਚ ਉਸ ਨੂੰ ਮੁੜ ਟੀਮ ’ਚ ਪਾਇਆ ਤਾਂ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿੱਚ ਫਿਰ ਸਭ ਤੋਂ ਵੱਧ ਗੋਲ ਕੀਤੇ।
ਬੈਂਕਾਕ ਏਸ਼ੀਆਡ ਖੇਡਣ ਪਿੱਛੋਂ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਉਸ ਦੀ ਕਪਤਾਨੀ ਵਿੱਚ ਭਾਰਤੀ ਟੀਮ ਮਾਸਕੋ ਵਿਖੇ ਪ੍ਰੀ ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਗਈ ਜਿੱਥੇ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮਾਸਕੋ ਦੀਆਂ ਓਲੰਪਿਕ ਖੇਡਾਂ-1980 ਸਮੇਂ ਉਸ ਨੂੰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। 1981-82 ਵਿੱਚ ਬੰਬਈ ਦੇ ਪੰਜਵੇਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮੇਂ ਉਸ ਨੂੰ ਫਿਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਮੈਂ ਉਹ ਕੱਪ ਕਵਰ ਕਰਨ ਲਈ ਬੰਬਈ ਗਿਆ ਤਾਂ ਉੱਥੇ ਸਾਡਾ ਨਿੱਤ ਦਾ ਮੇਲਜੋਲ ਹੋਣ ਲੱਗਾ।
ਮੈਨੂੰ ਯਾਦ ਹੈ ਇੱਕ ਦਿਨ ਭਾਰਤ, ਪਾਕਿਸਤਾਨ, ਆਸਟਰੇਲੀਆ ਤੇ ਹਾਲੈਂਡ ਦੀਆਂ ਟੀਮਾਂ ਦੇ ਕਪਤਾਨ ਹੋਟਲ ਦੀ ਲਾਬੀ ’ਚ ਬੈਠੇ ਸਨ। ਭਾਰਤ ਦਾ ਸੁਰਜੀਤ ਗੁਰਦਾਸਪੁਰੀਆ ਤੇ ਪਾਕਿਸਤਾਨ ਦਾ ਅਖ਼ਤਰ ਰਸੂਲ ਲਾਇਲਪੁਰੀਆ ਪੰਜਾਬੀ ’ਚ ਗੱਲਾਂ ਕਰਨ ਲੱਗ ਪਏ। ਅਖ਼ਤਰ ਰਸੂਲ ਕਹਿਣ ਲੱਗਾ, “ਸੁਰਜੀਤ ਆਪਾਂ ਹੋਰ ਨ੍ਹੀਂ ਕਿਸੇ ਤੋਂ ਲਈਦੇ। ਆਪਾਂ ਨੂੰ ਖੂੰਜੇ ਲਾਇਆ ਤਾਂ ਪਾਲ ਲਿਤਜਨ ਦੇ ਪੈਨਲਟੀ ਕਾਰਨਰ ਈ ਲਾਉਣਗੇ।” ਸੁਰਜੀਤ ਦਾ ਉੱਤਰ ਸੀ, “ਕੋਈ ਨਾ ਭਾਅ ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ?”
ਉਹ ਮੈਚ ਵੇਖਦਾ ਖਿਡਾਰੀਆਂ ਬਾਰੇ ਆਮੁਹਾਰਾ ਤਬਸਰਾ ਕਰੀ ਜਾਂਦਾ। ਕਿਸੇ ਨੂੰ ਖ਼ਿਤਾਬ ਬਖ਼ਸ਼ਦਾ, “ਇਹ ਬੜੀ ਕੁੱਤੀ ਸ਼ੈਅ ਈ।” ਤੇ ਕਿਸੇ ਨੂੰ ਕਹਿੰਦਾ, “ਇਹ ਬੜਾ ਅਸਤਰ ਏ!” ਖਿਡਾਰੀਆਂ ਦੇ ਵੀ ਨਿਹੰਗ ਸਿੰਘਾਂ ਵਾਂਗ ਆਪਣੇ ਹੀ ਬੋਲੇ ਹੁੰਦੇ ਨੇ। ਬੰਬਈ ਦੇ ਵਿਸ਼ਵ ਕੱਪ ਤੋਂ ਕੁਝ ਮਹੀਨਿਆਂ ਬਾਅਦ ਹੀ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਸਨ। ਸੁਰਜੀਤ ਸਿੰਘ ਨੂੰ ਫਿਰ ਟੀਮ ਵਿੱਚ ਨਾ ਪਾਇਆ ਗਿਆ। ਭਾਰਤੀ ਟੀਮ ਪਾਕਿਸਤਾਨੀ ਟੀਮ ਹੱਥੋਂ 7-1 ਗੋਲਾਂ ਦੇ ਵੱਡੇ ਫਰਕ ਨਾਲ ਹਾਰੀ। ਮੈਂ ਪ੍ਰੈੱਸ ਸੈਂਟਰ ’ਚ ਬੈਠਾ ਅਖ਼ਬਾਰੀ ਰਿਪੋਰਟ ਲਿਖ ਰਿਹਾ ਸਾਂ ਕਿ ਸੁਰਜੀਤ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਰਾਜੀਵ ਗਾਂਧੀ ਨੇ ਬੁਲਾਇਐ। ਮੈਂ ਜਾ ਕੇ ਹਾਕੀ ਦੀ ਅੰਦਰਲੀ ਸਟੋਰੀ ਦੱਸ ਰਿਹਾਂ।” ਉਸ ਨੂੰ ਭਾਰਤੀ ਟੀਮ ਦੇ ਬੁਰੀ ਤਰ੍ਹਾਂ ਹਾਰ ਜਾਣ ਦਾ ਡਾਢਾ ਦੁੱਖ ਸੀ। ਉਹ ਮਨ ਦਾ ਭਾਰ ਹੌਲਾ ਕਰਨਾ ਚਾਹੁੰਦਾ ਸੀ।
ਉਸ ਨੇ ਕੁਝ ਸਮਾਂ ਭਾਰਤੀ ਰੇਲਵੇਜ਼ ਵੱਲੋਂ ਖੇਡਣ ਪਿੱਛੋਂ ਭਾਰਤੀ ਏਅਰਲਾਈਨਜ਼ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਖ਼ੀਰ ਉਹ ਪੰਜਾਬ ਪੁਲੀਸ ਵੱਲੋਂ ਖੇਡਣ ਲੱਗਾ। ਉਹ ਲਗਭਗ ਪੰਦਰਾਂ ਸਾਲ ਸਰਗਰਮ ਹਾਕੀ ਖੇਡਿਆ ਤੇ ਹਾਕੀ ਦੇ ਹਲਕਿਆਂ ਵਿੱਚ ਬੜਾ ਨਾਂ ਕਮਾਇਆ। ਪਈ ਸੁਰਜੀਤ ਸੁਰਜੀਤ ਹੁੰਦੀ ਰਹੀ ਤੇ ਨਵੇਂ ਮੁੰਡੇ ਉਹਦੀਆਂ ਰੀਸਾਂ ਕਰਦੇ ਰਹੇ।
ਉਹਦੇ ਰਿਟਾਇਰ ਹੋਣ ਪਿੱਛੋਂ ਪ੍ਰਸੰਸਕਾਂ ਨੇ ਉਹਦੇ ਲਈ ਬੈਨੀਫਿਟ ਮੈਚ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਸੁਰਜੀਤ ਖ਼ੁਦ ਉਨ੍ਹਾਂ ਤਿਆਰੀਆਂ ਵਿੱਚ ਸ਼ਾਮਲ ਸੀ। ਉਹ ਤੇ ਉਹਦੇ ਦੋ ਸਾਥੀ ਕਾਰ ਵਿੱਚ ਅੰਮ੍ਰਿਤਸਰ ਤੋਂ ਜਲੰਧਰ ਮੁੜ ਰਹੇ ਸਨ ਕਿ 7 ਜਨਵਰੀ 1984 ਦੀ ਕਕਰੀਲੀ ਰਾਤ ਨੂੰ ਬਿਧੀਪੁਰ ਫਾਟਕ ਲਾਗੇ ਭਿਆਨਕ ਹਾਦਸਾ ਵਾਪਰ ਗਿਆ। ਅਗਲੇ ਦਿਨ ਅਖ਼ਬਾਰਾਂ ਦੀ ਮੁੱਖ ਖ਼ਬਰ ਸੀ: ਹਾਕੀ ਵਾਲਾ ਸੁਰਜੀਤ ਹਾਦਸੇ ਵਿੱਚ ਹਲਾਕ। ਉਹ ਆਪਣੇ ਪਿੱਛੇ ਪਤਨੀ ਚੰਚਲ ਰੰਧਾਵਾ, ਪੁੱਤਰ ਸਰਬਰਿੰਦਰ ਤੇ ਧੀ ਇੰਦਰਪ੍ਰੀਤ ਨੂੰ ਧਾਹੀਂ ਮਾਰਦਿਆਂ ਛੱਡ ਗਿਆ।
ਜਿਨ੍ਹਾਂ ਨੇ ਉਹਦੀ ਦੇਹ ਸੰਭਾਲੀ ਉਹ ਦੱਸਦੇ ਸਨ ਕਿ ਸੁਰਜੀਤ ਦੀਆਂ ਮੁੱਠੀਆਂ ਵਿੱਚ ਮਿੱਟੀ ਸੀ ਜਿਸ ਤੋਂ ਜਾਪਦਾ ਸੀ ਕਿ ਉਸ ਨੇ ਆਖ਼ਰੀ ਵਾਰ ਉੱਠਣ ਲਈ ਹੱਥ ਪੈਰ ਮਾਰੇ ਹੋਣਗੇ, ਪੂਰਾ ਤਾਣ ਲਾਇਆ ਹੋਵੇਗਾ ਪਰ ਉੱਠ ਨਹੀਂ ਸੀ ਸਕਿਆ ਅਤੇ ਕੋਰੇ ਮਾਰੀ ਰਾਤ ਵਿੱਚ ਸਦਾ ਲਈ ਅੱਖਾਂ ਮੀਟ ਗਿਆ ਸੀ।
ਈ-ਮੇਲ: principalsarwansingh@gmail.com