ਹਾਕੀ: ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ’ਚ ਪ੍ਰਮੋਸ਼ਨ ਤੇ ਰੈਲੀਗੇਸ਼ਨ ਪ੍ਰਣਾਲੀ ਸ਼ੁਰੂ
ਨਵੀਂ ਦਿੱਲੀ, 28 ਫਰਵਰੀ
ਹਾਕੀ ਇੰਡੀਆ ਨੇ ਪੰਚਕੂਲਾ ਵਿੱਚ ਪਹਿਲੀ ਤੋਂ 12 ਮਾਰਚ ਤੱਕ ਖੇਡੀ ਜਾਣ ਵਾਲੀ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਲਈ ਅੱਜ ਪ੍ਰਮੋਸ਼ਨ ਅਤੇ ਰੈਲੀਗੇਸ਼ਨ ਪ੍ਰਣਾਲੀ ਤਹਿਤ ਇੱਕ ਨਵਾਂ ਫਾਰਮੈਟ ਪੇਸ਼ ਕੀਤਾ ਹੈ। ਇਸ ਮੁਕਾਬਲੇ ਵਿੱਚ 28 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ‘ਏ’, ‘ਬੀ’ ਅਤੇ ‘ਸੀ’ ਤਿੰਨ ਡਿਵੀਜ਼ਨਾਂ ਵਿੱਚ ਵੰਡਿਆ ਜਾਵੇਗਾ। ਇਸ ਵਿੱਚ ਟੀਮਾਂ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਸਿਖਰਲੇ ਡਿਵੀਜ਼ਨ (ਪ੍ਰਮੋਸ਼ਨ) ਤੱਕ ਜਾ ਸਕਦੀਆਂ ਜਾਂ ਹੇਠਲੇ ਡਿਵੀਜ਼ਨ (ਰੈਲੀਗੇਸ਼ਨ) ਤੱਕ ਖਿਸਕ ਸਕਦੀਆਂ ਹਨ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘ਪ੍ਰਮੋਸ਼ਨ ਅਤੇ ਰੈਲੀਗੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਦੇਸ਼ ਭਰ ਵਿੱਚ ਹਾਕੀ ਦਾ ਪੱਧਰ ਉੱਚਾ ਚੁੱਕਣ ਵੱਲ ਅਹਿਮ ਕਦਮ ਹੈ।’ ਉਨ੍ਹਾਂ ਕਿਹਾ, ‘ਇਸ ਨਾਲ ਚੈਂਪੀਅਨਸ਼ਿਪ ਦੇ ਹਰ ਮੈਚ ਦਾ ਮਹੱਤਵ ਹੋਵੇਗਾ, ਭਾਵੇਂ ਇਹ ਮੈਚ ਖਿਤਾਬ ਲਈ ਹੋਵੇ ਜਾਂ ਰੈਲੀਗੇਸ਼ਨ ਤੋਂ ਬਚਣ ਲਈ। ਅਸੀਂ ਦਿਲਚਸਪ ਟੂਰਨਾਮੈਂਟ ਦੀ ਉਡੀਕ ਕਰ ਰਹੇ ਹਾਂ, ਜਿੱਥੇ ਟੀਮਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਸਿਖਰ ’ਤੇ ਪਹੁੰਚਣ ਦਾ ਟੀਚਾ ਰੱਖਣ।’ ਉਨ੍ਹਾਂ ਦੱਸਿਆ ਕਿ ਸਿਖਰਲੀਆਂ 12 ਟੀਮਾਂ ਡਿਵੀਜ਼ਨ ‘ਏ’ ਵਿੱਚ ਮੁਕਾਬਲਾ ਕਰਨਗੀਆਂ, ਜਿਨ੍ਹਾਂ ਨੂੰ ਅੱਗੇ ਤਿੰਨ-ਤਿੰਨ ਟੀਮਾਂ ਦੇ ਚਾਰ ਪੂਲਾਂ ਵਿੱਚ ਵੰਡਿਆ ਜਾਵੇਗਾ ਅਤੇ ਇਹ ਟੀਮਾਂ ਆਪੋ-ਆਪਣੇ ਪੂਲਾਂ ਦੇ ਅੰਦਰ ਲੀਗ ਫਾਰਮੈਟ ਵਿੱਚ ਖੇਡਣਗੀਆਂ। -ਪੀਟੀਆਈ