ਹਾਕੀ: ਮੁਹਾਲੀ, ਬਠਿੰਡਾ, ਮਾਲੇਰਕੋਟਲਾ ਅਤੇ ਪਟਿਆਲਾ ਦੀਆਂ ਟੀਮਾਂ ਸੈਮੀਫਾਈਨਲ ’ਚ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 7 ਨਵੰਬਰ
ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਸਕੂਲਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਅੱਜ 17 ਸਾਲ ਵਰਗ ਦੀਆਂ ਲੜਕੀਆਂ ਦੇ ਹਾਕੀ ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਕ੍ਰਿਕਟ ਦੇ ਕੁਆਰਟਰ ਫਾਈਨਲ ਗੇੜ ਦੇ ਮੈਚ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ:ਸਿੱ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੇ ਹਾਕੀ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਸਥਾਨਕ ਸੈਕਟਰ 63 ਦੇ ਹਾਕੀ ਸਟੇਡੀਅਮ ਵਿੱਚ 17 ਸਾਲਾ ਵਰਗ ਦੀਆਂ ਲੜਕੀਆਂ ਦੇ ਅੱਜ ਹੋਏ ਕੁਆਰਟਰ ਫਾਈਨਲ ਗੇੜ ਦੇ ਮੈਚਾਂ ਵਿੱਚ ਪੀਆਈਐੱਸ ਮੁਹਾਲੀ ਨੇ ਤਰਨ ਤਾਰਨ ਨੂੰ 1-0 ਹਰਾਇਆ। ਪੀਆਈਐੱਸ ਬਠਿੰਡਾ ਦੀ ਟੀਮ ਨੇ ਖਾਲਸਾ ਵਿੰਗ ਸ੍ਰੀ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਪਾਸੜ ਮੈਚ ਵਿੱਚ 6-0 ਨਾਲ, ਮਾਲੇਰਕੋਟਲਾ ਨੇ ਐੱਸਏਆਈ ਬਾਦਲ ਦੀ ਟੀਮ ਨੂੰ 3-0 ਨਾਲ ਅਤੇ ਪਟਿਆਲਾ ਨੇ ਫਸਵੇਂ ਮੈਚ ਵਿੱਚ ਲੁਧਿਆਣਾ ਨੂੰ 2-0 ਦੇ ਅੰਤਰ ਨਾਲ ਹਰਾਇਆ।
ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਚੱਲ ਰਹੇ 19 ਸਾਲ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿਚ ਫਰੀਦਕੋਟ ਨੇ ਮੇਜ਼ਬਾਨ ਮੁਹਾਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਗੁਰਦਾਸਪੁਰ ਨੂੰ, ਮੋਗਾ ਨੇ ਪਟਿਆਲਾ ਨੂੰ ਅਤੇ ਲੁਧਿਆਣਾ ਨੇ ਜਲੰਧਰ ਨੂੰ ਹਰਾਇਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਫਰੀਦਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਮੋਗਾ ਤੇ ਲੁਧਿਆਣਾ ਦੀਆਂ ਟੀਮਾਂ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪੁੱਜੀਆਂ ਹਨ।