ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚੋਂ ਬਾਹਰ ਹੋ ਸਕਦੀ ਹੈ ਹਾਕੀ
ਮੈਲਬਰਨ, 21 ਅਕਤੂਬਰ
ਹਾਕੀ ਨੂੰ 2026 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚੋਂ ਬਾਹਰ ਕੀਤਾ ਜਾ ਸਕਦਾ ਹੈ। ਮੇਜ਼ਬਾਨ ਸ਼ਹਿਰ ਗਲਾਸਗੋ ਲਾਗਤ ਵਿੱਚ ਕਟੌਤੀ ਕਰਨਾ ਚਾਹੁੰਦਾ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਅਤੇ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਦੋਵੇਂ ਇਸ ਮਾਮਲੇ ’ਤੇ ਚੁੱਪ ਹਨ। ਹਾਕੀ ਨੂੰ 1998 ਵਿੱਚ ਰਾਸ਼ਟਰਮੰਡਲ ਖੇਡਾਂ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਖੇਡਾਂ ਦਾ ਅਨਿੱਖੜਵਾਂ ਹਿੱਸਾ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਗਲਾਸਗੋ ਖੇਡਾਂ ਦੇ ਪ੍ਰਬੰਧਕ ਨੈੱਟ ਬਾਲ ਅਤੇ ਰੋਡ ਰੇਸਿੰਗ ਦੇ ਨਾਲ-ਨਾਲ ਹਾਕੀ ਨੂੰ ਖੇਡਾਂ ’ਚੋਂ ਹਟਾਉਣਾ ਚਾਹੁੰਦੇ ਹਨ। 2026 ਦੀਆਂ ਰਾਸ਼ਟਰਮੰਡਲ ਖੇਡਾਂ ਪਹਿਲਾਂ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਹੋਣੀਆਂ ਸਨ ਪਰ ਵਧਦੀ ਲਾਗਤ ਕਾਰਨ ਉਹ ਮੇਜ਼ਬਾਨੀ ਤੋਂ ਹਟ ਗਿਆ ਸੀ। ਇਸ ਤੋਂ ਬਾਅਦ ਸਕਾਟਲੈਂਡ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਅੱਗੇ ਆਇਆ। ਰਾਸ਼ਟਰਮੰਡਲ ਖੇਡਾਂ ਤੋਂ ਹਾਕੀ ਦਾ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੋਵੇਗਾ ਕਿਉਂਕਿ ਦੇਸ਼ ਦੀ ਪੁਰਸ਼ ਟੀਮ ਇਸ ਖੇਡ ਵਿੱਚ ਤਿੰਨ ਵਾਰ ਚਾਂਦੀ ਦਾ ਤਗਮਾ ਅਤੇ ਦੋ ਵਾਰ ਕਾਂਸੇ ਦਾ ਤਗਮਾ ਜਿੱਤ ਚੁੱਕੀ ਹੈ। ਇਸੇ ਤਰ੍ਹਾਂ ਮਹਿਲਾ ਟੀਮ ਨੇ ਵੀ ਇੱਕ ਸੋਨੇ ਸਮੇਤ ਤਿੰਨ ਤਗਮੇ ਜਿੱਤੇ ਹਨ। -ਪੀਟੀਆਈ