ਹਾਕੀ: ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ
ਹੁਲੁਨਬੂਈਰ (ਚੀਨ), 13 ਸਤੰਬਰ
ਬਿਨਾ ਕੋਈ ਮੁਕਾਬਲਾ ਹਾਰੇ ਸੈਮੀਫਾਈਨਲ ’ਚ ਜਗ੍ਹਾ ਬਣਾ ਚੁੱਕੀ ਭਾਰਤੀ ਟੀਮ ਭਲਕੇ ਸ਼ਨਿਚਰਵਾਰ ਨੂੰ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਆਖਰੀ ਰਾਊਂਡ ਰੌਬਿਨ ਮੈਚ ’ਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ। ਮੌਜੂਦਾ ਚੈਂਪੀਅਨ ਭਾਰਤ ਚਾਰ ਮੈਚਾਂ ਵਿੱਚ ਚਾਰ ਜਿੱਤਾਂ ਦਰਜ ਕਰਕੇ ਅੰਕ ਸੂਚੀ ਵਿੱਚ ਸਿਖਰ ’ਤੇ ਹੈ ਜਦਕਿ ਪਾਕਿਸਤਾਨ ਦੂਜੇ ਸਥਾਨ ’ਤੇ ਹੈ। ਪੈਰਿਸ ਓਲੰਪਿਕ ਵਿੱਚ ਕਾਂਸੇ ਤਾ ਤਗ਼ਮਾ ਜੇਤੂ ਭਾਰਤ ਨੇ ਚੀਨ ਨੂੰ 3-0, ਜਾਪਾਨ ਨੂੰ 5-1, ਮਲੇਸ਼ੀਆ ਨੂੰ 8-1 ਅਤੇ ਕੋਰੀਆ ਨੂੰ 3-1 ਨਾਲ ਹਰਾਇਆ ਸੀ।
ਦੂਜੇ ਪਾਸੇ ਮਹਾਨ ਫਾਰਵਰਡ ਤਾਹਿਰ ਜ਼ਮਾਨ ਦੀ ਅਗਵਾਈ ਹੇਠ ਖੇਡ ਰਹੀ ਪਾਕਿਸਤਾਨੀ ਟੀਮ ਨੇ ਮਲੇਸ਼ੀਆ ਅਤੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ। ਇਸ ਤੋਂ ਇਲਾਵਾ ਜਾਪਾਨ ਨੂੰ 2-1 ਅਤੇ ਚੀਨ ਨੂੰ 5-1 ਨਾਲ ਹਰਾਇਆ ਸੀ। ਮੌਜੂਦਾ ਲੈਅ ਦੀ ਗੱਲ ਕਰੀਏ ਤਾਂ ਭਾਰਤ ਦਾ ਹੱਥ ਉਪਰ ਹੈ। ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਚੇਨੱਈ ’ਚ ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਪਾਕਿਸਤਾਨ ’ਤੇ 4-0 ਨਾਲ ਜਿੱਤ ਦਰਜ ਕੀਤੀ ਸੀ।
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕ ਤੋਂ ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਹੈ ਅਤੇ ਪਾਕਿਸਤਾਨ ਖ਼ਿਲਾਫ਼ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਹਰਮਨਪ੍ਰੀਤ ਨੇ ਕਿਹਾ, ‘ਮੈਂ ਆਪਣੇ ਜੂਨੀਅਰ ਦਿਨਾਂ ਤੋਂ ਪਾਕਿਸਤਾਨ ਦੇ ਕੁਝ ਖਿਡਾਰੀਆਂ ਖ਼ਿਲਾਫ਼ ਖੇਡ ਰਿਹਾ ਹਾਂ। ਮੇਰਾ ਉਨ੍ਹਾਂ ਨਾਲ ਚੰਗਾ ਰਿਸ਼ਤਾ ਹੈ। ਉਹ ਮੇਰੇ ਭਰਾ ਵਾਂਗ ਹਨ ਹਾਲਾਂਕਿ ਮੈਦਾਨ ’ਤੇ ਕਿਸੇ ਵੀ ਵਿਰੋਧੀ ਖ਼ਿਲਾਫ਼ ਭਾਵਨਾਵਾਂ ’ਤੇ ਕਾਬੂ ਰੱਖਣਾ ਪੈਂਦਾ ਹੈ।’ -ਪੀਟੀਆਈ