ਹਾਕੀ: ਭਾਰਤ ਤੇ ਜਰਮਨੀ ਵਿਚਾਲੇ ਮੁਕਾਬਲਾ ਅੱਜ
ਨਵੀਂ ਦਿੱਲੀ, 22 ਅਕਤੂਬਰ
ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਭਲਕੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਦੋ ਮੈਚਾਂ ਦੀ ਲੜੀ ਦੇ ਪਹਿਲੇ ਹਾਕੀ ਮੁਕਾਬਲੇ ਵਿੱਚ ਭਾਰਤੀ ਟੀਮ ਵਿਸ਼ਵ ਚੈਂਪੀਅਨ ਜਰਮਨੀ ਤੋਂ ਓਲੰਪਿਕ ਸੈਮੀਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਦਿੱਲੀ ਵਿੱਚ 2013 ਤੋਂ ਬਾਅਦ ਪਹਿਲਾ ਕੌਮਾਂਤਰੀ ਹਾਕੀ ਮੈਚ ਖੇਡਿਆ ਜਾ ਰਿਹਾ ਹੈ। ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਤਗ਼ਮਾ ਜਿੱਤਣ ਮਗਰੋਂ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਪੈਰਿਸ ’ਚ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਸੈਮੀਫਾਈਨਲ ’ਚ ਜਰਮਨੀ ਹੱਥੋਂ 2-3 ਨਾਲ ਹਾਰ ਗਈ ਸੀ। ਹਰਮਨਪ੍ਰੀਤ ਨੇ ਇਸ ਦੋ ਮੈਚਾਂ ਦੀ ਲੜੀ ਦੇ ਐਲਾਨ ਤੋਂ ਬਾਅਦ ਕਿਹਾ ਸੀ, ‘ਇਹ ਲੜੀ ਦੋ ਟੀਮਾਂ ਵਿਚਾਲੇ ਮੁਕਾਬਲਾ ਹੀ ਨਹੀਂ ਸਗੋਂ ਦਿੱਲੀ ਵਿੱਚ ਹਾਕੀ ਦੀ ਵਾਪਸੀ ਵੀ ਹੈ। ਉਮੀਦ ਹੈ ਕਿ ਇਸ ਨਾਲ ਵੱਧ ਤੋਂ ਵੱਧ ਨੌਜਵਾਨ ਹਾਕੀ ਖੇਡਣ ਲਈ ਪ੍ਰੇਰਿਤ ਹੋਣਗੇ।’ -ਪੀਟੀਆਈ
ਜੋਹੋਰ ਕੱਪ: ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ
ਬਾਹਰੂ (ਮਲੇਸ਼ੀਆ):
ਤਿੰਨ ਵਾਰ ਦੇ ਚੈਂਪੀਅਨ ਭਾਰਤ ਨੇ ਅੱਜ ਇੱਥੇ ਸੁਲਤਾਨ ਜੋਹੋਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 4-2 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤ ਨੌਂ ਅੰਕਾਂ ਨਾਲ ਸਿਖਰ ’ਤੇ ਕਾਇਮ ਹੈ, ਜਦਕਿ ਨਿਊਜ਼ੀਲੈਂਡ ਪੰਜ ਅੰਕਾਂ ਨਾਲ ਦੂਜੇ ਸਥਾਨ ਅਤੇ ਆਸਟਰੇਲੀਆ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਭਾਰਤ ਲਈ ਸ਼ਾਰਦਾ ਨੰਦ ਤਿਵਾੜੀ (11ਵੇਂ), ਅਰਸ਼ਦੀਪ ਸਿੰਘ (13ਵੇਂ), ਤਾਲੇਮ ਪ੍ਰਿਆਵਰਤ (39ਵੇਂ) ਅਤੇ ਰੋਹਿਤ (40ਵੇਂ) ਨੇ ਜਦਕਿ ਮਲੇਸ਼ੀਆ ਲਈ ਮੁਹੰਮਦ ਦਾਨਿਸ਼ ਆਇਮਾਨ (8ਵੇਂ) ਅਤੇ ਹੈਰਿਸ ਉਸਮਾਨ (9ਵੇਂ) ਨੇ ਗੋਲ ਕੀਤੇ। -ਪੀਟੀਆਈ