ਹਾਕੀ: ਲੁਧਿਆਣਾ, ਭੁਬਨੇਸ਼ਵਰ ਤੇ ਜਮਸ਼ੇਦਪੁਰ ਕੁਆਰਟਰ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 20 ਨਵੰਬਰ
ਪੀਆਈਐੱਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ, ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਅੱਜ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ-19 ਲੜਕੇ) ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਲਕੇ ਪਹਿਲੇ ਮੈਚ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਅਤੇ ਐੱਨਸੀਓਈ ਸੋਨੀਪਤ ਜਦਕਿ ਦੂਜੇ ਮੈਚ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਅਤੇ ਨਾਮਧਾਰੀ ਇਲੈਵਨ ਆਹਮੋ-ਸਾਹਮਣੇ ਹੋਣਗੇ। ਪਹਿਲੇ ਮੈਚ ਵਿੱਚ ਪੀਆਈਐੱਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੇ ਆਰਮੀ ਬੁਆਏਜ਼ ਕੰਪਨੀ ਬੰਗਲੂਰੂ ਨੂੰ 4-2 ਨਾਲ ਹਰਾਇਆ। ਲੁਧਿਆਣਾ ਦੇ ਰਾਜਵੀਰ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਦੂਜੇ ਮੈਚ ਵਿੱਚ ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨੇ ਸਖ਼ਤ ਮੁਕਾਬਲੇ ਵਿੱਚ ਐੱਨਸੀਈਓ ਸੋਨੀਪਤ ਨੂੰ 4-3 ਨਾਲ ਹਰਾਇਆ। ਇਸ ਦੌਰਾਨ ਉੜੀਸਾ ਦੇ ਦੀਪਕ ਪ੍ਰਧਾਨ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਤੀਜੇ ਮੈਚ ਵਿੱਚ ਸਪੋਰਟਸ ਹਾਸਟਲ ਲਖਨਊ ਨੇ ਨਾਮਧਾਰੀ ਇਲੈਵਨ ਨੂੰ 3-1 ਅਤੇ ਚੌਥੇ ਮੈਚ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਪੀਆਈਐੱਸ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਹਰਾਇਆ। ਜਮਸ਼ੇਦਪੁਰ ਦੇ ਉਜਵਲ ਪਾਂਡੇ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ, ਡਾਕਟਰ ਸ਼ਿਲਪੀ ਜੇਤਲੀ ਅਤੇ ਸੁਖਵਿੰਦਰ ਸਿੰਘ ਏਡੀਸੀਪੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।