ਹਾਕੀ: ਕਾਂਸੇ ਦੇ ਤਗ਼ਮੇ ਲਈ ਭਾਰਤ ਦਾ ਸਪੇਨ ਨਾਲ ਮੁਕਾਬਲਾ ਅੱਜ
ਪੈਰਿਸ, 7 ਅਗਸਤ
ਜਰਮਨੀ ਹੱਥੋਂ ਸੈਮੀ ਫਾਈਨਲ ਵਿੱਚ ਮਿਲੀ ਹਾਰ ਦਾ ਗਮ ਭੁਲਾ ਕੇ ਭਾਰਤੀ ਹਾਕੀ ਟੀਮ ਇੱਕ ਆਖ਼ਰੀ ਵਾਰ ਪੈਰਿਸ ਓਲੰਪਿਕ ਵਿੱਚ ਵੀਰਵਾਰ ਨੂੰ ਸਪੇਨ ਖ਼ਿਲਾਫ਼ ਤੀਜੇ ਸਥਾਨ ਦੇ ਪਲੇਅ-ਆਫ ਮੁਕਾਬਲੇ ’ਚ ਉੱਤਰੇਗੀ ਤਾਂ ਟੀਚਾ ਪੀਆਰ ਸ੍ਰੀਜੇਸ਼ ਅਤੇ ਦੇਸ਼ ਲਈ ਕਾਂਸੇ ਦੇ ਤਗ਼ਮੇ ਨਾਲ ਵਾਪਸੀ ਹੋਵੇਗਾ।
ਸੋਨ ਤਗ਼ਮਾ ਜਿੱਤਣ ਦਾ ਸੁਫਨਾ ਟੁੱਟ ਮਗਰੋਂ ਹੁਣ ਆਖਰੀ ਮੈਚ ਭਾਰਤ ਨੇ ਉਸ ਟੀਮ ਨਾਲ ਖੇਡਣਾ ਹੈ, ਜਿਸ ਨੂੰ 4-3 ਨਾਲ ਹਰਾ ਕੇ ਮਾਸਕੋ ਓਲੰਪਿਕ 1980 ਵਿੱਚ ਅੱਠਵਾਂ ਅਤੇ ਆਖਰੀ ਸੋਨ ਤਗ਼ਮਾ ਜਿੱਤਿਆ ਸੀ। ਪੂਰੇ ਟੂਰਨਾਮੈਂਟ ਵਿੱਚ ਇੱਕ ਚੈਂਪੀਅਨ ਵਾਂਗ ਖੇਡਣ ਵਾਲੀ ਭਾਰਤੀ ਟੀਮ ਦਾ 44 ਸਾਲ ਮਗਰੋਂ ਓਲੰਪਿਕ ਸੋਨ ਤਗ਼ਮਾ ਜਿੱਤਣ ਦਾ ਸੁਫਨਾ ਇੱਕ ਫਸਵੇਂ ਮੁਕਾਬਲੇ ਵਿੱਚ ਮੰਗਲਵਾਰ ਨੂੰ ਜਰਮਨੀ ਤੋਂ 2-3 ਨਾਲ ਮਿਲੀ ਹਾਰ ਨਾਲ ਟੁੱਟ ਗਿਆ। ਇਸ ਦੇ ਡੇਢ ਦਿਨ ਬਾਅਦ ਹੀ ਹੁਣ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਸਪੇਨ ਨਾਲ ਕਾਂਸੇ ਦੇ ਤਗ਼ਮੇ ਲਈ ਪਲੇਅ-ਆਫ ਖੇਡਣਾ ਹੈ ਅਤੇ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਟੋਕੀਓ ਵਿੱਚ ਜਿੱਤੇ ਕਾਂਸੇ ਨੂੰ ਬਰਕਰਾਰ ਰੱਖਿਆ ਜਾਵੇ। ਬਰਤਾਨੀਆ ਖ਼ਿਲਾਫ਼ ਮੈਚ ਦੌਰਾਨ ਰੈੱਡ ਕਾਰਡ ਮਿਲਣ ’ਤੇ ਇੱਕ ਮੈਚ ਦੀ ਮੁਅੱਤਲੀ ਮਗਰੋਂ ਅਮਿਤ ਰੋਹੀਦਾਸ ਇਸ ਮੈਚ ਦੌਰਾਨ ਟੀਮ ’ਚ ਵਾਪਸੀ ਕਰੇਗਾ। ਰੋਹੀਦਾਸ ਦੀ ਵਾਪਸੀ ਨਾਲ ਭਾਰਤੀ ਡਿਫੈਂਸ ਮਜ਼ਬੂਤ ਹੋਵੇਗਾ। ਆਪਣਾ ਆਖ਼ਰੀ ਟੂਰਨਾਮੈਂਟ ਖੇਡ ਰਿਹਾ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਪੂਰੇ ਟੂਰਨਾਮੈਂਟ ਦੌਰਾਨ ਕੰਧ ਬਣ ਕੇ ਭਾਰਤੀ ਗੋਲ ਦੀ ਰੱਖਿਆ ਕਰਦਾ ਰਿਹਾ। ਤਗ਼ਮੇ ਦਾ ਰੰਗ ਬਦਲਣ ਦਾ ਸੁਫਨਾ ਟੁੱਟਣ ਦੇ ਬਾਵਜੂਦ ਉਸ ਨੇ ਕਿਹਾ ਕਿ ਹੁਣ ਉਸ ਕੋਲ ਆਖ਼ਰੀ ਮੌਕਾ ਹੈ ਅਤੇ ਤਗ਼ਮਾ ਹੁਣ ਵੀ ਜਿੱਤਿਆ ਜਾ ਸਕਦਾ ਹੈ। ਓਲੰਪਿਕ ਵਿੱਚ ਅਭਿਸ਼ੇਕ, ਸੰਜੈ, ਜਰਮਨਪ੍ਰੀਤ ਸਿੰਘ ਅਤੇ ਰਾਜਕੁਮਾਰ ਪਾਲ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਤਗ਼ਮੇ ਨਾਲ ਵਾਪਸੀ ਕਰਨਾ ਚਾਹੁਣਗੇ।
ਸਪੇਨ ਦੀ ਟੀਮ ਸੈਮੀ ਫਾਈਨਲ ਵਿੱਚ ਇੱਕਤਰਫ਼ਾ ਮੁਕਾਬਲੇ ਵਿੱਚ 4-0 ਨਾਲ ਹਾਰੀ ਹੈ। ਸਪੇਨ ਖ਼ਿਲਾਫ਼ ਓਲੰਪਿਕ ਵਿੱਚ ਭਾਰਤ ਨੇ ਦਸ ਵਿੱਚੋਂ ਸੱਤ ਮੈਚ ਜਿੱਤੇ ਹਨ, ਇੱਕ ਹਾਰਿਆ ਅਤੇ ਦੋ ਡਰਾਅ ਖੇਡੇ ਹਨ। ਪਿਛਲੇ ਪੰਜ ਮੈਚਾਂ ਵਿੱਚੋਂ ਚਾਰ ਵਿੱਚ ਭਾਰਤ ਨੂੰ ਜਿੱਤ ਮਿਲੀ ਹੈ, ਜਿਸ ਵਿੱਚ ਫਰਵਰੀ ’ਚ ਪ੍ਰੋ ਲੀਗ ਦੇ ਦੋ ਮੁਕਾਬਲੇ ਸ਼ਾਮਲ ਹਨ। -ਪੀਟੀਆਈ